ਪਾਕਿਸਤਾਨ ਦੇ ਸਾਬਕਾ ਤਾਨਾਸ਼ਾਹ ਫ਼ੌਜੀ ਸ਼ਾਸਕ ਪਰਵੇਜ਼ ਮੁਸ਼ੱਰਫ ਸਪੁਰਦ-ਏ-ਖ਼ਾਕ 

ਏਜੰਸੀ

ਖ਼ਬਰਾਂ, ਕੌਮਾਂਤਰੀ

ਨਮਾਜ਼-ਏ-ਜਨਾਜ਼ਾ 'ਚ ਨਾ ਤਾਂ ਰਾਸ਼ਟਰਪਤੀ ਆਰਿਫ਼ ਅਲਵੀ ਸ਼ਾਮਲ ਹੋਏ, ਅਤੇ ਨਾ ਹੀ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ

Image

 

ਕਰਾਚੀ - ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਅਤੇ 1999 ਦੇ ਕਾਰਗਿਲ ਯੁੱਧ ਦੇ ਮੁੱਖ ਸੂਤਰਧਾਰ ਜਨਰਲ (ਸੇਵਾਮੁਕਤ) ਪਰਵੇਜ਼ ਮੁਸ਼ੱਰਫ਼ ਨੂੰ ਅੱਜ ਉਨ੍ਹਾਂ ਦੇ ਪਰਿਵਾਰ, ਰਿਸ਼ਤੇਦਾਰਾਂ ਅਤੇ ਕਈ ਸੇਵਾਮੁਕਤ ਅਤੇ ਮੌਜੂਦਾ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਪੂਰੇ ਫ਼ੌਜੀ ਸਨਮਾਨਾਂ ਨਾਲ ਇੱਥੋਂ ਦੇ 'ਓਲਡ ਆਰਮੀ ਗ੍ਰੇਵਯਾਰਡ' ਵਿੱਚ ਸਪੁਰਦ-ਏ-ਖ਼ਾਕ ਕਰ ਦਿੱਤਾ ਗਿਆ।

ਜਨਰਲ (ਸੇਵਾਮੁਕਤ) ਮੁਸ਼ੱਰਫ਼ ਦੇ ਜਨਾਜ਼ੇ ਦੀ ਨਮਾਜ਼ ਮਲੀਰ ਛਾਉਣੀ ਦੇ ਗੁਲਮੋਹਰ ਪੋਲੋ ਗਰਾਊਂਡ ਵਿੱਚ ਦੁਪਹਿਰ 1.45 ਵਜੇ ਅਦਾ ਕੀਤੀ ਗਈ। ਹਾਲਾਂਕਿ, ਇਸ 'ਚ ਨਾ ਤਾਂ ਰਾਸ਼ਟਰਪਤੀ ਆਰਿਫ਼ ਅਲਵੀ ਸ਼ਾਮਲ ਹੋਏ, ਅਤੇ ਨਾ ਹੀ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਸ਼ਮੂਲੀਅਤ ਕੀਤੀ। 

1999 ਦੀ ਕਾਰਗਿਲ ਜੰਗ ਦੇ ਮਾਸਟਰਮਾਈਂਡ ਅਤੇ ਪਾਕਿਸਤਾਨ ਦੇ ਆਖਰੀ ਫ਼ੌਜੀ ਸ਼ਾਸਕ ਜਨਰਲ ਮੁਸ਼ੱਰਫ ਪਿਛਲੇ ਕਈ ਸਾਲਾਂ ਤੋਂ ਬਿਮਾਰ ਸਨ ਅਤੇ ਐਤਵਾਰ ਨੂੰ ਦੁਬਈ ਦੇ ਇੱਕ ਹਸਪਤਾਲ ਵਿੱਚ ਉਨ੍ਹਾਂ ਦੀ ਮੌਤ ਹੋ ਗਈ। ਉਹ 79 ਸਾਲ ਦੇ ਸਨ। ਪਾਕਿਸਤਾਨ 'ਚ ਆਪਣੇ 'ਤੇ ਲੱਗੇ ਦੋਸ਼ਾਂ ਤੋਂ ਬਚਣ ਲਈ ਉਹ 2016 ਤੋਂ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) 'ਚ ਸਵੈ-ਜਲਾਵਤ ਵਿਚ ਰਹਿ ਰਹੇ ਸੀ। ਉਹ ਦੁਬਈ ਵਿੱਚ ਐਮੀਲੋਇਡੋਸਿਸ ਦਾ ਇਲਾਜ ਕਰਵਾ ਰਹੇ ਸੀ।

ਮੁਸ਼ੱਰਫ ਦੇ ਤਾਬੂਤ ਨੂੰ ਪਾਕਿਸਤਾਨ ਦੇ ਹਰੇ ਅਤੇ ਚਿੱਟੇ ਝੰਡੇ ਵਿੱਚ ਲਪੇਟਿਆ ਗਿਆ ਸੀ, ਹਾਲਾਂਕਿ ਇਹ ਸਮਾਰੋਹ ਸਰਕਾਰੀ ਸਨਮਾਨਾਂ ਨਾਲ ਨਹੀਂ ਆਯੋਜਿਤ ਕੀਤਾ ਗਿਆ।

ਮੁਸ਼ੱਰਫ ਦੀ ਮ੍ਰਿਤਕ ਦੇਹ ਨੂੰ ਸੋਮਵਾਰ ਨੂੰ ਦੁਬਈ ਤੋਂ ਵਿਸ਼ੇਸ਼ ਜਹਾਜ਼ ਰਾਹੀਂ ਇੱਥੇ ਲਿਆਂਦਾ ਗਿਆ।

ਜਨਰਲ (ਸੇਵਾਮੁਕਤ) ਮੁਸ਼ੱਰਫ਼ ਦੀ ਪਤਨੀ ਸੇਹਬਾ, ਪੁੱਤਰ ਬਿਲਾਲ, ਧੀ ਅਤੇ ਹੋਰ ਨਜ਼ਦੀਕੀ ਰਿਸ਼ਤੇਦਾਰ ਮਾਲਟਾ ਏਵੀਏਸ਼ਨ ਦੀ ਵਿਸ਼ੇਸ਼ ਉਡਾਣ ਰਾਹੀਂ ਉਨ੍ਹਾਂ ਦੀ ਮ੍ਰਿਤਕ ਦੇਹ ਦੇ ਨਾਲ ਪਹੁੰਚੇ।

ਅਧਿਕਾਰੀਆਂ ਨੇ ਦੱਸਿਆ ਕਿ ਵਿਸ਼ੇਸ਼ ਜਹਾਜ਼ ਸਖ਼ਤ ਸੁਰੱਖਿਆ ਵਿਚਕਾਰ ਜਿਨਾਹ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਪੁਰਾਣੇ ਟਰਮੀਨਲ ਖੇਤਰ 'ਤੇ ਉੱਤਰਿਆ, ਅਤੇ ਸਾਬਕਾ ਰਾਸ਼ਟਰਪਤੀ ਦੀ ਮ੍ਰਿਤਕ ਦੇਹ ਨੂੰ ਮਲੀਰ ਛਾਉਣੀ ਖੇਤਰ ਲਿਜਾਇਆ ਗਿਆ।

ਮੁਸ਼ੱਰਫ ਦੀ ਮਾਂ ਨੂੰ ਦੁਬਈ ਵਿੱਚ ਦਫ਼ਨਾਇਆ ਗਿਆ ਸੀ, ਜਦੋਂ ਕਿ ਪਿਤਾ ਦਾ ਸਸਕਾਰ ਕਰਾਚੀ ਵਿੱਚ ਕੀਤਾ ਗਿਆ ਸੀ।

ਪਾਕਿਸਤਾਨ ਦੇ ਉੱਚ ਸਦਨ ਸੈਨੇਟ ਵਿੱਚ ਸੋਮਵਾਰ ਨੂੰ ਸਾਬਕਾ ਫ਼ੌਜੀ ਸ਼ਾਸਕ ਦੀ ਨਮਾਜ਼-ਏ-ਜਨਾਜ਼ਾ ਨੂੰ ਲੈ ਕੇ ਸਿਆਸੀ ਆਗੂਆਂ ਵਿਚਾਲੇ ਤਿੱਖੇ ਮਤਭੇਦ ਸਾਹਮਣੇ ਆਏ। ਪਾਕਿਸਤਾਨੀ ਸੰਸਦ ਦੇਸ਼ ਦੇ ਕਿਸੇ ਉੱਘੇ ਸਿਆਸਤਦਾਨ ਜਾਂ ਸ਼ਖਸੀਅਤ ਦੀ ਮੌਤ 'ਤੇ ਵਿਛੜੀ ਆਤਮਾ ਲਈ ਫ਼ਾਤਿਹਾ ਪੜ੍ਹਨ ਦੀ ਪਰੰਪਰਾ ਦੀ ਪਾਲਣਾ ਕਰਦੀ ਹੈ।

ਜਦੋਂ ਮੁਸ਼ੱਰਫ ਲਈ ਫ਼ਾਤਿਹਾ ਦਾ ਮੁੱਦਾ ਚੁੱਕਿਆ ਗਿਆ, ਤਾਂ ਸੰਸਦ ਦੇ ਉੱਪਰਲੇ ਸਦਨ ਸੈਨੇਟ ਦੇ ਮੈਂਬਰਾਂ ਨੇ ਇੱਕ ਦੂਜੇ 'ਤੇ ਤਾਨਾਸ਼ਾਹੀ ਸ਼ਾਸਨ ਅਤੇ ਸੰਵਿਧਾਨ ਦੀ ਉਲੰਘਣਾ ਕਰਨ ਵਾਲੇ ਦਾ ਸਮਰਥਨ ਕਰਨ ਨੂੰ ਲੈ ਕੇ ਦੋਸ਼ ਲਗਾਏ।

ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਸੈਨੇਟਰ ਸ਼ਹਿਜ਼ਾਦ ਵਸੀਮ ਨੇ ਫ਼ਾਤਿਹਾ ਦਾ ਪ੍ਰਸਤਾਵ ਰੱਖਿਆ, ਜਿਸ ਦਾ ਹੋਰ ਮੈਂਬਰਾਂ ਨੇ ਸਮਰਥਨ ਕੀਤਾ।

ਜਦੋਂ ਸੱਜੇ ਪੱਖੀ ਜਮਾਤ-ਏ-ਇਸਲਾਮੀ ਦੇ ਸੈਨੇਟਰ ਮੁਸ਼ਤਾਕ ਅਹਿਮਦ ਤੁਰਕੀ ਵਿੱਚ ਭੂਚਾਲ ਵਿੱਚ ਮਾਰੇ ਗਏ ਲੋਕਾਂ ਦੀਆਂ ਰੂਹਾਂ ਲਈ ਫ਼ਾਤਿਹਾ ਕਰਨ ਵਾਲੇ ਸੀ, ਤਾਂ ਉਨ੍ਹਾਂ ਨੂੰ ਮੁਸ਼ੱਰਫ ਲਈ ਵੀ ਅਜਿਹਾ ਕਰਨ ਲਈ ਕਿਹਾ ਗਿਆ। ਹਾਲਾਂਕਿ, ਉਨ੍ਹਾਂ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਉਹ ਅਜਿਹਾ ਸਿਰਫ਼ ਭੁਚਾਲ ਪੀੜਤਾਂ ਲਈ ਹੀ ਕਰਨਗੇ। ਇਸ ਨਾਲ ਵੱਖ-ਵੱਖ ਸੈਨੇਟਰਾਂ ਵਿਚਕਾਰ ਸ਼ਬਦੀ ਜੰਗ ਸ਼ੁਰੂ ਹੋ ਗਈ ਅਤੇ ਉਨ੍ਹਾਂ ਵਿਚੋਂ ਕੁਝ ਨੇ ਸੈਨੇਟਰ ਮੁਸ਼ਤਾਕ ਨੂੰ ਯਾਦ ਦਿਵਾਇਆ ਕਿ ਉਨ੍ਹਾਂ ਦੀ ਪਾਰਟੀ ਨੇ ਇੱਕ ਵਾਰ ਮੁਸ਼ੱਰਫ ਦਾ ਸਮਰਥਨ ਕੀਤਾ ਸੀ।

ਬਾਅਦ ਵਿੱਚ, ਸੈਨੇਟਰ ਵਸੀਮ ਦੀ ਅਗਵਾਈ ਵਿੱਚ ਪੀ.ਟੀ.ਆਈ. ਦੇ ਸੰਸਦ ਮੈਂਬਰਾਂ ਨੇ ਰਵਾਇਤੀ ਫ਼ਾਤਿਹਾ ਪੜ੍ਹੀ, ਜਦ ਕਿ ਸੱਤਾਧਾਰੀ ਪਾਰਟੀ ਦੇ ਸੈਨੇਟਰ ਨੇ ਉਨ੍ਹਾਂ ਨਾਲ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ। ਵਸੀਮ ਨੂੰ ਮੁਸ਼ੱਰਫ਼ ਨੇ ਸਿਆਸਤ ਵਿੱਚ ਮੌਕਾ ਦਿੱਤਾ ਸੀ।

ਮੁਸ਼ੱਰਫ ਨੇ ਸੇਵਾਮੁਕਤੀ ਤੋਂ ਬਾਅਦ ਆਲ ਪਾਕਿਸਤਾਨ ਮੁਸਲਿਮ ਲੀਗ ਦਾ ਗਠਨ ਕੀਤਾ ਸੀ।

ਕਾਰਗਿਲ 'ਚ ਮਿਲੀ ਨਾਕਾਮੀ ਤੋਂ ਬਾਅਦ ਮੁਸ਼ੱਰਫ ਨੇ 1999 'ਚ ਤਤਕਾਲੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦਾ ਤਖ਼ਤਾ ਪਲਟ ਕਰ ਦਿੱਤਾ ਸੀ, ਅਤੇ ਉਹ 2001 ਤੋਂ 2008 ਤੱਕ ਪਾਕਿਸਤਾਨ ਦੇ ਰਾਸ਼ਟਰਪਤੀ ਰਹੇ।

ਮੁਸ਼ੱਰਫ ਦਾ ਜਨਮ 1943 ਵਿੱਚ ਦਿੱਲੀ ਵਿੱਚ ਹੋਇਆ ਸੀ ਅਤੇ ਉਨ੍ਹਾਂ ਦਾ ਪਰਿਵਾਰ 1947 ਵਿੱਚ ਪਾਕਿਸਤਾਨ ਚਲਾ ਗਿਆ ਸੀ। ਉਹ ਪਾਕਿਸਤਾਨ 'ਤੇ ਰਾਜ ਕਰਨ ਵਾਲੇ ਆਖਰੀ ਫ਼ੌਜੀ ਤਾਨਾਸ਼ਾਹ ਸੀ।