ਵਧਦੇ ਤਣਾਅ ਵਿਚਾਲੇ ਕਰਤਾਰਪੁਰ ਲਾਂਘਾ ਕੀਤਾ ਬੰਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਸੁਰੱਖਿਆ ਲਈ ਇਹ ਫ਼ੈਸਲਾ ਲਿਆ ਗਿਆ ਹੈ : ਅਧਿਕਾਰੀ

Kartarpur Corridor closed amid rising tensions

ਦਸ ਦਈਏ 22 ਅਪ੍ਰੈਲ 2025 ਨੂੰ ਪਹਿਲਗਾਮ ਵਿਚ ਅੱਤਵਾਦੀਆਂ ਨੇ ਬੇਕਸੂਰ ਲੋਕਾਂ ’ਤੇ ਹਮਲਾ ਕਰ ਦਿਤਾ ਸੀ। ਜਿਸ ਤੋਂ ਬਾਅਦ ਹੁਣ ਭਾਰਤ ਵਲੋਂ ਪਾਕਿਸਤਾਨ ਨਾਲ ਵਧਦੇ ਤਣਾਅ ਵਿਚਾਲੇ ਜੰਗ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸੇ ਦੌਰਾਨ ਕਰਤਾਰਪੁਰ ਲਾਂਘੇ ਨੂੰ ਬੰਦ ਕਰਨ ਨੂੰ ਲੈ ਕੇ ਜਾਣਕਾਰੀ ਮਿਲੀ ਹੈ। ਮਿਲੀ ਜਾਣਕਾਰੀ ਮੁਤਾਬਕ ਕਰਤਾਰਪੁਰ ਸਾਹਿਬ ਪਾਕਿਸਤਾਨ ਜਾਣ ਵਾਲੇ 60 ਦੇ ਕਰੀਬ ਸ਼ਰਧਾਲੂਆਂ ਨੂੰ ਭਾਰਤ ਵਾਲੇ ਪਾਸੇ ਚੈਕ ਪੋਸਟ ਤੋਂ ਹੀ ਵਾਪਸ ਭੇਜ ਦਿਤਾ ਗਿਆ।

ਕੇਂਦਰੀ ਗ੍ਰਹਿ ਮੰਤਰਾਲੇ ਦੀ ਇੰਮੀਗ੍ਰੇਸ਼ਨ ਬਿਊਰੋ ਨੇ ਅਗਲੇ ਹੁਕਮਾਂ ਤਕ ਕਰਤਾਰਪੁਰ ਲਾਂਘਾ ਬੰਦ ਕਰ ਦਿਤਾ ਹੈ। ਇੰਟੈਗਰੇਟਿਡ ਚੈਕ ਪੋਸਟ ’ਤੇ ਇਕੱਤਰ ਹੋਏ ਸ਼ਰਧਾਲੂਆਂ ਨੂੰ ਅੱਜ ਸਵੇਰੇ ਡੇਢ ਘੰਟੇ ਦੀ ਉਡੀਕ ਮਗਰੋਂ ਵਾਪਸ ਉਨ੍ਹਾਂ ਦੇ ਘਰਾਂ ਨੂੰ ਭੇਜ ਦਿਤਾ ਗਿਆ। ਜ਼ਿਕਰਯੋਗ ਹੈ ਕਿ ਅੱਜ 491 ਲੋਕਾਂ ਨੂੰ ਪਾਕਿਸਤਾਨ ਜਾਣ ਦੀ ਮਨਜ਼ੂਰੀ ਮਿਲੀ ਸੀ। ਇਕ ਸ਼ਰਧਾਲੂ ਤਰਸੇਮ ਸਿੰਘ ਨੇ ਕਿਹਾ ਕਿ ਸਾਨੂੰ ਡੇਢ ਘੰਟੇ ਤਕ ਉਡੀਕ ਕਰਨ ਲਈ ਮਜਬੂਰ ਕੀਤਾ ਗਿਆ।

ਇਸ ਮਗਰੋਂ ਇੰਮੀਗ੍ਰੇਸ਼ਨ ਅਧਿਕਾਰੀ ਨੇ ਦਸਿਆ ਕਿ ਸਾਨੂੰ ਪਾਕਿਸਤਾਨ ਸਥਿਤ ਗੁਰਦੁਆਰੇ ਵਿਚ ਜਾਣ ਦੀ ਇਜਾਜ਼ਤ ਨਹੀਂ ਹੈ। ਇੰਮੀਗ੍ਰੇਸ਼ਨ ਅਧਿਕਾਰੀਆਂ ਨੇ ਇਹ ਵੀ ਕਿਹਾ ਕਿ ਅਗਲੇ ਹੁਕਮਾਂ ਤਕ ਲਾਂਘਾ ਬੰਦ ਕਰ ਦਿਤਾ ਗਿਆ ਹੈ। ਇਕ ਹੋਰ ਸ਼ਰਧਾਲੂ ਸਤਨਾਮ ਕੌਰ ਨੇ ਕਿਹਾ ਕਿ ਜਦੋਂ ਵੀ ਲਾਂਘਾ ਮੁੜ ਖੁੱਲ੍ਹੇਗਾ ਤਾਂ ਸਾਨੂੰ ਫਿਰ ਤੋਂ ਆਨਲਾਈਨ ਅਰਜ਼ੀ ਦੇਣੀ ਪਵੇਗੀ। ਭਾਰਤੀ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਦੀ ਸੁਰੱਖਿਆ ਲਈ ਹੀ ਇਹ ਫ਼ੈਸਲਾ ਲਿਆ ਹੈ ਕਿ ਅੱਜ ਸੰਗਤ ਪਾਕਿਸਤਾਨ ਦਰਸ਼ਨਾਂ ਲਈ ਨਹੀਂ ਜਾਣਗੇ।