Canada News: ਸੜਕ ਹਾਦਸੇ 'ਚ ਭਾਰਤੀ ਜੋੜੇ ਤੇ ਪੋਤੇ ਦੀ ਮੌਤ ਦੇ ਮਾਮਲੇ ਵਿਚ ਭਾਰਤੀ ਮੂਲ ਦਾ ਲੁਟੇਰਾ ਮੁਲਜ਼ਮ!
ਉਕਤ ਹਾਦਸੇ ਵਿਚ ਮੁਲਜ਼ਮ ਗਗਨਦੀਪ ਸਿੰਘ ਦੀ ਵੀ ਹੋਈ ਮੌਤ
Canada News: ਕੈਨੇਡਾ 'ਚ ਹਾਲ ਹੀ ਵਿਚ ਇਕ ਸੜਕ ਹਾਦਸੇ 'ਚ ਮਾਰੇ ਗਏ ਇਕ ਜੋੜੇ ਅਤੇ ਉਨ੍ਹਾਂ ਦੇ ਤਿੰਨ ਮਹੀਨੇ ਦੇ ਪੋਤੇ ਦੀ ਮੌਤ ਦੇ ਮਾਮਲੇ ਵਿਚ ਭਾਰਤੀ ਮੂਲ ਦਾ 21 ਸਾਲਾ ਵਿਅਕਤੀ ਮੁਲਜ਼ਮ ਦਸਿਆ ਜਾ ਰਿਹਾ ਹੈ। ਸਥਾਨਕ ਮੀਡੀਆ ਦੀਆਂ ਖ਼ਬਰਾਂ ਅਨੁਸਾਰ ਉਕਤ ਸ਼ੱਕੀ ਸ਼ਰਾਬ ਦੀਆਂ ਦੋ ਦੁਕਾਨਾਂ ਤੋਂ ਚੋਰੀ ਕਰਨ ਤੋਂ ਬਾਅਦ ਗਲਤ ਦਿਸ਼ਾ 'ਚ ਤੇਜ਼ ਰਫਤਾਰ ਨਾਲ ਪੁਲਿਸ ਤੋਂ ਬਚਣ ਦੀ ਕੋਸ਼ਿਸ਼ ਕਰ ਰਿਹਾ ਸੀ।
ਮ੍ਰਿਤਕਾਂ ਦੀ ਪਛਾਣ ਮਨੀਵਾਨਨ ਸ਼੍ਰੀਨਿਵਾਸਪਿਲਾਈ (60), ਮਹਾਲਕਸ਼ਮੀ ਅਨੰਤਕ੍ਰਿਸ਼ਨਨ (55) ਅਤੇ ਉਨ੍ਹਾਂ ਦੇ ਤਿੰਨ ਮਹੀਨੇ ਦੇ ਪੋਤੇ ਆਦਿੱਤਿਆ ਵਿਵਾਨ ਵਜੋਂ ਹੋਈ ਹੈ। ਇਸ ਹਾਦਸੇ 'ਚ ਲੜਕੇ ਦੇ ਮਾਤਾ-ਪਿਤਾ ਗੋਕੁਲਨਾਥ ਮਨੀਵਾਨਨ (33) ਅਤੇ ਅਸ਼ਵਿਤਾ ਜਵਾਹਰ (27) ਬਚ ਗਏ।
ਇਹ ਹਾਦਸਾ 29 ਅਪ੍ਰੈਲ ਨੂੰ ਹਾਈਵੇਅ 401 'ਤੇ ਉਸ ਸਮੇਂ ਵਾਪਰਿਆ ਜਦੋਂ ਪੁਲਿਸ ਸ਼ਰਾਬ ਦੀਆਂ ਦੁਕਾਨਾਂ ਲੁੱਟਣ ਦੇ ਮੁਲਜ਼ਮ ਗਗਨਦੀਪ ਸਿੰਘ ਦਾ ਪਿੱਛਾ ਕਰ ਰਹੀ ਸੀ। ‘ਦ ਟੋਰਾਂਟੋ ਸਟਾਰ’ ਨੇ ਦਸਿਆ ਕਿ ਸਿੰਘ 'ਯੂ ਹਾਲ' ਟਰੱਕ ਨੂੰ ਗਲਤ ਦਿਸ਼ਾ ਵਿਚ ਤੇਜ਼ ਰਫਤਾਰ ਨਾਲ ਚਲਾ ਰਿਹਾ ਸੀ ਜਦੋਂ ਇਹ ਇਕ ਸੈਮੀਟ੍ਰੇਲਰ ਟਰੱਕ ਨਾਲ ਟਕਰਾ ਗਿਆ। ਗਗਨਦੀਪ ਸਿੰਘ ਦੀ ਵੀ ਮੌਕੇ 'ਤੇ ਹੀ ਮੌਤ ਹੋ ਗਈ।
ਗਗਨਦੀਪ ਸਿੰਘ ਖਿਲਾਫ ਚੋਰੀ ਅਤੇ ਡਕੈਤੀ ਦੇ ਦੋਸ਼ ਦਰਜ ਕੀਤੇ ਗਏ ਸਨ। ਉਹ ਜ਼ਮਾਨਤ 'ਤੇ ਬਾਹਰ ਸੀ ਅਤੇ ਉਸ ਨੇ 14 ਮਈ ਨੂੰ ਅਦਾਲਤ ਵਿਚ ਪੇਸ਼ ਹੋਣਾ ਸੀ। ਕੰਜ਼ਰਵੇਟਿਵ ਪਾਰਟੀ ਦੇ ਆਗੂ ਪਿਅਰੇ ਪੋਇਲੇਵੇਅਰ ਨੇ ਕਿਹਾ ਕਿ ਜੇ ਜ਼ਮਾਨਤ ਦੇਣ ਦੀ ਪ੍ਰਣਾਲੀ ਮਜ਼ਬੂਤ ਹੁੰਦੀ ਤਾਂ ਮੌਤਾਂ ਤੋਂ ਬਚਿਆ ਜਾ ਸਕਦਾ ਸੀ।
(For more Punjabi news apart from Suspected Indian-origin robber responsible for death of Indian couple, grandson in canada, stay tuned to Rozana Spokesman)