ਨਵੇਂ ਗ੍ਰਹਿ ਯੁੱਧ ਵਲ ਵੱਧ ਸਕਦੈ ਅਫ਼ਗ਼ਾਨਿਸਤਾਨ
ਅਫ਼ਗ਼ਾਨਿਸਤਾਨ 'ਚ ਹਿੰਸਾ ਖ਼ਤਮ ਕਰਨ ਦੀਆਂ ਕਈ ਕੋਸ਼ਿਸ਼ਾਂ ਦੇ ਬਾਵਜੂਦ ਹੁਣ ਤਕ ਸ਼ਾਂਤੀ ਸਥਾਪਤ ਨਹੀਂ ਹੋ ਸਕੀ ਹੈ
ਇਸਲਾਮਾਬਾਦ : ਪਾਕਿਸਤਾਨ ਦੇ ਅੰਦਰੂਨੀ ਅੰਦਾਜ਼ੇ ਵਿਚ ਇਹ ਸਾਹਮਣੇ ਆਇਆ ਹੈ ਕਿ ਅਫ਼ਗ਼ਾਨਿਸਤਾਨ ਮੁੜ ਤੋਂ ਗ੍ਰਹਿ ਯੁੱਧ ਵਲ ਵੱਧ ਸਕਦਾ ਹੈ ਜਿਥੇ ਅਮਰੀਕਾ ਤੇ ਤਾਲਿਬਾਨ ਹੁਣ ਤਕ ਕਿਸੇ ਸ਼ਾਂਤੀ ਸਮਝੌਤੇ 'ਤੇ ਪੁੱਜਣ ਵਿਚ ਅਸਫ਼ਲ ਰਹੇ ਹਨ। ਮੀਡੀਆ ਵਿਚ ਆਈ ਇਕ ਖ਼ਬਰ ਵਿਚ ਇਹ ਦਸਿਆ ਗਿਆ ਹੈ ਕਿ ਯੁੱਧ ਤੋਂ ਪ੍ਰਭਾਵਤ ਇਸ ਦੇਸ਼ ਵਿਚ ਹਿੰਸਾ ਨੂੰ ਖ਼ਤਮ ਕਰਨ ਦੀਆਂ ਕਈ ਕੋਸ਼ਿਸ਼ਾਂ ਦੇ ਬਾਵਜੂਦ ਹੁਣ ਤਕ ਸ਼ਾਂਤੀ ਸਥਾਪਤ ਨਹੀਂ ਹੋ ਸਕੀ ਹੈ।
'ਐਕਸਪ੍ਰੈਸ ਟ੍ਰਿਬਿਊਨ' ਦੀ ਖ਼ਬਰ ਮੁਤਾਬਕ ਅਮਰੀਕਾ ਨੇ 18 ਸਾਲ ਦੇ ਲੰਮੇਂ ਸੰਘਰਸ਼ ਦਾ ਸਿਆਸੀ ਹੱਲ ਲੱਭਣ ਲਈ ਜਾਰੀ ਕੋਸ਼ਿਸ਼ਾਂ ਤਹਿਤ ਪਿਛਲੇ ਹਫ਼ਤੇ ਦੋਹਾ ਵਿਚ ਅਫ਼ਗ਼ਾਨ ਤੇ ਤਾਲਿਬਾਨ ਨਾਲ ਸ਼ਾਂਤੀ ਗੱਲਬਾਤ ਬਹਾਲ ਕੀਤੀ ਸੀ। ਰਾਸ਼ਟਰਪਰੀ ਅਸ਼ਰਫ਼ ਗਨੀ ਵਲੋਂ ਸੱਦੀ ਗਈ ਅਫ਼ਗ਼ਾਨ ਕੌਂਸਲ ਜਿਸ ਵਿਚ ਲੋਇਆ ਜਿਰਗਾ ਦੇ ਤੌਰ 'ਤੇ ਜਾਣਿਆ ਜਾਂਦਾ ਹੈ, ਸ਼ੁਕਰਵਾਰ ਨੂੰ ਖ਼ਤਮ ਹੋਈ। ਇਸ ਵਿਚ ਆਮ ਸਹਿਮਤੀ ਨਾਲ ਤਾਲਿਬਾਨ ਨਾਲ ਸ਼ਾਂਤੀ ਬਹਾਲ ਕਰਨ ਦਾ ਸੱਦਾ ਦਿਤਾ ਗਿਆ। ਗਨੀ ਨੇ ਤਾਲਿਬਾਨ ਨੂੰ ਯੁੱਧਬੰਦੀ ਦੀ ਪੇਸ਼ਕਸ਼ ਕੀਤੀ ਅਤੇ ਰਮਜ਼ਾਨ ਦੇ ਪਵਿੱਤਰ ਮਹੀਨੇ ਤੋਂ ਪਹਿਲਾਂ 175 ਤਾਲਿਬਾਨੀ ਕੈਦੀਆਂ ਦੀ ਰਿਹਾਈ ਦਾ ਵਾਅਦਾ ਕੀਤਾ।
ਇਨ੍ਹਾਂ ਕੋਸ਼ਿਸ਼ਾਂ ਨਾਲ ਸ਼ਾਂਤੀ ਸਮਝੌਤੇ ਦੀ ਉਮੀਦਾਂ ਭਾਵੇਂ ਜ਼ਿੰਦਾ ਹੋ ਗਈਆਂ ਹੋਣ ਪਰ ਪਾਕਿਸਤਾਨ ਦਾ ਅੰਦਾਜ਼ਾ ਨਿਰਾਸ਼ਾ ਵਾਲੀ ਤਸਵੀਰ ਪੇਸ਼ ਕਰਦਾ ਹੈ। ਅਫ਼ਗ਼ਾਨ ਮਾਮਲਿਆਂ ਨੂੰ ਵੇਖਣ ਵਾਲੀ ਟੀਮ ਦਾ ਹਿੱਸਾ ਇਕ ਸੀਨੀਅਰ ਪਾਕਸਿਤਾਨੀ ਅਧਿਕਾਰੀ ਨੇ ਕਿਹਾ ਕਿ ਜ਼ਮੀਨੀ ਹਕੀਕਤ ਇਹ ਵਿਖਾਉਂਦੀ ਹੈ ਕਿ ਇਸ ਗੱਲ ਦੀ ਸੰਭਾਵਨਾ ਕਾਫ਼ੀ ਘੱਟ ਹੈ ਕਿ ਤਾਲਿਬਾਨ ਅਤੇ ਅਮਰੀਕਾ ਵਿਚਾਲੇ ਜਾਰੀ ਗੱਲਬਾਤ ਕਿਸੇ ਸ਼ਾਂਤੀ ਸਮਝੌਤੇ ਤਕ ਪੁੱਜੇਗੀ।