ਪਾਕਿਸਤਾਨ ਨੇ ਰੋਕੀ ਸਮਝੌਤਾ ਐਕਸਪ੍ਰੈਸ

ਏਜੰਸੀ

ਖ਼ਬਰਾਂ, ਕੌਮਾਂਤਰੀ

ਪਾਕਿਸਤਾਨ ਨੇ ਆਪਣੇ ਟਰੇਨ ਡਰਾਈਵਰ ਅਤੇ ਗਾਰਡ ਨੂੰ ਸਮਝੌਤਾ ਐਕਸਪ੍ਰੈਸ ਨਾਲ ਭੇਜਣ ਤੋਂ ਇਨਕਾਰ ਕੀਤਾ

Pakistan suspends Samjhauta Express

ਨਵੀਂ ਦਿੱਲੀ : ਜੰਮੂ-ਕਸ਼ਮੀਰ 'ਚ ਧਾਰਾ-370 ਖ਼ਤਮ ਕਰਨ ਦੇ ਫ਼ੈਸਲੇ ਤੋਂ ਪਾਕਿਸਤਾਨ ਪੂਰੀ ਤਰ੍ਹਾਂ ਬੌਖਲਾਇਆ ਹੋਇਆ ਹੈ। ਪਾਕਿਸਤਾਨ ਵੱਲੋਂ ਭਾਰਤ ਲਈ ਆਪਣੇ ਇਕ ਏਅਰਸਪੇਸ 'ਤੇ ਪਾਬੰਦੀ ਲਗਾਉਣ ਤੋਂ ਬਾਅਦ ਹੁਣ ਇਕ ਹੋਰ ਕਾਰਵਾਈ ਕੀਤੀ ਹੈ। ਪਾਕਿਸਤਾਨੀ ਮੀਡੀਆ ਦੀਆਂ ਖ਼ਬਰਾਂ ਮੁਤਾਬਕ ਭਾਰਤ ਵੱਲੋਂ ਪਾਕਿਸਤਾਨ ਜਾਣ ਵਾਲੀ ਸਮਝੌਤਾ ਐਕਸਪ੍ਰੈਸ ਨੂੰ ਰੋਕ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਸਮਝੌਤਾ ਐਕਸਪ੍ਰੈਸ ਹਫ਼ਤਾਵਾਰੀ ਰੇਲ ਗੱਡੀ ਹੈ, ਜੋ ਕਿ ਹਰ ਹਫ਼ਤੇ ਦੇ ਵੀਰਵਾਰ ਅਤੇ ਸੋਮਵਾਰ ਨੂੰ ਦਿੱਲੀ ਤੋਂ ਪਾਕਿਸਤਾਨ ਦੇ ਲਾਹੌਰ ਤਕ ਜਾਂਦੀ ਹੈ। 

ਪਾਕਿਸਤਾਨ ਨੇ ਆਪਣੇ ਟਰੇਨ ਡਰਾਈਵਰ ਅਤੇ ਗਾਰਡ ਨੂੰ ਸਮਝੌਤਾ ਐਕਸਪ੍ਰੈਸ ਨਾਲ ਭੇਜਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਮਾਮਲੇ 'ਤੇ ਅਟਾਰੀ ਕੌਮਾਂਤਰੀ ਰੇਲਵੇ ਸਟੇਸ਼ਨ ਦੇ ਸੁਪਰੀਟੈਂਡੈਂਟ ਅਰਵਿੰਦ ਕੁਮਾਰ ਗੁਪਤਾ ਨੇ ਦੱਸਿਆ ਕਿ ਅੱਜ ਪਾਕਿਸਤਾਨ ਤੋਂ ਸਮਝੌਤਾ ਐਕਸਪ੍ਰੈਸ ਨੂੰ ਭਾਰਤ ਆਉਣਾ ਸੀ, ਪਰ ਇਸ ਦੌਰਾਨ ਪਾਕਿਸਤਾਨ ਤੋਂ ਸੰਦੇਸ਼ ਆਇਆ ਕਿ ਭਾਰਤੀ ਰੇਲ ਆਪਣੇ ਡਰਾਈਵਰ ਅਤੇ ਕਰੂ ਮੈਂਬਰ ਨੂੰ ਭੇਜ ਕੇ ਸਮਝੌਤਾ ਐਕਸਪ੍ਰੈਸ ਲੈ ਜਾਵੇ। ਉਨ੍ਹਾਂ ਦੱਸਿਆ ਕਿ ਪਾਕਿਸਤਾਨੀ ਰੇਲਵੇ ਨੇ ਸੁਰੱਖਿਆ ਕਾਰਨਾਂ ਕਰ ਕੇ ਇਹ ਫ਼ੈਸਲਾ ਲਿਆ ਹੈ। ਹੁਣ ਭਾਰਤੀ ਰੇਲ ਡਰਾਈਵਰ ਅਤੇ ਗਾਰਡ ਨੂੰ, ਜਿਨ੍ਹਾਂ ਕੋਲ ਵੀਜ਼ਾ ਹੈ, ਉਨ੍ਹਾਂ ਨੂੰ ਸਮਝੌਤਾ ਐਕਸਪ੍ਰੈਸ ਨੂੰ ਲੈਣ ਭੇਜੇਗਾ।

ਇਸ ਤੋਂ ਪਹਿਲਾਂ ਧਾਰਾ 370 ਹਟਾਉਣ ਤੋਂ ਬਾਅਦ ਪਾਕਿਸਤਾਨ ਨੇ ਇਕ ਵਾਰ ਫਿਰ ਆਪਣੇ ਏਅਰ ਸਪੇਸ 'ਤੇ ਪਾਬੰਦੀ ਲਗਾਉਣੀ ਸ਼ੁਰੂ ਕਰ ਦਿੱਤੀ ਹੈ। ਉਸ ਨੇ ਬੁਧਵਾਰ ਰਾਤ ਤੋਂ ਏਅਰ ਸਪੇਸ ਦਾ ਇਕ ਕਾਰੀਡੋਰ ਬੰਦ ਕਰ ਦਿੱਤਾ ਹੈ। ਇਸ ਕਾਰਨ ਹੁਣ ਅਮਰੀਕਾ, ਯੂਰਪ ਅਤੇ ਮੱਧ ਪੂਰਬ ਜਾਣ ਵਾਲੀਆਂ ਉਡਾਨਾਂ ਨੂੰ 12 ਮਿੰਟ ਦਾ ਵੱਧ ਸਮਾਂ ਲੱਗੇਗਾ।

ਜ਼ਿਕਰਯੋਗ ਹੈ ਕਿ ਜੰਮੂ-ਕਸ਼ਮੀਰ 'ਤੇ ਭਾਰਤ ਸਰਕਾਰ ਦੇ ਫ਼ੈਸਲੇ ਤੋਂ ਪਾਕਿਸਤਾਨ ਕਾਫ਼ੀ ਨਾਰਾਜ਼ ਹੈ। ਜੰਮੂ-ਕਸ਼ਮੀਰ 'ਚ ਪੁਨਰਗਠਨ ਅਤੇ ਧਾਰਾ 370 ਨੂੰ ਖ਼ਤਮ ਕਰਨ ਦੇ ਭਾਰਤ ਦੇ ਫ਼ੈਸਲੇ ਦੇ ਜਵਾਬ 'ਚ ਪਾਕਿਸਤਾਨ ਨੇ ਕਈ ਇਕਪਾਸੜ ਫ਼ੈਸਲੇ ਲਏ ਹਨ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਪ੍ਰਧਾਨਗੀ 'ਚ ਹੋਈ ਨੈਸ਼ਨਲ ਸਕਿਊਰਿਟੀ ਕੌਂਸਲ ਦੀ ਬੈਠਕ 'ਚ ਭਾਰਤ ਨਾਲ ਸਿਆਸੀ ਸਬੰਧ ਘਟਾਉਣ ਦਾ ਫ਼ੈਸਲਾ ਲਿਆ ਗਿਆ। ਇਸ ਤਹਿਤ ਪਾਕਿਸਤਾਨ ਭਾਰਤ 'ਚੋਂ ਆਪਣੇ ਹਾਈ ਕਮਿਸ਼ਨਰ ਨੂੰ ਵਾਪਸ ਬੁਲਾ ਰਿਹਾ ਹੈ। ਉਸ ਨੇ ਪਾਕਿਸਤਾਨ 'ਚ ਭਾਰਤੀ ਹਾਈ ਕਮਿਸ਼ਨਰ ਨੂੰ ਵੀ ਵਾਪਸ ਭੇਜਣ ਦਾ ਫ਼ੈਸਲਾ ਕੀਤਾ ਹੈ।