ਕੈਨੇਡੀਅਨ ਸਿੱਖਾਂ ਨੇ ਮੁੜ ਜੀਵਿਤ ਕੀਤੀ 100 ਸਾਲ ਪੁਰਾਣੀ ਇਤਿਹਾਸਕ ਤਸਵੀਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਇਸ ਤਸਵੀਰ ਨੂੰ ਮੁੜ ਜੀਵਿਤ ਕਰ ਅੱਜ ਦੇ ਕੈਨੇਡੀਅਨ ਸਿੱਖਾਂ ਨੇ ਆਉਣ ਵਾਲੀਆਂ ਪੀੜੀਆਂ ਵਾਸਤੇ ਇਕ ਨਵੀਂ ਵਿਰਾਸਤ ਸਿਰਜੀ ਹੈ।

Canadian Sikhs recreate iconic

ਵਿਨੀਪੈਗ: ਉਪਰਲੀ ਤਸਵੀਰ ਕੈਨੇਡਾ ਦੀ ਹੈ ਜੋ ਕਿ 20ਵੀਂ ਸਦੀ ਦੇ ਸ਼ੁਰੂਆਤ ਵਿਚ ਖਿੱਚੀ ਗਈ ਸੀ। ਇਸ ਵਿਚ ਉਸ ਸਦੀ ਦਾ ਆਰਕੀਟੈਕਚਰ ਇਸ ਤਸਵੀਰ ਵਿਚ ਉੱਭਰ ਕੇ ਸਾਹਮਣੇ ਆਉਂਦਾ ਹੈ, ਪਰ ਨਾਲ ਹੀ ਕੁਝ ਹੋਰ ਵੀ ਹੈ ਜੋ ਇਸ ਤਸਵੀਰ ਨੂੰ ਵੇਖਣ ਵਾਲੇ ਦਾ ਧਿਆਨ ਖਿੱਚਦਾ ਹੈ। ਉਹ ਹੈ ਇਸ ਤਸਵੀਰ ਦੇ ਸੱਜੇ ਪਾਸੇ ਪੱਛਮੀ ਪੋਸ਼ਾਕਾਂ ਵਿਚ ਤੁਰੇ ਜਾ ਰਹੇ ਚਾਰ ਸਿੱਖ ਨੌਜਵਾਨ।

 

ਇਹ ਤਸਵੀਰ ਜਿਸ ਦਾ ਨਾਮ Sikhs in Canada (ਕੈਨੇਡਾ ਵਿਚ ਸਿੱਖ) ਹੈ, ਵੈਨਕੂਵਰ ਦੇ ਇਕ ਫੋਟੋਗ੍ਰਾਫਰ ਫਿਲਿਪ ਟਿਮ ਵੱਲੋਂ 1908 ਵਿਚ ਖਿੱਚੀ ਗਈ ਸੀ, ਜਿਸ ਵਿਚ ਕੁਦਰਤੀ ਹੀ ਇਹ ਚਾਰ ਨੌਜਵਾਨ ਆ ਗਏ। ਕੈਨੇਡਾ ਅਤੇ ਸਿੱਖਾਂ ਦਾ ਇਕ ਅਟੁੱਟ ਰਿਸ਼ਤਾ ਰਿਹਾ ਹੈ। ਕੈਨੇਡਾ ਦੀ ਉਸਾਰੀ ਵਿਚ ਸਿੱਖਾਂ ਦਾ ਬਹੁਤ ਵੱਡਾ ਹਿੱਸਾ ਰਿਹਾ ਹੈ। ਅੱਜ ਕੈਨੇਡਾ ਵਿਚ ਸਿੱਖਾਂ ਅਤੇ ਪੰਜਾਬੀਆਂ ਦੀਆਂ ਅਗਲੀਆਂ ਪੀੜੀਆਂ ਵਸਦੀਆਂ ਹਨ, ਜਿਨ੍ਹਾਂ ਵਾਸਤੇ ਇਸ ਤਸਵੀਰ ਦੇ ਮਾਅਨੇ ਕੁਝ ਹੋਰ ਹੀ ਹਨ।

 

 

ਇਸ ਤਸਵੀਰ ਵਿਚ ਉਹਨਾਂ ਨੂੰ ਦਿਸਦੀ ਹੈ ਮਿਹਨਤ ਅਤੇ ਜਜ਼ਬਾ। ਉਸ ਤੋਂ ਵੀ ਵਧ ਕੇ ਦਿਸਦਾ ਹੈ ਮਾਣ, ਮਾਣ ਆਪਣੀ ਵਿਰਾਸਤ ‘ਤੇ, ਮਾਣ ਆਪਣੀ ਕੌਮ ‘ਤੇ। ਇਸੇ ਮਾਣ ਨੂੰ ਬਰਕਰਾਰ ਰੱਖਦਿਆਂ ਵਿਨੀਪੈਗ, ਕੈਨੇਡਾ ਦੇ ਕੁਝ ਨੌਜਵਾਨਾਂ ਨੇ ਇਸ 100 ਸਾਲ ਪੁਰਾਣੀ ਤਸਵੀਰ ਨੂੰ ਮੁੜ ਜੀਵਿਤ ਕੀਤਾ ਹੈ। ਸਿੱਖ ਹੈਰੀਟੇਜ ਮੈਨੀਟੋਬਾ ਦੀ ਡਾਇਰੈਕਟਰ ਇਮਰੀਤ ਕੌਰ ਦੱਸਦੇ ਹਨ ਕਿ ਇਸ ਉਪਰਾਲੇ ਪਿੱਛੇ ਇਕ ਬਹੁਤ ਵੱਡਾ ਕਾਰਣ ਕੈਨੇਡਾ ਵਿਚ ਵਸਦੀ ਮੌਜੂਦਾ ਪੰਜਾਬੀ ਪੀੜ੍ਹੀ ਦਾ ਆਪਣੇ ਵਿਰਸੇ ਤੋਂ ਅਣਜਾਣ ਹੋਣਾ ਹੈ। ਉਹਨਾਂ ਦੀ ਤ੍ਰਾਸਦੀ ਇਹ ਹੈ ਕਿ ਉਹ ਕੈਨੇਡਾ ਅਤੇ ਭਾਰਤ ਵਿਚੋਂ ਆਪਣੇ ਵਿਰਸੇ ਦੀ ਪਛਾਣ ਨਹੀਂ ਲੱਭ ਪਾ ਰਹੇ।

20ਵੀਂ ਸਦੀ ਦੀ ਤਸਵੀਰ ਵਿਚਲੇ ਦਰਸਾਏ ਗਏ ਸਮੇਂ ਕਾਲ ਦੌਰਾਨ ਸਿੱਖਾਂ ਦੇ ਖਿਲਾਫ ਨਸਲੀ ਭੇਦਭਾਵ ਜ਼ੋਰਾਂ ‘ਤੇ ਸੀ, ਇਸੇ ਦੌਰਾਨ ਗੁਰਦੁਆਰਿਆਂ ਵਿਚ ਇਹ ਮਤਾ ਪਾਸ ਕੀਤਾ ਗਿਆ ਕਿ ਸਿੱਖ ਹਮੇਸ਼ਾਂ ਆਪਣੇ ਆਪ ਨੂੰ ਬਿਹਤਰੀਨ ਤਰੀਕੇ ਨਾਲ ਹੀ ਪੇਸ਼ ਕਰਨਗੇ। ਤਸਵੀਰ ਵਿਚਲੇ ਚਾਰੋਂ ਨੌਜਵਾਨ ਉਸ ਵੇਲ਼ੇ ਦੇ ਸਿੱਖਾਂ ਵਿਚਲੇ ਆਤਮ ਵਿਸ਼ਵਾਸ ਅਤੇ ਵਿਦਰੋਹ ਨੂੰ ਦਰਸਾਉਂਦੇ ਹਨ। ਉਹਨਾਂ ਦੇ ਵਿਸ਼ਵਾਸ ਭਰੇ ਕਦਮ ਅਤੇ ਸਮੇਂ ਦੇ ਫੈਸ਼ਨ ਅਨੁਸਾਰ ਪਾਏ ਹੋਏ ਲਿਬਾਸ ਅੱਜ ਦੇ ਸਿੱਖਾਂ ਵਾਸਤੇ ਮਿਸਾਲ ਹਨ।

ਇਮਰੀਤ ਕੌਰ ਕਹਿੰਦੇ ਹਨ ਕਿ ਇਸ ਤਸਵੀਰ ਨੂੰ ਮੁੜ ਜੀਵਿਤ ਕਰ ਅੱਜ ਦੇ ਕੈਨੇਡੀਅਨ ਸਿੱਖਾਂ ਨੇ ਆਉਣ ਵਾਲੀਆਂ ਪੀੜੀਆਂ ਵਾਸਤੇ ਇਕ ਨਵੀਂ ਵਿਰਾਸਤ ਸਿਰਜੀ ਹੈ। -37 ਡਿਗਰੀ ਦੀ ਅੰਤਾਂ ਦੀ ਠੰਡ ਵਿਚ ਖਿੱਚੀ ਗਈ ਨਵੀਂ ਤਸਵੀਰ ਇਕ ਹੋਰ ਨਵੀਂ ਪੈੜ ਵੀ ਪਾਉਂਦੀ ਹੈ। 1918 ਤੱਕ ਕੈਨੇਡਾ ਵਿਚ ਸਿਰਫ ਸਿੱਖ ਮਰਦਾਂ ਨੂੰ ਹੀ ਆਉਣ ਦੀ ਇਜਾਜ਼ਤ ਸੀ। ਇਸ ਨਵੀਂ ਤਸਵੀਰ ਵਿਚ ਕੈਨੇਡੀਅਨ ਸਿੱਖ ਔਰਤਾਂ ਨੂੰ ਸ਼ਾਮਿਲ ਕੀਤਾ ਗਿਆ ਹੈ।

ਅੱਜ ਦੇ ਕੈਨੇਡੀਅਨ ਸਿੱਖ ਸਮਾਜ ਦੀ ਸਿਰਜਣਾ ਵਿਚ ਔਰਤਾਂ ਦਾ ਵੀ ਬਹੁਤ ਵੱਡਾ ਯੋਗਦਾਨ ਹੈ ਅਤੇ ਇਸ ਤਸਵੀਰ ਵਿਚ ਉਹਨਾਂ ਦੀ ਸ਼ਮੂਲੀਅਤ, ਉਹਨਾਂ ਦੇ ਯੋਗਦਾਨ ਨੂੰ ਸਿਜਦਾ ਹੈ। ਇਸ ਨਵੀਂ ਤਸਵੀਰ ਦਾ ਮੈਨੀਟੋਬਾ ਲੈਜੀਸਲੇਚਰ ਵਿਖੇ ਸਿੱਖ ਹੈਰੀਟੇਜ ਮੰਥ ਦੇ ਚੱਲਦਿਆਂ ਉਦਘਾਟਨ ਕੀਤਾ ਗਿਆ।