ਕੋਰੋਨਾਵਾਇਰਸ ਦੇ ਖ਼ਾਤਮੇ ਲਈ ਪਹਿਲ-ਕਦਮੀ ਸ਼ੁਰੂ, ਠੀਕ ਹੋਏ ਮਰੀਜ਼ਾਂ ਦਾ ਖ਼ੂਨ ਹੀ ਬਣੇਗਾ ਇਸ ਅੱਗੇ ਢਾਲ!

ਏਜੰਸੀ

ਖ਼ਬਰਾਂ, ਕੌਮਾਂਤਰੀ

ਵਿਗਿਆਨੀਆਂ ਵਲੋਂ ਠੀਕ ਹੋਏ ਮਰੀਜ਼ਾਂ ਦੇ ਖ਼ੂਨ ਤੋਂ ਦਵਾਈ ਬਣਾਉਣ ਦਾ ਦਾਅਵਾ

file photo

ਟੋਕੀਓ : ਜਿਉਂ ਜਿਉਂ ਕੋਰੋਨਾਵਾਇਰਸ ਦਾ ਪ੍ਰਕੋਪ ਦੁਨੀਆਂ ਭਰ ਦੇ ਦੇਸ਼ਾਂ ਅੰਦਰ ਵਧਦਾ ਜਾ ਰਿਹਾ ਹੈ, ਇਸ ਦੀ ਰੋਕਥਾਮ ਲਈ ਕੋਸ਼ਿਸ਼ਾਂ ਵੀ ਤੇਜ਼ ਹੁੰਦੀਆਂ ਜਾ ਰਹੀਆਂ ਹਨ। ਦੁਨੀਆਂ ਭਰ ਦੇ ਵਿਗਿਆਨੀ ਇਸ ਦਾ ਰਸਤਾ ਰੋਕਣ ਲਈ ਦਿਨ-ਰਾਤ ਮਿਹਨਤ ਕਰ ਰਹੇ ਹਨ। ਹੁਣ ਵਿਗਿਆਨੀਆਂ ਨੂੰ ਇਸ ਦੀ ਰੋਕਥਾਮ ਦੇ ਕੁੱਝ ਰਸਤੇ ਵਿਖਾਈ ਦੇਣ ਲੱਗੇ ਹਨ।

ਵਿਗਿਆਨੀਆਂ ਵਲੋਂ ਇਕੱਤਰ ਕੀਤੇ ਅੰਕੜਿਆਂ ਮੁਤਾਬਕ ਕੋਰੋਨਾਵਾਇਰਸ ਤੋਂ ਪੀੜਤ ਹੋਣ ਬਾਅਦ ਜ਼ਿਆਦਾਤਰ ਮਰੀਜ਼ ਠੀਕ ਹੋ ਜਾਂਦੇ ਹਨ। ਅਜਿਹੇ ਮਰੀਜ਼ਾਂ ਦਾ ਸਰੀਰ ਕੁਦਰਤੀ ਤੌਰ 'ਤੇ ਵਾਇਰਸ ਨਾਲ ਇਨਫੈਕਟਡ ਹੋਣ ਤੋਂ ਬਾਅਦ ਇਮਿਊਨ ਸਿਸਟਮ ਡਿਵੈਲਪ ਕਰ ਲੈਂਦਾ ਹੈ। ਇਸੇ ਦਾ ਲਾਹਾ ਲੈਂਦਿਆਂ ਵਿਗਿਆਨੀ  ਹੁਣ ਕੋਰੋਨਾਵਾਇਰਸ ਤੋਂ ਠੀਕ ਹੋਏ ਮਰੀਜ਼ਾਂ ਦੇ ਖ਼ੂਨ ਨੂੰ ਕੋਰੋਨਾਵਾਇਰਸ ਦਾ ਰਸਤਾ ਰੋਕਣ ਲਈ ਢਾਲ ਵਜੋਂ ਵਰਤਣ ਦੀ ਕੋਸ਼ਿਸ਼ ਕਰ ਰਹੇ ਹਨ।

ਵਿਗਿਆਨੀਆਂ ਮੁਤਾਬਕ ਇਸ ਤੋਂ ਠੀਕ ਹੋ ਚੁੱਕੇ ਮਰੀਜ਼ਾਂ ਦੇ ਖ਼ੂਨ ਦੀ ਵਰਤੋਂ ਕਰ ਕੇ ਦੂਜੇ ਮਰੀਜ਼ਾਂ ਨੂੰ ਠੀਕ ਕਰਨ ਲਈ ਦਵਾਈ ਬਣਾਈ ਜਾਵੇਗੀ। ਡੇਲੀਮੇਲ ਦੀ ਤਾਜ਼ਾ ਰਿਪੋਰਟ ਮੁਤਾਬਕ ਵਿਗਿਆਨੀ ਕੋਰੋਨਾਵਾਇਰਸ ਤੋਂ ਠੀਕ ਹੋਏ ਮਰੀਜ਼ਾਂ ਦੇ ਖ਼ੂਨ ਨਾਲ ਹੀ ਕੋਰੋਨਾਵਾਇਰਸ ਵੈਕਸੀਨ ਬਣਾਉਣ ਦੇ ਨੇੜੇ ਪਹੁੰਚ ਗਏ ਹਨ। ਇਸ ਨੂੰ ਲੈ ਕੇ ਚੀਨ ਦੇ ਵਿਗਿਆਨੀ ਵੀ ਸਿਰਤੋੜ ਕੋਸ਼ਿਸ਼ਾਂ ਕਰ ਰਹੇ ਹਨ।

ਇਸੇ ਤਰ੍ਹਾਂ ਜਾਪਾਨ ਦੀ ਦਵਾਈ ਕੰਪਨੀ 'ਤਾਕੇਡਾ' ਵੀ ਇਸ 'ਤੇ ਕੰਮ ਕਰ ਰਹੀ ਹੈ। ਇਹ ਕੰਪਨੀ ਇਸ ਦਵਾਈ ਨੂੰ ਇਮਿਊਨ ਸਿਸਟਮ ਥੈਰੇਪੀ ਦੇ ਨਾਂ ਹੇਠ ਡਿਵੈਲਪ ਕਰਨ ਦੀ ਤਿਆਰੀ 'ਚ ਹੈ। ਮੈਡੀਕਲ ਸਾਇੰਸ ਦੀ ਥਿਊਰੀ ਮੁਤਾਬਕ ਵਾਇਰਸ ਤੋਂ ਠੀਕ ਹੋਣ ਵਾਲੇ ਵਿਅਕਤੀ ਦੇ ਸਰੀਰ ਵਿਚ ਬਿਮਾਰੀ ਨਾਲ ਲੜਨ ਵਾਲੇ ਪ੍ਰੋਟੀਨ ਪੈਦਾ ਹੋਣੇ ਸ਼ੁਰੂ ਹੋ ਜਾਂਦੇ ਹਨ। ਇਸ ਪ੍ਰੋਟੀਨ ਨੂੰ ਐਂਟੀਬਾਡੀਜ਼ ਵੀ ਕਿਹਾ ਜਾਂਦਾ ਹੈ।

ਵਿਗਿਆਨੀਆਂ ਦੇ ਦਾਅਵੇ ਅਨੁਸਾਰ ਜੇਕਰ ਇਸ ਨੂੰ ਹੋਰ ਬਿਮਾਰ ਵਿਅਕਤੀ ਦੇ ਸਰੀਰ ਅੰਦਰ ਦਾਖ਼ਲ ਕਰ ਦਿਤਾ ਜਾਵੇ ਤਾਂ ਇਸ ਦੇ ਸਾਰਥਕ ਸਿੱਟੇ ਸਾਹਮਣੇ ਆ ਸਕਦੇ ਹਨ। ਵਿਗਿਆਨੀਆਂ ਦਾ ਕਹਿਣਾ ਹੈ ਕਿ ਬਿਮਾਰੀ ਤੋਂ ਬਾਅਦ ਭਾਵੇਂ ਸਰੀਰ ਖੁਦ ਐਂਟੀਬਾਡੀਜ਼ ਡਿਵੈਲਪ ਕਰਨਾ ਸ਼ੁਰੂ ਕਰ ਦਿੰਦਾ ਹੈ ਪਰ ਜੇਕਰ ਇਸ ਦੌਰਾਨ ਦਵਾਈ ਵੀ ਮੁਹੱਈਆ ਕਰਵਾ ਦਿਤੀ ਜਾਵੇ ਤਾਂ ਮਰੀਜ਼ ਦੇ ਛੇਤੀ ਠੀਕ ਹੋਣ ਦੀ ਸੰਭਾਵਨਾ ਬਹੁਤ ਵੱਧ ਜਾਂਦੀ ਹੈ।

ਇਸ ਤਰ੍ਹਾਂ ਮ੍ਰਿਤਕਾਂ ਦੀ ਗਿਣਤੀ ਨੂੰ ਵੱਡੀ ਪੱਧਰ 'ਤੇ ਘਟਾਉਣ 'ਚ ਮਦਦ ਮਿਲ ਸਕਦੀ ਹੈ। ਵਿਗਿਆਨੀਆਂ ਅਨੁਸਾਰ ਇਸ ਥਿਊਰੀ ਦੀ ਵਰਤੋਂ ਪਹਿਲੀ ਵਾਰੀ ਵੀ ਨਹੀਂ ਹੋ ਰਹੀ। ਇਬੋਲਾ ਨਾਲ ਲੜਨ ਲਈ ਇਸ ਥਿਊਰੀ ਦੀ ਵਰਤੋਂ ਪਹਿਲਾਂ ਵੀ ਹੋ ਚੁੱਕੀ ਹੈ।