ਵੈਨਕੂਵਰ 'ਚ ਖ਼ਾਲਸਾ ਸਾਜਨਾ ਦਿਵਸ 'ਤੇ ਸਜਾਇਆ ਗਿਆ ਨਗਰ ਕੀਰਤਨ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਕੈਨੇਡਾ ਦੇ ਪ੍ਰਧਾਨ ਮੰਤਰੀ ਸਮੇਤ ਕਈ ਸ਼ਖ਼ਸੀਅਤਾਂ ਨੇ ਕੀਤੀ ਸ਼ਮੂਲੀਅਤ

Pic-1

ਵੈਨਕੂਵਰ : ਖ਼ਾਲਸੇ ਦੇ ਸਾਜਨਾ ਦਿਵਸ ਨੂੰ ਸਮਰਪਿਤ ਅੱਜ ਕੈਨੇਡਾ ਦੇ ਮਹਾਂਨਗਰ ਵੈਨਕੂਵਰ ਸਥਿਤ ਗੁ. ਖ਼ਾਲਸਾ ਦੀਵਾਨ ਸੁਸਾਇਟੀ ਤੋਂ ਇਕ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਇਸ ਮੌਕੇ ਸੱਭ ਤੋਂ ਪਹਿਲਾਂ ਅੱਜ ਸਵੇਰੇ ਮੁੱਖ ਗੰ੍ਰਥੀ ਹਰਮਿੰਦਰਪਾਲ ਸਿੰਘ ਵਲੋਂ ਅਰਦਾਸ ਕਰਨ ਉਪਰੰਤ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ ਦੇ ਜੋਸ਼ੀਲੇ ਜੈਕਾਰਿਆਂ ਦੀ ਗੂੰਜ ਵਿਚ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਛਤਾ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਇਹ ਨਗਰ ਕੀਰਤਨ ਉਕਤ ਗੁਰੂ ਘਰ ਤੋਂ ਆਰੰਭ ਹੋਇਆ। ਜੋ ਰੈਸਟ ਸਟਰੀਟ, ਮਰੀਨ ਡਰਾਈਵ, ਮੇਨ ਸਟਰੀਟ, ਫਰੇਜ਼ਰ ਸਟਰੀਟ ਅਤੇ 57 ਐਵੀਨਿਊ ਰਾਹੀਂ ਹੁੰਦਾ ਹੋਇਆ ਵਾਪਸ ਗੁਰੂ ਘਰ ਵਿਚ ਸਮਾਪਤ ਹੋਇਆ।

ਅੱਜ ਮੀਂਹ ਕਾਰਨ ਖ਼ਰਾਬ ਹੋਏ ਮੌਸਮ ਦੇ ਬਾਵਜੂਦ ਵੀ ਵੱਡੀ ਗਿਣਤੀ ਵਿਚ ਸੰਗਤਾਂ ਦੇ ਇਸ ਨਗਰ ਕੀਰਤਨ ਵਿਚ ਸ਼ਾਮਲ ਠਾਠਾਂ ਮਾਰਦੇ ਸਮੁੰਦਰ ਨਾਲ ਖ਼ਾਲਸਾਈ ਮਾਹੌਲ ਵਿਚ ਸਿਰਜਿਆ ਨਜ਼ਰੀਂ ਆਇਆ, ਉਥੇ ਹੀ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਸ ਟਰੂਡੋ, ਰਖਿਆ ਮੰਤਰੀ ਹਰਜੀਤ ਸਿੰਘ ਸੱਜਣ, ਸਾਂਸਦ ਸੁੱਖ ਧਾਲੀਵਾਲ, ਸਾਂਸਦ ਰਣਦੀਪ ਸਰਾਏ ਆਦਿ ਵੀ ਸ਼ਾਮਲ ਹੋਏ। ਸੰਗਤ ਦੀ ਸਹੂਲਤ ਲਈ ਸਥਾਨਕ ਸੇਵਾਦਾਰਾਂ ਅਤੇ ਕੁੱਝ ਕਾਰੋਬਾਰੀ ਅਦਾਰਿਆਂ ਦੇ ਪਰਵਾਰਾਂ ਵਲੋਂ ਵੱਖ ਵੱਖ ਪਕਵਾਨਾਂ ਦੇ ਲੰਗਰਾਂ ਦਾ ਵੱਡੀ ਪੱਧਰ 'ਤੇ ਪ੍ਰਬੰਧ ਕੀਤਾ ਗਿਆ।

ਉਕਤ ਗੁਰੂ ਘਰ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਮਲਕੀਤ ਸਿੰਘ ਧਾਮੀ ਅਨੁਸਾਰ ਮੀਂਹ ਦੇ ਬਾਵਜੂਦ ਵੀ ਅੱਜ ਦੇ ਨਗਰ ਕੀਰਤਨ ਵਿਚ ਸ਼ਾਮਲ ਸੰਗਤਾਂ ਦੀ ਗਿਣਤੀ ਇਕ ਲੱਖ ਦੇ ਕਰੀਬ ਹੋਣੀ ਕਿਆਸੀ ਗਈ ਹੈ। 

ਖ਼ਾਲਸਾ ਸਾਜਨਾ ਦਿਵਸ ਮੌਕੇ ਉਚੇਚੇ ਤੌਰ 'ਤੇ ਵੈਨਕੂਵਰ ਪੁੱਜੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅਪਣੀ ਸੰਖੇਪ ਤਕਰੀਰ ਦੌਰਾਨ ਜਿਥੇ ਕਿ ਅੱਜ ਦੇ ਸ਼ੁਭ ਦਿਹਾੜੇ 'ਤੇ ਸਮੁੱਚੇ ਸਿੱਖ ਜਗਤ ਨੂੰ ਵਧਾਈ ਦਿਤੀ ਉਥੇ ਹੀ ਕੈਨੇਡਾ ਦੀ ਤਰੱਕੀ ਅਤੇ ਵਿਕਾਸ ਵਿਚ ਪੰਜਾਬੀਆਂ ਵਲੋਂ ਪਾਏ ਯੋਗਦਾਨ ਦੀ ਸ਼ਲਾਘਾ ਕਰਨ ਦੇ ਨਾਲ-ਨਾਲ ਅਪ੍ਰੈਲ ਮਹੀਨੇ ਨੂੰ ਸਿੱਖ ਵਿਰਾਸਤੀ ਮਹੀਨੇ ਵਜੋਂ ਮਨਾਉਣ ਦੀ ਮਾਨਤਾ ਮਿਲਣ ਦੀ ਖ਼ੁਸ਼ਖ਼ਬਰੀ ਵੀ ਸਾਂਝੀ ਕੀਤੀ।  ਟਰੂਡੋ ਵਲੋਂ ਉਨ੍ਹਾਂ ਦੀ ਸਰਕਾਰ ਵਲੋਂ ਅਫ਼ਗਾਨੀ ਸਿੱਖ ਸ਼ਰਨਾਰਥੀਆਂ ਨੂੰ ਕੈਨੇਡੀਅਨ ਇਮੀਗਰੇਸ਼ਨ ਦੇਣ ਦੇ ਫ਼ੈਸਲੇ ਦਾ ਵੀ ਜ਼ਿਕਰ ਕੀਤਾ ਗਿਆ।

ਅੱਜ ਦੇ ਨਗਰ ਕੀਰਤਨ ਵਿਚ ਸ਼ਾਮਲ ਸੰਗਤਾਂ ਦੀ ਸਹੂਲਤ ਲਈ ਭਾਵੇਂ ਕਿ ਵੱਡੀ ਗਿਣਤੀ ਵਿਚ ਕਾਰਾਂ, ਟਰੱਕ, ਜੀਪਾਂ ਅਤੇ ਹੋਰ ਵਾਹਨ ਮੌਜੂਦ ਸਨ ਪ੍ਰੰਤੂ ਇਸ ਨਗਰ ਕੀਰਤਨ ਵਿਚ ਕੁੱਝ ਪੰਜਾਬੀ ਪਰਵਾਰਾਂ ਵਲੋਂ ਅਪਣੀ ਸ਼ੌਕ ਪੂਰਤੀ ਲਈ ਪੰਜਾਬ ਤੋਂ ਮੰਗਵਾਏ ਗਏ ਟਰੈਕਟਰ ਟਰਾਲੀਆਂ ਵਿਚ ਸਵਾਰ ਸੰਗਤਾਂ ਦੀ ਭੀੜ ਦਾ ਦ੍ਰਿਸ਼ ਸੱਚਮੁੱਚ ਪੰਜਾਬ ਦੀ ਵਿਰਾਸਤੀ ਰੌਣਕ ਦਾ ਅਹਿਸਾਸ ਕਰਵਾ ਰਿਹਾ ਸੀ ਜਿਨ੍ਹਾਂ ਨੂੰ ਸੜਕਾਂ 'ਤੇ ਚਲਦਿਆਂ ਵੇਖ ਕੇ ਗ਼ੈਰ ਪੰਜਾਬੀ ਲੋਕਾਂ ਦਾ ਹੈਰਾਨ ਹੋਣਾ ਸੁਭਾਵਕ ਸੀ।