ਪੰਜਾਬ ਦੇ ਪ੍ਰੋਫੈਸਰ ਦਲਜੀਤ ਸਿੰਘ ਵਿਰਕ ਨੂੰ ਇੰਗਲੈਂਡ ਨੇ ਉੱਚ ਸਨਮਾਨ ਨਾਲ ਨਿਵਾਜਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪ੍ਰੋਫੈਸਰ ਦਲਜੀਤ ਸਿੰਘ ਵਿਰਕ ਨੂੰ ਵਿਗਿਆਨ ਦੇ ਖੇਤਰ ਵਿਚ ਕੀਤੀਆ ਗਈਆਂ ਪ੍ਰਾਪਤੀਆਂ ਕਰਕੇ ਮਿਲਿਆ ਇਹ ਮਾਣ

Professor Daljit Singh Virk awarded

ਇੰਗਲੈਂਡ: ਪ੍ਰੋਫੈਸਰ ਦਲਜੀਤ ਸਿੰਘ ਵਿਰਕ ਨੂੰ ਵਿਦੇਸ਼ਾਂ ਵਿਚ ਗਰੀਬੀ ਘਟਾਉਣ ਵਾਲੀਆਂ ਸੇਵਾਵਾਂ ਅਤੇ ਡਰਬੀ ਵਿਚ ਸਿੱਖਿਆ ਪ੍ਰਤੀ ਸੇਵਾਵਾਂ ਲਈ ਮਹਾਰਾਣੀ ਦੇ ਸਨਮਾਨ ਓਬੀਈ (Officer of the Order of the British Empire) ਨਾਲ ਸਨਮਾਨਿਤ ਕੀਤਾ ਗਿਆ। ਇਹ ਪੁਰਸਕਾਰ ਭਾਰਤ ਸਰਕਾਰ ਦੇ ਪਦਮ ਭੂਸ਼ਣ ਪੁਰਸਕਾਰ ਵਿਚੋਂ ਤੀਜਾ ਸਭ ਤੋਂ ਉੱਪਰ ਅਤੇ ਨੇੜੇ ਵਾਲਾ ਪੁਰਸਕਾਰ ਹੈ।

ਡਾਕਟਰ ਵਿਰਕ ਪੀਐਚ ਡੀ ਅਤੇ ਬਰਮਿੰਘਮ ਯੂਨੀਵਰਸਿਟੀ ਤੋਂ ਡੀਐਸਸੀ ਹਨ ਅਤੇ ਅੰਤਰਰਾਸ਼ਟਰੀ ਤੌਰ ‘ਤੇ ਪ੍ਰਸਿੱਧ ਬਾਇਓਮੈਟਰਿਕਲ ਜੈਨੇਟਿਕਸ ਅਤੇ ਪਲਾਂਟ ਬ੍ਰੀਡਰ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਚ ਪ੍ਰੋਫੈਸਰ ਦੀ ਸੇਵਾ ਨਿਭਾਉਣ ਤੋਂ ਪਹਿਲਾਂ 1851 ਵਿਚ ਉਹ ਬਰਮਿੰਘਮ ਯੂਨੀਵਰਸਿਟੀ ਵਿਚ ਰਿਸਰਚ ਫੈਲੋ ਸਨ।

1995 ਵਿਚ ਉਹ ਯੂ.ਕੇ. ਦੀ ਬੇਂਗੋਰ ਯੂਨੀਵਰਸਿਟੀ ਨਾਲ ਜੁੜੇ ਜਿੱਥੇ ਉਹ DFID ਪਲਾਂਟ ਵਿਗਿਆਨ ਪ੍ਰੋਜੈਕਟ ਦੇ ਅੰਤਰਰਾਸ਼ਟਰੀ ਕੋਰਡੀਨੇਟਰ ਰਹੇ ਅਤੇ ਉਹਨਾਂ ਨੇ ਭਾਰਤ ਅਤੇ ਅਫਰੀਕਾਂ ਦੀਆਂ ਕਈ ਯੂਨੀਵਰਸਿਟੀਆਂ ਅਤੇ ਹੋਰ ਅੰਤਰਰਾਸ਼ਟਰੀ ਖੋਜ ਸੰਸਥਾਵਾਂ ਜਿਵੇਂ IRRI ਅਤੇ CIMMYT ਦੇ ਸਹਿਯੋਗ ਨਾਲ ਪਲਾਂਟ ਬਰੀਡਿੰਗ ਦੇ ਤਰੀਕਿਆਂ ਵਿਚ ਕੁਸ਼ਲਤਾ ਅਤੇ ਵੱਖ ਵੱਖ ਕਿਸਮਾਂ ਦੀਆਂ ਫਸਲਾਂ ਦੇ ਪੌਦੇ ਜਿਵੇਂ ਬਾਜਰਾ, ਚਾਵਲ, ਮੱਕੀ, ਕਣਕ ਆਦਿ ਦੀ ਖੋਜ ਕੀਤੀ।

ਉਹਨਾਂ ਨੇ ਛੋਟੇ ਕਿਸਾਨਾਂ ਨੂੰ ਧਿਆਨ ਵਿਚ ਰੱਖਦੇ ਹੋਏ ਏਸ਼ੀਆ ਅਤੇ ਅਫਰੀਕਾ ਦੇ ਖੇਤਰਾਂ ਵਿਚ ਬਾਰਿਸ਼ ‘ਤੇ ਨਿਰਭਰ ਸਥਾਨਾਂ ਅਨੁਸਾਰ ਨਵੇਂ ਬੀਜਾਂ ਦੀ ਖੋਜ ਕੀਤੀ। ਉਦਾਹਰਣ ਦੇ ਤੌਰ ‘ਤੇ ਪੂਰਬੀ ਅਤੇ ਪੱਛਮੀ ਭਾਰਤ ਦੇ ਬਾਰਿਸ਼ ‘ਤੇ ਨਿਰਭਰ ਅਤੇ ਗਰੀਬ ਕਬੀਲਿਆਂ ਦੇ ਜੀਵਨ ਨੂੰ ਧਿਆਨ ਵਿਚ ਰੱਖਦੇ ਹੋਏ, ਨਵੀਂ ਉਪਜਾਊ ਚਾਵਲਾਂ ਦੀਆਂ ਕਿਸਮਾਂ (ਅਸ਼ੋਕਾ 200F ਅਤੇ ਅਸ਼ੋਕਾ 228) ਦੀ ਖੋਜ ਉਹਨਾਂ ਦੀ ਟੀਮ ਵੱਲੋਂ ਕੀਤੀ ਗਈ।

ਬਾਇਓਮੈਟਰਿਕਲ ਜੈਨੇਟਿਕਸ ਅਤੇ ਪਲਾਂਟ ਬਰੀਡਿੰਗ ਵਿਚ ਵਿਗਿਆਨਕ ਗਿਆਨ ਨੂੰ ਅੱਗੇ ਵਧਾਉਣ ਵਿਚ ਪ੍ਰੋਫੈਸਰ ਵਿਰਕ ਦੇ ਸਹਿਯੋਗ ਨੂੰ ਪੂਰੀ ਦੁਨੀਆ ਵਿਚ ਜਾਣਿਆ ਜਾਂਦਾ ਹੈ। ਉਹਨਾਂ ਨੇ 350 ਤੋਂ ਜ਼ਿਆਦਾ ਪੇਪਰ ਅਤੇ ਪਲਾਂਟ ਬਰੀਡਿੰਗ ਕਿਤਾਬਾਂ ਪਬਲਿਸ਼ ਕੀਤੀਆਂ। ਉਹਨਾਂ ਨੂੰ ਕਈ ਵਾਰ ਸਨਮਾਨਿਤ ਕੀਤਾ ਗਿਆ ਅਤੇ ਉਹ ਅੱਧੇ ਦਰਜਨ ਤੋਂ ਇਲਾਵਾ ਵਿਗਿਆਨਿਕ ਅਕੈਡਮੀਆਂ ਜਿਵੇਂ ਇੰਡੀਅਨ ਨੈਸ਼ਨਲ ਸਾਇੰਸ ਅਕੈਡਮੀ, ਨੈਸ਼ਨਲ ਅਕੈਡਮੀ ਆਫ ਐਗਰੀਕਲਚਰਲ ਸਾਇੰਸ, ਨੈਸ਼ਨਲ ਅਕੈਡਮੀ ਆਫ ਸਾਇੰਸ ਇੰਡੀਆ, ਰਾਇਲ ਸੋਸਾਇਟੀ ਆਫ ਬਾਇਓਲੋਜੀ ਆਦਿ ਦੇ ਮੈਂਬਰ ਹਨ।

ਇਸਦੇ ਨਾਲ ਨਾਲ ਉਹਨਾਂ ਦਾ ਸਮਾਜ ਸੇਵਾ ਵਿਚ ਵੀ ਬਹੁਤ ਸਹਿਯੋਗ ਹੈ ਅਤੇ ਉਹਨਾਂ ਨੇ ਯੂ.ਕੇ. ਸਰਕਾਰ ਦੇ ਸਹਿਯੋਗ ਨਾਲ ਖੋਲ੍ਹੇ ਗਏ ਮੁਫਤ ਸਿੱਖ ਸਕੂਲ- ਅਕਾਲ ਪ੍ਰਾਇਮਰੀ ਸਕੂਲ ਡਰਬੀ ਦੀ ਅਗਵਾਈ ਕਰ ਰਹੇ ਹਨ।