ਗੁਆਂਢੀ ਦੇਸ਼ ਨੇਪਾਲ ਦੇ ਨਵੇਂ ਰਾਸ਼ਟਰਪਤੀ ਬਣੇ ਰਾਮ ਚੰਦਰ ਪੌਡੇਲ, ਦੁੱਗਣੇ ਤੋਂ ਵੱਧ ਵੋਟਾਂ ਨਾਲ ਜਿੱਤੇ

ਏਜੰਸੀ

ਖ਼ਬਰਾਂ, ਕੌਮਾਂਤਰੀ

ਪੌਡੇਲ ਨੇ 33,802 ਇਲੈਕਟੋਰਲ ਵੋਟਾਂ ਹਾਸਲ ਕੀਤੀਆਂ, ਜਦੋਂ ਕਿ ਉਨ੍ਹਾਂ ਦੇ ਵਿਰੋਧੀ ਸੁਭਾਸ਼ ਚੰਦਰ ਨੇਮਵਾਂਗ ਨੂੰ 15,518 ਵੋਟਾਂ ਮਿਲੀਆਂ

photo

 

ਨੇਪਾਲ : ਰਾਮ ਚੰਦਰ ਪੌਡੇਲ ਨੇਪਾਲ ਦੇ ਨਵੇਂ ਰਾਸ਼ਟਰਪਤੀ ਚੁਣੇ ਗਏ ਹਨ। ਰਾਸ਼ਟਰਪਤੀ ਚੋਣ ਵਿੱਚ ਪੌਡੇਲ ਨੇ 33,802 ਇਲੈਕਟੋਰਲ ਵੋਟਾਂ ਹਾਸਲ ਕੀਤੀਆਂ, ਜਦੋਂ ਕਿ ਉਨ੍ਹਾਂ ਦੇ ਵਿਰੋਧੀ ਸੁਭਾਸ਼ ਚੰਦਰ ਨੇਮਵਾਂਗ ਨੂੰ 15,518 ਵੋਟਾਂ ਮਿਲੀਆਂ। ਇਹ ਜਾਣਕਾਰੀ ਨੇਪਾਲ ਦੇ ਚੋਣ ਕਮਿਸ਼ਨਰ ਨੇ ਦਿੱਤੀ। 

ਜਾਣਕਾਰੀ ਮੁਤਾਬਕ ਮੌਜੂਦਾ ਰਾਸ਼ਟਰਪਤੀ ਵਿਦਿਆ ਦੇਵੀ ਭੰਡਾਰੀ ਦਾ ਕਾਰਜਕਾਲ 12 ਮਾਰਚ ਨੂੰ ਖਤਮ ਹੋ ਰਿਹਾ ਹੈ। ਚੋਣ ਕਮਿਸ਼ਨ ਦੇ ਅਧਿਕਾਰੀਆਂ ਅਨੁਸਾਰ ਇਸ ਤੋਂ ਪਹਿਲਾਂ ਇੱਥੇ ਸੰਸਦ ਭਵਨ ਵਿੱਚ ਵੀਰਵਾਰ ਸਵੇਰੇ 10 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਵੋਟਾਂ ਪਈਆਂ। ਇਸ ਤੋਂ ਬਾਅਦ ਨਤੀਜਾ ਐਲਾਨਿਆ ਗਿਆ।
ਰਾਮ ਚੰਦਰ ਪੌਡੇਲ ਨੇ ਨੇਪਾਲੀ ਕਾਂਗਰਸ ਅਤੇ ਸੀਪੀਐਨ (ਮਾਓਵਾਦੀ ਕੇਂਦਰ) ਸਮੇਤ ਅੱਠ ਪਾਰਟੀਆਂ ਦੇ ਗੱਠਜੋੜ ਤੋਂ 214 ਸੰਸਦ ਮੈਂਬਰਾਂ ਅਤੇ 352 ਸੂਬਾਈ ਅਸੈਂਬਲੀ ਮੈਂਬਰਾਂ ਦੀਆਂ ਵੋਟਾਂ ਪ੍ਰਾਪਤ ਕੀਤੀਆਂ। 

ਚੋਣ ਕਮਿਸ਼ਨ ਦੇ ਬੁਲਾਰੇ ਸ਼ਾਲੀਗ੍ਰਾਮ ਨੇ ਕਿਹਾ ਕਿ ਰਾਸ਼ਟਰਪਤੀ ਚੋਣ ਵਿੱਚ 518 ਸੂਬਾਈ ਅਸੈਂਬਲੀ ਮੈਂਬਰਾਂ ਅਤੇ ਫੈਡਰਲ ਪਾਰਲੀਮੈਂਟ ਦੇ 313 ਮੈਂਬਰਾਂ ਨੇ ਵੋਟ ਪਾਈ। 2008 ਵਿੱਚ ਗਣਤੰਤਰ ਬਣਨ ਤੋਂ ਬਾਅਦ ਨੇਪਾਲ ਵਿੱਚ ਇਹ ਤੀਜੀ ਰਾਸ਼ਟਰਪਤੀ ਚੋਣ ਹੈ।

ਨੇਪਾਲ ਦੀ ਸਭ ਤੋਂ ਵੱਡੀ ਪਾਰਟੀ ਨੇਪਾਲੀ ਕਾਂਗਰਸ ਨੇ ਸੰਸਦ ਵਿੱਚ ਆਪਣੇ ਸੀਨੀਅਰ ਨੇਤਾ ਰਾਮ ਚੰਦਰ ਪੌਡੇਲ ਨੂੰ ਰਾਸ਼ਟਰਪਤੀ ਚੋਣ ਲਈ ਮੈਦਾਨ ਵਿੱਚ ਉਤਾਰਿਆ ਹੈ। ਪੌਦਿਆਲ ਦੀ ਉਮੀਦਵਾਰੀ ਦਾ ਪ੍ਰਸਤਾਵ ਨੇਪਾਲੀ ਕਾਂਗਰਸ ਪਾਰਟੀ ਦੇ ਪ੍ਰਧਾਨ ਸ਼ੇਰ ਬਹਾਦੁਰ ਦੇਉਬਾ, ਸੀਪੀਐਨ (ਯੂਨੀਫਾਈਡ ਸੋਸ਼ਲਿਸਟ) ਦੇ ਪ੍ਰਧਾਨ ਮਾਧਵ ਕੁਮਾਰ ਨੇਪਾਲ, ਸੀਪੀਐਨ-ਮਾਓਵਾਦੀ ਕੇਂਦਰ ਦੇ ਸੀਨੀਅਰ ਮੀਤ ਪ੍ਰਧਾਨ ਨਰਾਇਣ ਕਾਜੀ ਸ਼੍ਰੇਸ਼ਠ, ਜਨਤਾ ਸਮਾਜਵਾਦੀ ਪਾਰਟੀ ਫੈਡਰਲ ਕੌਂਸਲ ਦੇ ਪ੍ਰਧਾਨ ਅਸ਼ੋਕ ਰਾਏ ਅਤੇ ਜਨਮਤ ਪਾਰਟੀ ਦੇ ਪ੍ਰਧਾਨ ਅਬਦੁਲ ਖਾਨ ਨੇ ਪੇਸ਼ ਕੀਤਾ।