ਜੰਮੂ-ਕਸ਼ਮੀਰ ਨੂੰ ਲੈ ਕੇ ਇਸ ਪਾਕਿਸਤਾਨੀ ਅਦਾਕਾਰਾ ਨੇ ਮੋਦੀ ਸਰਕਾਰ ਵਿਰੁੱਧ ਕੱਢੀ ਭੜਾਸ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਹਾ - ਭਾਰਤ ਨੇ ਕਲਸਟਰ ਬੰਬ ਦੀ ਵਰਤੋਂ ਕਰ ਕੇ ਅਤੇ ਕਸ਼ਮੀਰੀਆਂ ਵਿਰੁੱਧ ਫ਼ੌਜ ਦੀ ਵਰਤੋਂ ਕਰ ਕੇ ਸਾਰੇ ਕੌਮਾਂਤਰੀ ਕਾਨੂੰਨਾਂ ਦਾ ਉਲੰਘਣ ਕੀਤਾ ਹੈ।

Veena Malik

ਨਵੀਂ ਦਿੱਲੀ : ਮੋਦੀ ਸਰਕਾਰ ਨੇ ਜੰਮੂ-ਕਸ਼ਮੀਰ ਵਿਚੋਂ ਧਾਰਾ 370 ਹਟਾ ਦਿੱਤੀ ਹੈ। ਇਸ ਧਾਰਾ ਉੱਤੇ ਲੰਮੇ ਸਮੇਂ ਤੋਂ ਵਿਵਾਦ ਚੱਲ ਰਿਹਾ ਸੀ। ਭਾਰਤੀ ਸੰਵਿਧਾਨ ਦੀ ਧਾਰਾ 370 ਜੰਮੂ-ਕਸ਼ਮੀਰ ਨੂੰ ਇਕ ਵਿਸ਼ੇਸ਼ ਖ਼ੁਦਮੁਖ਼ਤਿਆਰੀ ਵਾਲੇ ਸੂਬੇ ਦਾ ਦਰਜਾ ਦਿੰਦੀ ਸੀ। ਇਸ ਇਤਿਹਾਸਕ ਐਲਾਨ ਨੇ ਦੇਸ਼ ਦੀ ਜਨਤਾ ਦੇ ਨਾਲ-ਨਾਲ ਵਿਦੇਸ਼ੀਆਂ ਨੂੰ ਵੀ ਹੈਰਾਨ ਕਰ ਦਿੱਤਾ ਹੈ। ਇਸ ਵਿਚਕਾਰ ਪਾਕਿਸਤਾਨੀ ਅਦਾਕਾਰਾ ਵੀਨਾ ਮਲਿਕ ਨੇ ਇਕ ਟਵੀਟ ਕਰ ਕੇ ਇਸ ਫ਼ੈਸਲੇ ਵਿਰੁੱਧ ਆਪਣੀ ਭੜਾਸ ਕੱਢੀ। ਵੀਨਾ ਮਲਿਕ ਨੇ ਭਾਰਤ 'ਤੇ ਕੌਮਾਂਤਰੀ ਕਾਨੂੰਨਾਂ ਨੂੰ ਤੋੜਨ ਅਤੇ 70 ਸਾਲ ਤੋਂ ਕਸ਼ਮੀਰੀਆਂ 'ਤੇ ਦਬਾਅ ਬਣਾਉਣ ਦਾ ਦੋਸ਼ ਵੀ ਲਗਾਇਆ ਹੈ।

ਜੰਮੂ-ਕਸ਼ਮੀਰ 'ਤੇ ਆਪਣਾ ਬਿਆਨ ਦਿੰਦਿਆਂ ਵੀਨਾ ਮਲਿਕ ਨੇ ਲਿਖਿਆ, "ਭਾਰਤ ਨੇ ਕਲਸਟਰ ਬੰਬ ਦੀ ਵਰਤੋਂ ਕਰ ਕੇ ਅਤੇ ਕਸ਼ਮੀਰੀਆਂ ਵਿਰੁੱਧ ਫ਼ੌਜ ਦੀ ਵਰਤੋਂ ਕਰ ਕੇ ਸਾਰੇ ਕੌਮਾਂਤਰੀ ਕਾਨੂੰਨਾਂ ਦਾ ਉਲੰਘਣ ਕੀਤਾ ਹੈ। 70 ਸਾਲ ਤੋਂ ਭਾਰਤ ਕਸ਼ਮੀਰੀਆਂ ਨੂੰ ਦਬਾਉਣ 'ਚ ਨਾਕਾਮ ਰਿਹਾ ਹੈ।"

ਇਸ ਤੋਂ ਪਹਿਲਾਂ ਵੀ ਵੀਨਾ ਮਲਿਕ ਨੇ ਕਸ਼ਮੀਰੀ ਲੋਕਾਂ 'ਤੇ ਆਪਣਾ ਟਵੀਟ ਕੀਤਾ ਸੀ। ਇਸ ਟਵੀਟ 'ਚ ਉਨ੍ਹਾਂ ਲਿਖਿਆ ਸੀ, "ਭਾਰਤੀ ਫ਼ੌਜੀਆਂ ਵੱਲੋਂ ਕਸ਼ਮੀਰੀ ਲੋਕਾਂ 'ਤੇ ਤਸ਼ੱਦਦ ਅਤੇ ਉਨ੍ਹਾਂ 'ਤੇ ਕੀਤੀਆਂ ਗ਼ੈਰ-ਕਾਨੂੰਨੀ ਕਾਰਵਾਈਆਂ ਲਈ ਇਹ ਸੰਦੇਸ਼ ਫ਼ੈਲਾਉਣ ਜ਼ਰੂਰੀ ਹੈ। ਪਾਕਿਸਤਾਨ ਕਸ਼ਮੀਰੀ ਲੋਕਾਂ ਨੂੰ ਨੈਤਿਕ, ਰਾਜਨੀਤਕ, ਕੂਟਨੀਤਕ ਸਮਰਥਨ ਦਿੰਦਾ ਹੈ ਜੋ ਅੱਜ ਵੀ ਆਪਣੇ ਅਧਿਕਾਰਾਂ ਲਈ ਲੜ ਰਹੇ ਹਨ।"