ਲਾਂਘੇ ਦੇ ਨਾਲ-ਨਾਲ ਦਿਲਾਂ ਦੇ ਦਰਵਾਜ਼ੇ ਵੀ ਖੋਲ੍ਹ ਰਿਹੈ ਪਾਕਿਸਤਾਨ- ਇਮਰਾਨ ਖ਼ਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਇਮਰਾਨ ਖ਼ਾਨ ਨੇ ਸ਼ਨੀਵਾਰ ਨੂੰ ਕਿਹਾ ਕਿ ਇਤਿਹਾਸਕ ਕਰਤਾਰਪੁਰ ਲਾਂਘੇ ਨੂੰ ਖੋਲਣਾ ਸਥਾਨਕ ਸ਼ਾਂਤੀ ਬਣਾ ਕੇ ਰੱਖਣ ਵਿਚ ਪਾਕਿਸਤਾਨ ਵਚਨਬੱਧਤਾ ਦਾ ਸਬੂਤ ਹੈ।

Imran Khan

ਇਸਲਾਮਾਬਾਦ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਸ਼ਨੀਵਾਰ ਨੂੰ ਕਿਹਾ ਕਿ ਇਤਿਹਾਸਕ ਕਰਤਾਰਪੁਰ ਲਾਂਘੇ ਨੂੰ ਖੋਲਣਾ ਸਥਾਨਕ ਸ਼ਾਂਤੀ ਬਣਾ ਕੇ ਰੱਖਣ ਵਿਚ ਪਾਕਿਸਤਾਨ ਵਚਨਬੱਧਤਾ ਦਾ ਸਬੂਤ ਹੈ। ਇਸ ਦੇ ਨਾਲ ਹੀ ਉਹਨਾਂ ਨੇ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਦੀ 550ਵੀਂ ਜੰਯਤੀ ‘ਤੇ ਸਿੱਖ ਭਾਈਚਾਰੇ ਨੂੰ ਵਧਾਈ ਦਿੱਤੀ। ਕਰਤਾਰਪੁਰ ਲਾਂਘਾ ਸ਼ਨੀਵਾਰ ਨੂੰ ਸੰਗਤਾਂ ਲਈ ਖੋਲ ਦਿੱਤਾ ਗਿਆ ਹੈ ਜੋ ਦੇਵੇਂ ਦੇਸ਼ਾਂ ਵਿਚਕਾਰ ਵਧੀਆ ਸਬੰਧਾਂ ਦੀ ਉਮੀਦ ਦੇ ਨਾਲ ਆਪਸੀ ਸੰਪਰਕ ਦੀ ਇਤਿਹਾਸਕ ਪਹਿਲ ਹੈ।

ਗੁਰਦੁਆਰਾ ਕਰਤਾਰਪੁਰ ਸਾਹਿਬ ਪਾਕਿਸਤਾਨ ਵਿਚ ਰਾਵੀ ਨਦੀ ਦੇ ਕੰਢੇ ਸਥਿਤ ਹੈ ਅਤੇ ਇਹ ਡੇਰਾ ਬਾਬਾ ਨਾਨਕ ਤੋਂ 4 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।ਸਰਕਾਰੀ ਰੇਡੀਓ ਪਾਕਿਸਤਾਨ ਨੇ ਇਮਰਾਨ ਖ਼ਾਨ ਦੇ ਹਵਾਲੇ ਨਾਲ ਕਿਹਾ, ‘ਅੱਜ ਅਸੀਂ ਸਿਰਫ਼ ਲਾਂਘਾ ਨਹੀਂ ਖੋਲ ਰਹੇ ਬਲਕਿ ਸਿੱਖ ਭਾਈਚਾਰੇ ਲਈ ਅਪਣੇ ਦਿਲਾਂ ਦੇ ਦਰਵਾਜ਼ੇ ਵੀ ਖੋਲ ਰਹੇ ਹਾਂ’। ਇਮਰਾਨ ਖਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਵਲੋਂ ਦਿਖਾਈ ਗਈ ਸਦਭਾਵਨਾ ਬਾਬਾ ਗੁਰੂ ਨਾਨਕ ਦੇਵ ਜੀ ਤੇ ਸਿੱਖ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਲਈ ਉਸ ਦੇ ਗਹਿਰੇ ਸਨਮਾਨ ਨੂੰ ਦਰਸਾਉਂਦੀ ਹੈ।

ਖ਼ਬਰਾਂ ਮੁਤਾਬਕ ਖ਼ਾਨ ਨੇ ਇਸ ਇਤਿਹਾਸਕ ਮੌਕੇ ‘ਤੇ ਦੁਨੀਆਂ ਭਰ ਦੇ ਸਿੱਖ ਭਾਈਚਾਰੇ ਨੂੰ ਵਧਾਈ ਦਿੱਤੀ। ਭਾਰਤ ਵੱਲੋਂ ਲ਼ਾਂਘੇ ਦਾ ਉਦਘਾਟਨ ਹੋਣ ਤੋਂ ਬਾਅਦ ਭਾਰਤੀ ਸਿੱਖਾਂ ਦਾ ਪਹਿਲਾ ਜੱਥਾ ਪਾਕਿਸਤਾਨ ਪਹੁੰਚਣ ‘ਤੇ ਪਾਕਿ ਪੀਐਮ ਨੇ ਜੱਥੇ ਦਾ ਨਿੱਘਾ ਸਵਾਗਤ ਕੀਤਾ। ਇਸ ਮੌਕੇ ਉਹ ਨਵਜੋਤ ਸਿੰਘ ਸਿੱਧੂ ਨੂੰ ਜੱਫੀ ਪਾ ਕੇ ਮਿਲੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।