ਇਰਾਨੀ ਰਾਸ਼ਟਰਪਤੀ ਦੀ ਅਮਰੀਕਾ ਨੂੰ ਚਿਤਾਵਨੀ, ਹੱਥ ਦੇ ਬਦਲੇ ਵੱਡਾਂਗੇ ਪੈਰ!
ਅਮਰੀਕਾ ਨੂੰ ਖਿੱਤੇ 'ਚੋਂ ਬਾਹਰ ਕੱਢ ਸੁਟਣ ਦਾ ਐਲਾਨ
ਨਵੀਂ ਦਿੱਲੀ : ਅਮਰੀਕਾ ਤੇ ਇਰਾਨ ਵਿਚਾਲੇ ਚੱਲ ਰਿਹਾ ਤਣਾਅ ਅਪਣੀ ਚਰਮ-ਸੀਮਾ 'ਤੇ ਪਹੁੰਚ ਗਿਆ ਹੈ। ਅਪਣੇ ਕਮਾਂਡਰ ਦੀ ਮੌਤ ਦਾ ਬਦਲਾ ਲੈਣ ਲਈ ਪਲਟਵਾਰ ਕਰਦਿਆਂ ਇਰਾਨ ਨੇ ਅਮਰੀਕੀ ਟਿਕਾਣਿਆਂ 'ਤੇ ਹਮਲੇ ਕੀਤੇ ਹਨ। ਇਸ ਤੋਂ ਬਾਅਦ ਦੇਸ਼ ਵਾਸੀਆਂ ਨੂੰ ਕੀਤੇ ਸੰਬੋਧਨ 'ਚ ਈਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਨੇ ਕਿਹਾ ਕਿ ਉਹ ਕਮਾਂਡਰ ਕਾਸਿਮ ਸੁਲੇਮਾਨੀ ਦੇ ਵੱਢੇ ਹੋਏ ਹੱਥ ਵਾਲੀ ਲਾਸ਼ ਦਾ ਬਦਲਾ ਖ਼ਿੱਤੇ ਵਿਚੋਂ ਅਮਰੀਕਾ ਨੂੰ ਬਾਹਰ ਕੱਢ ਕੇ ਲੈਣਗੇ।
ਈਰਾਨ ਦੇ ਰਾਸ਼ਟਰਪਤੀ ਨੇ ਕੈਬਨਿਟ ਦੇ ਇਜਲਾਸ ਨੂੰ ਸੰਬੋਧਤ ਕਰਦਿਆਂ ਕਿਹਾ, 'ਉਨ੍ਹਾਂ ਸਾਡੇ ਕਮਾਂਡਰ ਦਾ ਹੱਥ ਵੱਢ ਦਿਤਾ ਸੀ ਜਿਸ ਦਾ ਬਦਲਾ ਲੈਣ ਲਈ ਅਸੀਂ ਮੱਧ ਪੂਰਬ ਖੇਤਰ ਵਿਚ ਅਮਰੀਕਾ ਦੇ ਜੰਮੇ ਹੋਏ ਪੈਰ ਵੱਢ ਦਿਆਂਗੇ ਅਤੇ ਉਸ ਨੂੰ ਇਥੋਂ ਉਖਾੜ ਸੁੱਟਾਂਗੇ।'
ਅਮਰੀਕਾ ਦੇ 140 ਟਿਕਾਣਿਆਂ ਦੀ ਪਛਾਣ : ਸੂਤਰਾਂ ਮੁਤਾਬਕ ਈਰਾਨ ਦੀ ਫ਼ੌਜ ਨੇ ਖ਼ਿੱਤੇ ਵਿਚ ਅਮਰੀਕਾ ਅਤੇ ਉਸ ਦੇ ਭਾਈਵਾਲ ਮੁਲਕਾਂ ਦੇ ਘੱਟੋ ਘੱਟ 140 ਟਿਕਾਣਿਆਂ ਦੀ ਪਛਾਣ ਕੀਤੀ ਹੈ ਅਤੇ ਜੇ ਅਮਰੀਕਾ ਨੇ ਮੁੜ ਕੋਈ ਗ਼ਲਤੀ ਕੀਤੀ ਤਾਂ ਉਥੇ ਵੀ ਹਮਲਾ ਕੀਤਾ ਜਾਵੇਗਾ।
ਸੂਤਰਾਂ ਨੇ ਦਸਿਆ ਕਿ 15 ਮਿਜ਼ਾਈਲਾਂ ਐਨ ਅਲ ਅਸਦ ਅੱਡੇ 'ਤੇ ਡਿਗੀਆਂ ਅਤੇ ਅਮਰੀਕੀ ਫ਼ੌਜ ਦੇ ਰਡਾਰ ਕਿਸੇ ਵੀ ਨੂੰ ਵੀ ਨਹੀਂ ਫੜ ਸਕੇ। ਈਰਾਨ ਦਾ ਕਮਾਂਡਰ ਜਨਰਲ ਮਾਰੇ ਜਾਣ ਮਗਰੋਂ ਇਸ ਦੇਸ਼ ਦੁਆਰਾ ਲਏ ਗਏ ਬਦਲਾ ਲੈਣ ਦੇ ਸੰਕਲਪ ਮਗਰੋਂ ਇਹ ਪਹਿਲੀ ਕਾਰਵਾਈ ਹੈ।
ਈਰਾਨ ਦੇ ਹਮਲੇ ਮਗਰੋਂ ਸ਼ੇਅਰ ਬਾਜ਼ਾਰ ਡਿੱਗੇ : ਈਰਾਨ ਦੁਆਰਾ ਇਰਾਕ ਵਿਚਲੇ ਅਮਰੀਕੀ ਟਿਕਾਣਿਆਂ 'ਤੇ ਮਿਜ਼ਾਈਲ ਹਮਲੇ ਮਗਰੋਂ ਦੁਨੀਆਂ ਭਰ ਵਿਚ ਸ਼ੇਅਰ ਬਾਜ਼ਾਰਾਂ ਵਿਚ ਗਿਰਾਵਟ ਆ ਗਈ। ਇਨ੍ਹਾਂ ਘਟਨਾਕ੍ਰਮਾਂ ਨਾਲ ਘਰੇਲੂ ਬਾਜ਼ਾਰ ਵੀ ਇਕ ਸਮੇਂ ਕਾਫ਼ੀ ਟੁੱਟ ਗਏ ਸਨ ਪਰ ਬਾਅਦ ਵਿਚ ਕੁੱਝ ਸੁਧਾਰਾਂ ਨਾਲ ਇਹ ਮਾਮੂਲੀ ਨੁਕਸਾਨ 'ਤੇ ਬੰਦ ਹੋ ਗਏ।
ਬੰਬਈ ਸ਼ੇਅਰ ਬਾਜ਼ਾਰ ਦਾ 30 ਸ਼ੇਅਰਾਂ ਵਾਲਾ ਸੈਂਸੈਕਸ ਦਿਨ ਵਿਚ ਕਾਰੋਬਾਰ ਦੌਰਾਨ ਇਕ ਸਮੇਂ ਕਰੀਬ 400 ਅੰਕਾਂ ਤਕ ਹੇਠਾਂ ਆ ਗਿਆ ਸੀ। ਬਾਅਦ ਵਿਚ ਨੁਕਸਾਨ ਦੀ ਭਰਪਾਈ ਹੋਈ ਅਤੇ ਅੰਤ ਵਿਚ ਸੈਂਸੈਕਸ 51.73 ਅੰਕ ਜਾਂ 0.13 ਫ਼ੀ ਸਦੀ ਦੇ ਨੁਕਸਾਨ ਨਾਲ 40,817.74 ਅੰਕਾਂ 'ਤੇ ਬੰਦ ਹੋ ਗਿਆ।