ਵ੍ਹਾਈਟ ਹਾਊਸ ਪਰਤੇ ਕੋਰੋਨਾ ਦਾ ਇਲਾਜ ਕਰਵਾ ਰਹੇ ਟਰੰਪ, ਤੁਰੰਤ ਉਤਾਰਿਆ ਮਾਸਕ

ਏਜੰਸੀ

ਖ਼ਬਰਾਂ, ਕੌਮਾਂਤਰੀ

ਆਰਮੀ ਹਸਪਤਾਲ ਵਿਚ ਇਲਾਜ ਕਰਵਾ ਰਹੇ ਸਨ ਡੋਨਾਲਡ ਟਰੰਪ

Donald Trump returns to White House after 4-day stay at hospital

ਵਾਸ਼ਿੰਗਟਨ: ਕੋਰੋਨਾ ਵਾਇਰਸ ਦਾ ਇਲਾਜ ਕਰਵਾ ਰਹੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਹਸਪਤਾਲ ਤੋਂ ਵਾਪਸ ਵ੍ਹਾਈਟ ਹਾਊਸ ਪਰਤ ਚੁੱਕੇ ਹਨ। ਵ੍ਹਾਈਟ ਹਾਊਸ ਪਹੁੰਚਦੇ ਹੀ ਡੋਨਾਲਡ ਟਰੰਪ ਨੇ ਅਪਣਾ ਮਾਸਕ ਉਤਾਰ ਦਿੱਤਾ। ਮਾਸਕ ਉਤਾਰ ਕੇ ਟਰੰਪ ਨੇ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਉਹ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ ਜਦਕਿ ਉਹਨਾਂ ਦੇ ਇਲਾਜ ਵਿਚ ਜੁਟੇ ਡਾਕਟਰਾਂ ਨੇ ਉਹਨਾਂ ਦੇ ਪੂਰੀ ਤਰ੍ਹਾਂ ਠੀਕ ਨਾ ਹੋਣ ਦੀ ਗੱਲ ਕਹੀ ਹੈ।

ਡਾਕਟਰਾਂ ਦਾ ਕਹਿਣਾ ਹੈ ਕਿ ਉਹਨਾਂ ਲਈ ਵ੍ਹਾਈਟ ਹਾਊਸ ਵਿਚ ਵੀ ਮੈਡੀਕਲ ਸੇਵਾ ਜਾਰੀ ਰਹੇਗੀ। ਦੱਸ ਦਈਏ ਕਿ ਟਰੰਪ ਦੀ ਸਥਿਤੀ ਵਿਚ ਸੁਧਾਰ ਹੋਇਆ ਹੈ, ਹਾਲਾਂਕਿ ਉਹ ਅਜੇ ਪੂਰੀ ਤਰ੍ਹਾਂ ਠੀਕ ਨਹੀਂ ਹੋਏਹਨ। ਪ੍ਰੈਸ ਨੂੰ ਇਹ ਜਾਣਕਾਰੀ ਟਰੰਪ ਦੇ ਡਾਕਟਰ ਕੌਨਲੀ ਨੇ ਦਿੱਤੀ। ਇਕ ਦਿਨ ਪਹਿਲਾਂ ਹੀ ਟਰੰਪ ਕੁਝ ਸਮੇਂ ਲਈ ਕਾਰ ਤੋਂ ਬਾਹਰ ਨਿਕਲੇ ਸਨ ਅਤੇ ਉਹਨਾਂ ਨੇ ਸਮਰਥਕਾਂ ਦਾ ਸਵਾਗਤ ਕੀਤਾ ਸੀ।

ਵ੍ਹਾਈਟ ਹਾਊਸ ਦੇ ਅਧਿਕਾਰੀਆਂ ਨੇ ਕਿਹਾ ਸੀ ਕਿ ਟਰੰਪ ਵਾਲਟਰ ਰੀਡ ਨੈਸ਼ਨਲ ਮਿਲਟਰੀ ਮੈਡੀਕਲ ਸੈਂਟਰ ਵਿਖੇ ਤਿੰਨ ਰਾਤ ਬਿਤਾਉਣ ਤੋਂ ਬਾਅਦ ਛੁੱਟੀ ਲੈਣਾ ਚਾਹੁੰਦੇ ਸਨ। ਡਾਕਟਰਾਂ ਨੇ ਸੋਮਵਾਰ ਨੂੰ ਕਿਹਾ ਕਿ ਹਾਲ ਹੀ ਦੇ ਦਿਨਾਂ ਵਿਚ ਉਹਨਾਂ ਆਕਸੀਜਨ ਪੱਧਰ ਅਚਾਨਕ ਦੋ ਵਾਰ ਡਿੱਗ ਗਿਆ ਅਤੇ ਉਹਨਾਂ ਨੂੰ ਅਜਿਹਾ ਐਸਟ੍ਰੋਡ ਦਿੱਤਾ ਗਿਆ, ਜੋ ਬਹੁਤ ਹੀ ਬਿਮਾਰ ਵਿਅਕਤੀ ਨੂੰ ਦਿੱਤਾ ਜਾਂਦਾ ਹੈ। 

ਡਾਕਟਰਾਂ ਦਾ ਕਹਿਣਾ ਹੈ ਕਿ ਟਰੰਪ ਦਾ ਬਾਕੀ ਇਲਾਜ ਵ੍ਹਾਈਟ ਹਾਊਸ ਵਿਚ ਕੀਤਾ ਜਾਵੇਗਾ। ਇਹ ਵੀ ਕਿਹਾ ਜਾ ਰਿਹਾ ਹੈ ਕਿ ਟਰੰਪ ਦੀ ਸਿਹਤ ਵਿਚ ਸੁਧਾਰ ਜਾਰੀ ਹੈ ਅਤੇ ਉਹ ਕੰਮਕਾਜ 'ਤੇ ਵਾਪਸ ਆਉਣ ਲਈ ਤਿਆਰ ਹਨ। ਦੱਸ ਦਈਏ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਹਨਾਂ ਦੀ ਪਤਨੀ ਮੇਲਾਨੀਆ ਟਰੰਪ ਨੂੰ ਕੋਰੋਨਾ ਪੀੜਤ ਪਾਏ ਜਾਣ ਤੋਂ ਬਾਅਦ ਆਰਮੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ।