ਇਰਾਨ ਜਹਾਜ ਹਾਦਸਾ : ਮਹਿਜ ਦੁਰਘਟਨਾ ਜਾਂ ਕੁੱਝ ਹੋਰ? ਜਵਾਬ ਮੰਗਦੇ ਸਵਾਲ!

ਏਜੰਸੀ

ਖ਼ਬਰਾਂ, ਕੌਮਾਂਤਰੀ

ਯੂਕਰੇਨ ਇੰਟਰਨੈਸ਼ਨਲ ਏਅਰਲਾਇਲਜ਼ ਨੇ ਹਾਦਸਾ ਮੰਨਣ ਤੋਂ ਕੀਤੀ ਨਾਂਹ

file photo

ਯੂਕਰੇਨ : ਇਰਾਨ 'ਚ ਵਾਪਰਿਆ ਜਹਾਜ ਹਾਦਸਾ ਮੁੱਢ ਤੋਂ ਹੀ ਸਵਾਲਾਂ ਦੇ ਘੇਰੇ ਵਿਚ ਆ ਗਿਆ ਸੀ। ਹਾਦਸਾ ਵਾਪਰਨ ਦੇ ਸਮੇਂ, ਸੀਮਾ ਤੇ ਸਥਾਨ 'ਤੇ ਸਭ ਦੀਆਂ ਨਜ਼ਰਾਂ ਟਿੱਕੀਆਂ ਹੋਈਆਂ ਸਨ। ਇਸੇ ਦੌਰਾਨ ਯੂਕਰੇਨ ਇੰਟਰਨੈਸ਼ਨਲ ਏਅਰਲਾਇਨਜ਼ (ਯੂਆਈਏ) ਨੇ ਬੀਤੇ ਦਿਨ ਇਸ ਨੂੰ ਹਾਦਸਾ ਮੰਨਣ ਤੋਂ ਨਾਂਹ ਕਰ ਦਿਤੀ ਹੈ।

ਏਅਰਲਾਇਨਜ਼ ਦੇ ਉਪ ਪ੍ਰਧਾਨ ਇਹੋਰ ਸਨਸਨੋਵਸਕੀ ਦਾ ਕਹਿਣਾ ਹੈ ਕਿ ਇਸ ਗੱਲ ਦੀ ਕੋਈ ਸੰਭਾਵਨਾ ਨਹੀਂ ਕਿ ਇਹ ਹਾਦਸਾ ਕਿਸੇ ਤਕਨੀਕੀ ਖਰਾਬੀ ਕਾਰਨ ਵਾਪਰਿਆ ਹੋਵੇ। ਯੂਕਰੇਨ ਦੀ ਸੁਰੱਖਿਆ ਪ੍ਰੀਸਦ ਨੇ ਸ਼ੰਕਾ ਜ਼ਾਹਰ ਕਰਦਿਆਂ ਕਿਹਾ ਕਿ ਰੂਸ ਦੀ ਮਿਜ਼ਾਇਲ, ਡਰੋਨ ਦੀ ਟੱਕਰ ਜਾਂ ਅਤਿਵਾਦੀ ਹਮਲਾ ਜਹਾਜ਼ ਦੇ ਹਾਦਸੇ ਦਾ ਕਾਰਨ ਹੋ ਸਕਦਾ ਹੈ।

ਕਾਬਲੇਗੌਰ ਹੈ ਕਿ ਇਸ ਜਹਾਜ਼ ਨੇ ਇਮਾਮ ਖਮੇਨੀ ਹਵਾਈ ਅੱਡੇ ਤੋਂ ਉਡਾਨ ਭਰੀ ਸੀ। ਉਡਾਨ ਭਰਨ ਤੋਂ 3 ਮਿੰਟ ਬਾਅਦ ਹੀ ਇਹ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਇਸ ਹਾਦਸੇ 'ਚ ਯਾਤਰੀਆਂ ਤੋਂ ਇਲਾਵਾ ਚਾਲਕ ਦਲ ਦੇ ਮੈਂਬਰਾਂ ਸਣੇ 176 ਲੋਕਾਂ ਦੀ ਮੌਤ ਹੋ ਗਈ ਸੀ।

ਸਨਸਨੋਵਸਕੀ ਦਾ ਕਹਿਣਾ ਹੈ ਕਿ ਤਹਿਰਾਨ ਹਵਾਈ ਅੱਡੇ ਤੋਂ ਅਸੀਂ ਕਈ ਸਾਲਾਂ ਤੋਂ ਉਡਾਣਾਂ ਦਾ ਸੰਚਾਲਨ ਕਰਦੇ ਆ ਰਹੇ ਹਾਂ। ਸਾਡੇ ਪਾਇਲਟ ਕਿਸੇ ਵੀ ਐਮਰਜੈਂਸੀ ਚੁਨੌਤੀ ਨਾਲ ਨਜਿੱਠਣ 'ਚ ਪੂਰੀ ਤਰ੍ਹਾਂ ਸਮਰੱਥ ਸਨ। ਰਿਕਾਰਡ ਅਨੁਸਾਰ ਜਹਾਜ਼ 2400 ਫੁੱਟ ਦੀ ਉਚਾਈ 'ਤੇ ਉਡਾਣ ਭਰ ਰਿਹਾ ਸੀ। ਕਰੂ ਦੇ ਤਜਰਬੇ ਦੇ ਲਿਹਾਜ ਨਾਲ ਗੜਬੜੀ ਸੰਭਾਵਨਾ ਕਾਫ਼ੀ ਘੱਟ ਸੀ। ਅਸੀਂ ਇਸ ਨੂੰ ਸਿਰਫ਼ ਸੰਜੋਗ ਮੰਨਣ ਨੂੰ ਤਿਆਰ ਨਹੀਂ ਹਾਂ।

ਇਹ ਵੀ ਕਾਬਲੇਗੌਰ ਹੈ ਕਿ ਇਕ ਦਿਨ ਪਹਿਲਾਂ ਇਰਾਨ ਦੀ ਨਿਊਜ਼ ਏਜੰਸੀ ਨੇ ਜਹਾਜ਼ ਦੇ ਹਾਦਸੇ ਦੀ ਫੁਟੇਜ਼ ਜਾਰੀ ਕੀਤੀ ਸੀ। ਇਸ ਵਿਚ ਜਹਾਜ਼ ਨੂੰ ਹੇਠਾਂ ਡਿੱਗਣ ਤੋਂ ਪਹਿਲਾਂ ਫਾਇਰਬਾਲ ਵਿਚ ਬਦਲਦੇ ਦੇਖਿਆ ਜਾ ਸਕਦਾ ਹੈ। ਯੂਕਰੇਨ ਸੁਰੱਖਿਆ ਪਰੀਸ਼ਦ ਦੇ ਮੰਤਰੀ ਓਲੇਸਕੀ ਦਾਨੀਲੋਵ ਦਾ ਕਹਿਣਾ ਹੈ ਕਿ ਉਸ ਨੇ ਇਰਾਨ ਵਿਚ ਹੋਏ ਹਾਦਸੇ ਦੀ ਜਾਂਚ ਲਈ 10 ਤੋਂ ਵੱਧ ਜਾਂਚਕਰਤਾਵਾਂ ਦੀ ਟੀਮ ਭੇਜੀ ਹੈ।

ਇਰਾਨ ਦੀ ਐਵੀਏਸ਼ਨ ਅਥਾਰਟੀ ਨੇ ਸਪੱਸ਼ਟ ਕਰ ਦਿਤਾ ਹੈ ਕਿ ਕਰੈਸ਼ ਹੋਏ ਜਹਾਜ਼ ਦਾ ਬਲੈਕ ਬਾਕਸ ਯੂਆਈਏ ਨੂੰ ਨਹੀਂ ਦਿਤਾ ਜਾਵੇਗਾ। ਇਸੇ ਦੌਰਾਨ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ  ਸਾਡੀ ਸਰਕਾਰ ਹਾਦਸੇ ਸਬੰਧੀ ਕੌਮਾਂਤਰੀ ਸਹਿਯੋਗੀ ਸੰਗਠਨਾਂ ਨਾਲ ਮਿਲ ਕੇ ਕੰਮ ਕਰ ਰਹੀ ਹੈ।