ਨੇਪਾਲ ਦੇ ਪ੍ਰਧਾਨ ਮੰਤਰੀ ਦਾ ਸਿਆਸੀ ਭਵਿੱਖ ਤੈਅ ਕਰਨ ਵਾਲੀ ਸਥਾਈ ਕਮੇਟੀ ਦੀ ਬੈਠਕ ਫਿਰ ਟਲੀ

ਏਜੰਸੀ

ਖ਼ਬਰਾਂ, ਕੌਮਾਂਤਰੀ

ਭਾਰਤ ਵਿਰੋਧੀ ਓਲੀ ਦੇ ਬਿਆਨ 'ਤੇ ਪੈ ਰਿਹੈ ਰੌਲਾ

PM Nepal

ਕਾਠਮਾਂਡੂ : ਅਸਤੀਫ਼ਾ ਦੇਣ ਲਈ ਅਪਣੀ ਹੀ ਪਾਰਟੀ ਦੇ ਆਗੂਆਂ ਦੇ ਦਬਾਅ ਦਾ ਸਾਹਮਣਾ ਕਰ ਰਹੇ ਨੇਪਾਲੀ ਪ੍ਰਧਾਨ ਮੰਤਰੀ ਕੇ.ਪੀ. ਸ਼ਰਮਾਂ ਦਾ ਭਵਿਖ ਤੈਅ ਕਰਨ ਲਈ ਸੱਤਾਧਾਰੀ ਕਮਿਊਨਿਸਟ ਪਾਰਟੀ (ਐਨ.ਸੀ.ਪੀ.) ਦੀ ਸਥਾਈ ਕੇਮਟੀ ਦੀ ਮਹੱਤਵਪੂਰਨ ਬੈਠਕ ਬੁਧਵਾਰ ਤਕ ਮੁਅੱਤਲ ਕਰ ਦਿਤੀ ਗਈ ਹੈ। ਭਾਰਤ ਵਿਰੋਧੀ ਬਿਆਨ ਬਾਰੇ ਸ਼ੁਰੂ ਹੋਏ ਪਾਰਟੀ ਦੇ ਅੰਦਰੂਨੀ ਵਿਵਾਦ ਵਿਚਾਲੇ ਚੀਨੀ ਡਿਪਲੋਮੇਟ ਵਲੋਂ ਪਾਰਟੀ ਦੇ ਇਕ ਸਿਖਰਲੇ ਆਗੂ ਨਾਲ ਮੁਲਾਕਾਤ ਕਰਨ ਦੇ ਇਕ ਦਿਨ ਬਾਅਦ ਇਹ ਫ਼ੈਸਲਾ ਲਿਆ ਗਿਆ ਹੈ।

ਚੀਨ ਦੇ ਡਿਪਲੋਮੇਟ ਹੋਊ ਯਾਨਿਕੀ ਨੇ ਐਤਵਾਰ ਨੂੰ ਐਨ.ਸੀ.ਪੀ. ਦੇ ਸੀਨੀਅਰ ਆਗੂ ਅਤੇ ਸਾਬਕਾ ਪ੍ਰਧਾਨ ਮੰਤਰੀ ਮਾਧਵ ਕੁਮਾਰ ਨੇਪਾਲ ਨਾਲ ਮੁਲਾਕਾਤ ਕੀਤੀ। ਐਨ.ਸੀ.ਪੀ. ਦੇ ਇਕ ਸੀਨੀਅਰ ਆਗੂ ਨੇ ਦਸਿਆ ਕਿ ਰਾਜਦੂਤ ਨੇ ਮਾਧਵ ਨੇਪਾਲ ਨਾਲ ਉਨ੍ਹਾਂ ਦੇ ਘਰ ਵਿਚ ਮੁਲਾਕਾਤ ਕੀਤੀ ਅਤੇ ਦੋਹਾਂ ਨੇ ਮੌਜੂਦਾ ਸਥਿਤੀ 'ਤੇ ਚਰਚਾ ਕੀਤੀ।

ਪ੍ਰਧਾਨ ਮੰਤਰੀ ਦੇ ਮੀਡੀਆ ਸਲਾਹਕਾਰ ਸੂਰਯ ਥਾਪਾ ਨੇ ਦਸਿਆ ਕਿ ਬੈਠਕ ਬੁਧਵਾਰ ਤਕ ਲਈ ਟਾਲ ਦਿਤੀ ਗਈ ਹੈ। ਇਸ ਬੈਠਕ ਦੇ ਮੁਲਤਵੀ ਹੋਣ ਦੇ ਕਾਰਨ ਬਾਰੇ ਹਾਲੇ ਪਤਾ ਨਹੀਂ ਲੱਗ ਸਕਿਆ। ਪਹਿਲਾਂ ਵੀ ਦੋ ਵਾਰ ਮੁਲਤਵੀ ਹੋ ਚੁੱਕੀ ਸਥਾਈ ਕਮੇਟੀ ਦੀ ਬੈਠਕ ਵਿਚ 68 ਸਾਲ ਦੇ ਪ੍ਰਧਾਨ ਮੰਤਰੀ ਦੇ ਸਿਆਸੀ ਭਵਿਖ ਬਾਰੇ ਫ਼ੈਸਲਾ ਹੋਣ ਦੀ ਉਮੀਦ ਸੀ। ਸਨਿਚਰਵਾਰ ਨੂੰ ਵੀ 45 ਮੈਂਬਰਾਂ ਵਾਲੀ ਸਥਾਈ ਕਮੇਟੀ ਦੀ ਅਹਿਮ ਬੈਠਕ ਨੂੰ ਸੋਮਵਾਰ ਤਕ ਲਈ ਟਾਲ ਦਿਤਾ ਗਿਆ ਸੀ ਤਾਂਕਿ ਓਲੀ ਦੇ ਕੰਮ ਕਰਨ ਦੇ ਤੌਰ ਤਰੀਕਿਆਂ ਅਤੇ ਭਾਰਤ ਵਿਰੋਧੀ ਬਿਆਨਾਂ ਬਾਰੇ ਮਤਭੇਦਾਂ ਨੂੰ ਦੂਰ ਕਰਨ ਲਈ ਸਿਖਰਲੇ ਆਗੂਆਂ ਨੂੰ ਹੋਰ ਸਮਾਂ ਮਿਲ ਸਕੇ।

ਸਾਬਕਾ ਪ੍ਰਧਾਨ ਮੰਤਰੀ ਪੁਸ਼ਪ ਕਮਲ ਦਹਲ 'ਪ੍ਰਚੰਡ' ਸਹਿਤ ਐਨ.ਸੀ.ਪੀ. ਦੇ ਸਿਖਰਲੇ ਆਗੂਆਂ ਨੇ ਪ੍ਰਧਾਨ ਮੰਤਰੀ ਓਲੀ ਦੇ ਅਸਤੀਫ਼ੇ ਦੀ ਮੰਗ ਕਰਦੇ ਹੋਏ   ਕਿਹਾ ਸੀ ਕਿ ਉਨ੍ਹਾਂ ਦਾ ਹਾਲ ਹੀ ਵਿਚ ਦਿਤਾ ਭਾਰਤ ਵਿਰੋਧੀ ਬਿਆਨ,''ਨਾ ਤਾਂ ਸਿਆਸੀ ਰੂਪ ਨਾਲ ਸਹੀ ਹੈ ਅਤੇ ਨਾ ਹੀ ਕੂਟਨੀਤਕ ਰੂਪ ਨਾਲ ਯੋਗ ਹੈ।''

ਇਸ ਵਿਚਾਲੇ ਪ੍ਰਧਾਨ ਮੰਤਰੀ ਓਲੀ ਨੇ ਸਾਬਕਾ ਪ੍ਰਧਾਨ ਮੰਤਰੀ ਅਤੇ ਵਿਰੋਧੀ ਧਿਰ ਨੇਪਾਲ ਕਾਂਗਰਸ ਦੇ ਪ੍ਰਧਾਨ ਸ਼ੇਰ ਬਹਾਦਰ ਦੇਊਬਾ ਨਾਲ ਮੁਲਾਕਾਤ ਕੀਤੀ ਸੀ ਪਰ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਇਸ ਮੁਲਾਕਾਤ ਦੌਰਾਨ ਕੀ ਚਰਚਾ ਹੋਈ। ਹਾਲਾਂਕਿ ਅਜਿਹੇ ਕਿਆਸ ਹਨ ਕਿ ਓਲੀ ਸੱਤਾਧਾਰੀ ਦਲ ਵਿਚ ਵੰਡ ਦੀ ਸਥਿਤੀ ਵਿਚ ਅਪਣੀ ਸਰਕਾਰ ਬਚਾਉਣ ਲਈ ਦੇਊਬਾ ਤੋਂ ਸਮਰਥਨ ਮੰਗ ਸਕਦੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ ।