ਚੀਨ 'ਤੇ ਫਿਰ ਬਰਸੇ ਟਰੰਪ, ਕਿਹਾ ਕੋਰੋਨਾ ਵਾਇਰਸ ਲਈ ਚੀਨ ਨੂੰ ਦੇਣੀ ਹੋਵੇਗੀ ਵੱਡੀ ਕੀਮਤ

ਏਜੰਸੀ

ਖ਼ਬਰਾਂ, ਕੌਮਾਂਤਰੀ

ਟਰੰਪ ਨੇ ਵੀਡੀਓ ਸੰਦੇਸ਼ ਜ਼ਰੀਏ ਕੋਰੋਨਾ ਮਹਾਂਮਾਰੀ ਲਈ ਚੀਨ ਨੂੰ ਦੋਸ਼ੀ ਠਹਿਰਾਇਆ 

Donald Trump-Xi Jinping

ਵਾਸ਼ਿੰਗਟਨ:  ਕੋਰੋਨਾ ਵਾਇਰਸ ਨਾਲ ਪੀੜਤ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਹੁਣ ਹੌਲੀ-ਹੌਲੀ ਠੀਕ ਹੋ ਰਹੇ ਹਨ। ਇਸ ਦੌਰਾਨ ਦੇਸ਼ ਦੇ ਨਾਂਅ ਇਕ ਵੀਡੀਓ ਸੰਦੇਸ਼ ਦੌਰਾਨ ਉਹਨਾਂ ਨੇ ਕੋਰੋਨਾ ਮਹਾਂਮਾਰੀ ਲਈ ਚੀਨ ਨੂੰ ਦੋਸ਼ੀ ਠਹਿਰਾਇਆ ਹੈ। ਉਹਨਾਂ ਕਿਹਾ ਕਿ ਚੀਨ ਨੇ ਜੋ ਦੁਨੀਆਂ ਨਾਲ ਕੀਤਾ ਹੈ, ਉਸ ਦੇ ਲਈ ਉਸ ਨੂੰ ਵੱਡੀ ਕੀਮਤ ਦੇਣੀ ਹੋਵੇਗੀ।

ਡੋਨਾਲਡ ਟਰੰਪ ਨੇ ਟਵਿਟਰ 'ਤੇ ਇਕ ਵੀਡੀਓ ਸੰਦੇਸ਼ ਜ਼ਰੀਏ ਕਿਹਾ ਕਿ, 'ਮੈਨੂੰ ਜੋ ਇਲਾਜ ਮਿਲਿਆ ਹੈ। ਉਹ ਇਲਾਜ ਮੈਂ ਤੁਹਾਡੇ ਲਈ ਉਪਲਬਧ ਕਰਵਾਉਣਾ ਚਾਹੁੰਦਾ ਹਾਂ ਅਤੇ ਮੈਂ ਇਸ ਨੂੰ ਮੁਫ਼ਤ ਕਰਨ ਜਾ ਰਿਹਾ ਹਾਂ। ਤੁਹਾਡੇ ਲਈ ਭੁਗਤਾਨ ਕਰਨ ਦੀ ਜ਼ਰੂਰਤ ਨਹੀਂ। ਜੋ ਹੋਇਆ, ਇਸ ਵਿਚ ਤੁਹਾਡੀ ਕੋਈ ਗਲਤੀ ਨਹੀਂ ਹੈ। ਇਹ ਚੀਨ ਦੀ ਗਲਤੀ ਹੈ। ਇਸ ਦੇਸ਼ ਅਤੇ ਦੁਨੀਆਂ ਨਾਲ ਚੀਨ ਨੇ ਜੋ ਕੀਤਾ ਹੈ, ਉਹ ਉਸ ਦੀ ਇਕ ਵੱਡੀ ਕੀਮਤ ਦੇਣ ਜਾ ਰਿਹਾ ਹੈ'।

ਡੋਨਾਲਡ ਟਰੰਪ ਨੇ ਕਿਹਾ ਕਿ ਉਹਨਾਂ ਲਈ ਕੋਰੋਨਾ ਵਾਇਰਸ ਦੀ ਲਾਗ ਇਕ ਤਰ੍ਹਾਂ ਈਸ਼ਵਰ ਦਾ ਆਸ਼ਿਰਵਾਦ ਸੀ ਕਿਉਂਕਿ ਉਹਨਾਂ ਨੇ ਬਿਮਾਰੀ ਦੇ ਇਲਾਜ ਲਈ ਸੰਭਾਵਿਤ ਦਵਾਈਆਂ ਬਾਰੇ ਜਾਣਕਾਰੀ ਦਿੱਤੀ। ਸੋਮਵਾਰ ਨੂੰ ਹਸਪਤਾਲ ਤੋਂ ਵਾਪਸ ਆਉਣ ਤੋਂ ਬਾਅਦ ਪਹਿਲੀ ਵਾਰ ਟਰੰਪ ਨੇ ਵੀਡੀਓ ਸੰਦੇਸ਼ ਜਾਰੀ ਕੀਤਾ। 

ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਅਮਰੀਕੀ ਰਾਸ਼ਟਰਪਤੀ ਅਤੇ ਉਹਨਾਂ ਦੀ ਪਤਨੀ ਮੇਲਾਨੀਆ ਟਰੰਪ ਕੋਰੋਨਾ ਵਾਇਰਸ ਪਾਜ਼ੇਟਿਵ ਪਾਏ ਗਏ ਸੀ। ਇਸ ਤੋਂ ਬਾਅਦ ਉਹਨਾਂ ਨੂੰ ਆਰਮੀ ਹਸਪਤਾਲ ਵਿਚ ਭਰਤੀ ਕੀਤਾ ਗਿਆ ਸੀ। ਚਾਰ ਦਿਨ ਹਸਪਤਾਲ ਵਿਚ ਰਹਿਣ ਤੋਂ ਬਾਅਦ ਉਹ ਵ੍ਹਾਈਟ ਹਾਊਸ ਵਾਪਸ ਪਰਤ ਆਏ।