ਪਾਕਿਸਤਾਨ 'ਚ ਘੱਟ ਗਿਣਤੀਆਂ ਦੀ ਦੁਰਦਸ਼ਾ, ਕੰਮ ਦੇ ਪੈਸੇ ਮੰਗਣ 'ਤੇ ਹਿੰਦੂ ਔਰਤ ਹੋਈ ਸਮੂਹਿਕ ਜਬਰ-ਜ਼ਿਨਾਹ ਦੀ ਸ਼ਿਕਾਰ
ਉਕਤ ਹਿੰਦੂ ਔਰਤ ਆਪਣੀ ਮਜ਼ਦੂਰੀ ਮੰਗਣ ਦੇ ਲਈ ਮੁਹੰਮਦ ਅਕਰਮ ਦੇ ਘਰ ਦੁਬਾਰਾ ਗਈ, ਤਾਂ ਅਕਰਮ ਉਸ ਨਾਲ ਗਾਲੀ-ਗਲੋਚ ਕਰਨ ਲੱਗਿਆ
ਗੁਰਦਾਸਪੁਰ - ਪਾਕਿਸਤਾਨੀ ਪੰਜਾਬ ਦੇ ਬਹਾਵਲਪੁਰ ਸ਼ਹਿਰ ’ਚ ਇੱਕ ਹਿੰਦੂ ਔਰਤ ਨੂੰ ਅਗਵਾ ਕਰਕੇ ਉਸ ਨਾਲ ਸਮੂਹਿਕ ਜਬਰ-ਜ਼ਿਨਾਹ ਕੀਤਾ ਗਿਆ, ਸਿਰਫ਼ ਇਸ ਗੱਲ ਬਦਲੇ ਕਿ ਜਿਸ ਘਰ ’ਚ ਉਹ ਨੌਕਰੀ ਕਰਦੀ ਸੀ, ਉਸ ਨੇ ਉੱਥੋਂ ਆਪਣੇ ਕੰਮ ਦੇ ਪੈਸੇ ਮੰਗੇ। ਪਤਾ ਲੱਗਿਆ ਹੈ ਕਿ ਉਕਤ ਹਿੰਦੀ ਔਰਤ ਬਹਾਵਲਪੁਰ ਵਾਸੀ ਮੁਹੰਮਦ ਅਕਰਮ ਕੋਲ ਕੰਮ ਕਰਦੀ ਸੀ, ਪਰ ਮੁਹੰਮਦ ਅਕਰਮ ਲਗਭਗ 6 ਮਹੀਨੇ ਤੋਂ ਉਸ ਨੂੰ ਉਸ ਦੀ ਬਣਦੀ ਮਜ਼ਦੂਰੀ ਦੇਣ ’ਚ ਟਾਲ-ਮਟੋਲ ਕਰ ਰਿਹਾ ਸੀ, ਅਤੇ ਇਸ ਕਰਕੇ ਹਿੰਦੂ ਔਰਤ ਨੇ ਉਸ ਦੀ ਨੌਕਰੀ ਛੱਡ ਦਿੱਤੀ।
ਉਕਤ ਹਿੰਦੂ ਔਰਤ ਆਪਣੀ ਮਜ਼ਦੂਰੀ ਮੰਗਣ ਦੇ ਲਈ ਮੁਹੰਮਦ ਅਕਰਮ ਦੇ ਘਰ ਦੁਬਾਰਾ ਗਈ, ਤਾਂ ਅਕਰਮ ਉਸ ਨਾਲ ਗਾਲੀ-ਗਲੋਚ ਕਰਨ ਲੱਗਿਆ, ਜਿਸ ’ਤੇ ਹਿੰਦੂ ਔਰਤ ਨੇ ਵੀ ਮੁਹੰਮਦ ਅਕਰਮ ਨੂੰ ਕੁਝ ਸ਼ਬਦ ਕਹੇ। ਜਦੋਂ ਔਰਤ ਘਰ ਵਾਪਸ ਪਹੁੰਚੀ ਤਾਂ ਦੋਸ਼ੀ ਮੁਹੰਮਦ ਅਕਰਮ ਆਪਣੇ ਕੁਝ ਸਾਥੀਆਂ ਦੇ ਨਾਲ ਉਸ ਦੇ ਘਰ ਪਹੁੰਚ ਗਿਆ ਅਤੇ ਉਸ ਨੂੰ ਬੰਦੂਕ ਦੀ ਨੋਕ ’ਤੇ ਜ਼ਬਰਦਸਤੀ ਅਗਵਾ ਕਰਕੇ ਲੈ ਗਿਆ।
ਮੁਹੰਮਦ ਅਕਰਮ ਦੀ ਕੈਦ ਤੋਂ ਰਿਹਾਅ ਹੋਣ ਦੇ ਬਾਅਦ ਰੇਖਾ ਨੇ ਪੁਲਿਸ ਨੂੰ ਦੱਸਿਆ ਕਿ ਮੁਹੰਮਦ ਅਕਰਮ ਅਤੇ ਉਸ ਦੇ ਸਾਥੀ ਉਸ ਨੂੰ ਇਕ ਸੁੰਨਸਾਨ ਘਰ ਵਿਚ ਲੈ ਗਏ। ਉੱਥੇ ਪਹਿਲਾਂ ਉਨ੍ਹਾਂ ਸਾਰਿਆਂ ਨੇ ਔਰਤ ਨਾਲ ਜਬਰ-ਜ਼ਿਨਾਹ ਕੀਤਾ ਅਤੇ ਫ਼ੇਰ ਉਸ ਨੂੰ ਪੁੱਠਾ ਲਟਕਾ ਕਰਕੇ ਕੁੱਟਮਾਰ ਕੀਤੀ ਤੇ ਉੱਥੇ ਛੱਡ ਕੇ ਚੱਲ ਗਏ। ਔਰਤ ਨੇ ਕਿਹਾ ਕਿ ਮੁਹੰਮਦ ਅਕਰਮ ਨੇ ਜਾਣ ਲੱਗੇ ਇਹ ਧਮਕੀ ਵੀ ਦਿੱਤੀ ਕਿ ਜੇਕਰ ਹਿੰਦੂ ਔਰਤ ਨੇ ਮੁੜ ਪੈਸੇ ਮੰਗੇ ਤਾਂ ਉਸ ਦਾ ਇਸ ਤੋਂ ਵੀ ਬੁਰਾ ਹਾਲ ਕੀਤਾ ਜਾਵੇਗਾ। ਪੁਲਿਸ ਨੇ ਸ਼ਿਕਾਇਤ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।