ਨਿਊਜ਼ੀਲੈਂਡ ਦੀ ਮਸਜਿਦ 'ਚ ਅੰਨ੍ਹੇਵਾਹ ਗੋਲੀਬਾਰੀ ਕਰਕੇ 51 ਲੋਕਾਂ ਦਾ ਕਤਲ ਕਰਨ ਵਾਲੇ ਵਿਅਕਤੀ ਵੱਲੋਂ ਅਪੀਲ ਦਾਇਰ
ਅਦਾਲਤ ਨੇ ਕਿਹਾ ਕਿ ਮਾਮਲੇ ਦੀ ਸੁਣਵਾਈ ਦੀ ਤਰੀਕ ਅਜੇ ਤੈਅ ਹੋਣੀ ਬਾਕੀ ਹੈ।
ਵੈਲਿੰਗਟਨ - ਨਿਊਜ਼ੀਲੈਂਡ ਦੇ ਇਤਿਹਾਸ 'ਚ ਸਭ ਤੋਂ ਘਾਤਕ ਗੋਲੀਬਾਰੀ ਵਿੱਚ 51 ਮੁਸਲਮਾਨਾਂ ਦੀ ਹੱਤਿਆ ਕਰਨ ਵਾਲੇ ਵਿਅਕਤੀ ਨੇ ਆਪਣੀ ਸਜ਼ਾ ਵਿਰੁੱਧ ਅਪੀਲ ਦਾਇਰ ਕੀਤੀ ਹੈ। ਨਿਊਜ਼ੀਲੈਂਡ ਦੀ ਅਪੀਲ ਕੋਰਟ ਨੇ ਮੰਗਲਵਾਰ ਨੂੰ ਪੁਸ਼ਟੀ ਕੀਤੀ ਕਿ ਬੰਦੂਕਧਾਰੀ ਬ੍ਰੈਂਟਨ ਟੈਰੈਂਟ ਨੇ ਪਿਛਲੇ ਹਫ਼ਤੇ ਅਪੀਲ ਦਾਇਰ ਕੀਤੀ। ਅਦਾਲਤ ਨੇ ਕਿਹਾ ਕਿ ਮਾਮਲੇ ਦੀ ਸੁਣਵਾਈ ਦੀ ਤਰੀਕ ਅਜੇ ਤੈਅ ਹੋਣੀ ਬਾਕੀ ਹੈ।
ਮਾਰਚ 2019 ਵਿੱਚ ਟੈਰੈਂਟ ਨੇ ਸ਼ੁੱਕਰਵਾਰ ਦੀ ਨਮਾਜ਼ ਦੌਰਾਨ ਕ੍ਰਾਈਸਟਚਰਚ ਦੀ ਮਸਜਿਦ 'ਚ ਇਕੱਠੇ ਹੋਏ ਸ਼ਰਧਾਲੂਆਂ 'ਤੇ ਗੋਲੀਬਾਰੀ ਕੀਤੀ ਸੀ। ਹਮਲੇ 'ਚ ਕਈ ਲੋਕ ਜ਼ਖਮੀ ਹੋ ਗਏ। ਉਸ ਨੇ ਇਸ ਘਟਨਾ ਨੂੰ ਫ਼ੇਸਬੁੱਕ 'ਤੇ ਲਾਈਵ ਸਟ੍ਰੀਮ ਵੀ ਕੀਤਾ। ਅਗਲੇ ਸਾਲ ਟੈਰੈਂਟ ਨੂੰ ਕਤਲ ਦੇ 51 ਮਾਮਲਿਆਂ, ਕਤਲ ਦੀ ਕੋਸ਼ਿਸ਼ ਦੇ 40 ਅਤੇ ਅੱਤਵਾਦ ਦੇ ਇੱਕ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ। ਉਸ ਨੂੰ ਬਿਨਾਂ ਪੈਰੋਲ ਦੇ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ।
ਅਦਾਲਤ ਵੱਲੋਂ ਉਸ ਦੀ ਅਪੀਲ ਦੇ ਵੇਰਵੇ ਤੁਰੰਤ ਮੁਹੱਈਆ ਨਹੀਂ ਕਰਵਾਏ ਗਏ। ਇਸ ਹਮਲੇ ਤੋਂ ਬਾਅਦ ਨਿਊਜ਼ੀਲੈਂਡ ਵਿੱਚ ਤੁਰੰਤ ਇੱਕ ਨਵਾਂ ਕਾਨੂੰਨ ਪਾਸ ਕੀਤਾ ਗਿਆ ਜਿਸ ਵਿੱਚ ਅਰਧ-ਆਟੋਮੈਟਿਕ ਹਥਿਆਰਾਂ 'ਤੇ ਪਾਬੰਦੀ ਲਗਾਉਣ ਦੀ ਵਿਵਸਥਾ ਕੀਤੀ ਗਈ।