ਬਾਬੇ ਨਾਨਕ ਦਾ 550ਵਾਂ ਪੁਰਬ ਮਨਾਉਣ ਵਿਚ ਬਾਜ਼ੀ ਮਾਰ ਗਿਆ ਇਮਰਾਨ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਕਿਸੇ ਗੁਰੂ, ਪੀਰ ਜਾਂ ਧਾਰਮਕ ਰਹਿਬਰ ਦਾ ਪੁਰਬ ਮਨਾਉਣਾ ਤੇ ਉਸ ਪੁਰਬ ਨੂੰ ਇਤਿਹਾਸਿਕ ਬਣਾਉਣਾ, ਦੁਨੀਆਂ ਵਿਚ ਸੋਭਾ ਖੱਟਣਾ ਅਲੱਗ-ਅਲੱਗ ਗੱਲਾਂ ਹਨ...

Imran Khan

ਕਿਸੇ ਗੁਰੂ, ਪੀਰ ਜਾਂ ਧਾਰਮਕ ਰਹਿਬਰ ਦਾ ਪੁਰਬ ਮਨਾਉਣਾ ਤੇ ਉਸ ਪੁਰਬ ਨੂੰ ਇਤਿਹਾਸਿਕ ਬਣਾਉਣਾ, ਦੁਨੀਆਂ ਵਿਚ ਸੋਭਾ ਖੱਟਣਾ ਅਲੱਗ-ਅਲੱਗ ਗੱਲਾਂ ਹਨ।
ਸਿੱਖ ਧਰਮ ਦੇ ਮੋਢੀ ਬਾਬਾ ਨਾਨਕ ਜੀ ਦਾ 550ਵਾਂ ਪ੍ਰਕਾਸ਼ ਪੁਰਬ ਪੂਰੇ ਵਿਸ਼ਵ ਦੇ ਵੱਖ-ਵੱਖ ਦੇਸ਼ਾਂ ਤੇ ਕੌਮਾਂਤਰੀ ਸੰਸਥਾਵਾਂ ਬੜੇ ਜੋਸ਼ੋ-ਖ਼ਰੋਸ਼ ਤੇ ਉਤਸ਼ਾਹ ਨਾਲ ਮਨਾਉਣ ਜਾ ਰਹੇ ਹਨ। ਇਸ ਮਹਾਂ-ਪੁਰਬ ਵਿਚ ਨਾ ਸਿਰਫ਼ ਨਾਨਕ ਨਾਮ ਲੇਵਾ ਲੋਕ ਹੀ ਸ਼ਾਮਲ ਹੋ ਰਹੇ ਹਨ, ਬਲਕਿ ਸਾਰੇ ਧਰਮਾਂ, ਵਰਗਾਂ, ਰੰਗਾਂ, ਲਿੰਗਾਂ, ਭਾਸ਼ਾਵਾਂ, ਇਲਾਕਿਆਂ ਤੇ ਸਭਿਆਚਾਰਾਂ ਦੇ ਲੋਕ ਵੀ ਸਰਧਾ ਪੂਰਵਕ ਹਿੱਸਾ ਲੈ ਰਹੇ ਹਨ।

ਬਾਬਾ ਨਾਨਕ ਜੀ ਦਾ ਸਰਬ ਸਾਂਝੀਵਾਲਤਾ, ਮਨੁੱਖੀ ਅਤੇ ਰੱਬੀ ਏਕਤਾ, ਆਪਸੀ ਭਾਈਚਾਰਕ ਮਿਲਵਰਣ, ਸਮਾਜਕ ਬਰਾਬਰੀ ਤੇ ਇਨਸਾਫ਼, ਕਿਰਤ ਕਰੋ, ਨਾਮ ਜਪੋ ਤੇ ਵੰਡ ਛੱਕੋ ਦਾ ਸੰਦੇਸ਼ ਹਰ ਵਿਅਕਤੀ ਦੀ ਰੂਹ ਨੂੰ ਕੀਲ ਰਿਹਾ ਹੈ। ਸਿੱਖ ਧਰਮ ਦੀ ਸਰਵਉੱਚ ਨਿਰਵੈਰ-ਨਿਰਲੇਪ ਮੁਕੱਦਮ ਤੇ ਸਰਬਕਾਲੀ ਰਾਹਦਸੇਰੀ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਫ਼ੁਰਮਾਨ ਨੂੰ ਨਜ਼ਰ ਅੰਦਾਜ਼ ਕਰਦਿਆਂ ਸਿੱਖਾਂ ਦੀ ਪ੍ਰਤੀਨਿਧ ਸੰਸਥਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਤੇ ਪੰਜਾਬ ਸਰਕਾਰ ਵਖਰੇ ਤੌਰ ਉਤੇ ਗੁਰੂ ਸਾਹਿਬ ਦਾ ਪੁਰਬ ਮਨਾ ਰਹੀਆਂ ਹਨ।

ਦੁਬਿਧਾ ਵਿਚ ਫ਼ਸੀ ਕੇਂਦਰ ਸਰਕਾਰ, ਸੈਂਕੜੇ ਤੋਂ ਵੱਧ ਦੇਸ਼ਾਂ ਦੇ ਪ੍ਰਤੀਨਿਧ ਵੀ ਇਨ੍ਹਾਂ ਸਮਾਗਮਾਂ ਵਿਚ ਭਾਗ ਲੈ ਰਹੇ ਹਨ। ਇਸੇ ਦੌਰਾਨ ਕੇਂਦਰ ਸਰਕਾਰ ਵਲੋਂ ਹਰ ਦੇਸ਼ ਵਿਚ ਸਥਿਤ ਰਾਜਦੂਤ, ਹਾਈ ਕਮਿਸ਼ਨਰ ਤੇ ਕੌਂਸਲੇਟ ਜਨਰਲ ਪੱਧਰ ਉਤੇ ਇਸ ਨੂੰ ਮਨਾਅ ਕੇ ਪੂਰੇ ਵਿਸ਼ਵ ਦੇ ਕੋਨੇ-ਕੋਨੇ ਵਿਚ ਬਾਬੇ ਨਾਨਕ ਦਾ ਸੰਦੇਸ਼ ਪਹੁੰਚਾਇਆ ਜਾ ਰਿਹਾ ਹੈ। ਇਹ ਸ਼ਲਾਘਾਯੋਗ ਕਦਮ ਬਾਬੇ ਨਾਨਕ ਦੇ ਅਪਣੇ ਉਸ ਮਹਾਨ ਚਾਰ ਉਦਾਸੀਆਂ ਰਾਹੀਂ ਵੱਖ ਇਲਾਕਿਆਂ, ਰਾਜਾਂ, ਸਭਿਆਚਾਰਾਂ ਵਿਚ ਖ਼ੁਦ ਚਲ ਕੇ ਭਾਈ ਮਰਦਾਨੇ ਤੇ ਹੋਰ ਸਿੱਖਾਂ ਸਾਹਿਤ ਸੰਦੇਸ਼ ਪਹੁੰਚਾਉਣ ਦੀ ਤਰਜ਼ ਉਤੇ ਹੈ।

ਭਾਰਤ ਤੇ ਪੰਜਾਬ ਅੰਦਰ ਇਸ ਮਹਾਨ ਪੁਰਬ ਤੇ ਇਸ ਸਮੇਂ ਪਾਕਿਸਤਾਨ ਵਲੋਂ ਖੋਲ੍ਹੇ ਜਾ ਰਹੇ ਕਰਤਾਰਪੁਰ ਸਾਹਿਬ ਲਾਂਘੇ ਦੇ ਸਮਾਰੋਹਾਂ ਨੂੰ  ਅਕਾਲੀ ਦਲ, ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ, ਕਾਂਗਰਸ ਪਾਰਟੀ ਤੇ ਪੰਜਾਬ ਅੰਦਰ ਇਸ ਦੀ ਸਰਕਾਰ ਵਲੋਂ, ਇਸ ਤੋਂ ਇਲਾਵਾ ਹੋਰ ਡੇਰੇਦਾਰ ਸੰਸਥਾਵਾਂ ਵਲੋਂ ਵੱਖੋ-ਵੱਖ ਮਨਾ ਕੇ ਇਨ੍ਹਾਂ ਮੁਕੱਦਸ ਕਾਰਜਾਂ ਨੂੰ ਪ੍ਰਦੂਸ਼ਤ ਕੀਤਾ ਜਾ ਰਿਹਾ ਹੈ। ਇਸ ਤੋਂ ਵੱਡਾ ਉਨ੍ਹਾਂ ਦੇ ਸਰਬ ਸਾਂਝੀਵਾਲਤਾ, ਭਾਈਚਾਰਕ ਸਾਂਝ, ਮਨੁੱਖੀ ਤੇ ਰੱਬੀ ਏਕਤਾ ਦੇ ਪਵਿੱਤਰ ਸੰਦੇਸ਼ ਨੂੰ ਹੋਰ ਕਿਹੜਾ ਗ੍ਰਹਿਣ ਹੋ ਸਕਦਾ ਹੈ?

ਦੂਜੇ ਪਾਸੇ ਪਾਕਿਸਤਾਨ ਦੀ ਇਮਰਾਨ ਖ਼ਾਨ ਸਰਕਾਰ ਨੇ ਭਾਰਤ ਨਾਲ ਕਸ਼ਮੀਰ ਨੂੰ ਲੈ ਕੇ ਮਾਰੂ ਟਕਰਾਅ ਦੇ ਬਾਵਜੂਦ ਬਾਬੇ ਨਾਨਕ ਦੇ ਸਰਬ ਸਾਂਝੀਵਾਲਤਾ, ਰੱਬੀ-ਏਕਤਾ, ਮਨੁੱਖੀ ਏਕਤਾ, ਭਾਈਚਾਰਕ ਮਿਲਵਰਤਣ ਦੇ ਮਹਾਨ ਸਦੀਵੀਂਸੰਦੇਸ਼ ਦੀ ਕਦਰ ਕਰਦੇ ਹੋਏ, ਉਨ੍ਹਾਂ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਪੂਰੀ ਕਾਇਨਾਤ ਅੰਦਰ ਇਤਿਹਾਸਕ ਬਣਾਉਣ ਦਾ ਸੰਕਲਪ ਲਿਆ ਹੋਇਆ ਹੈ। ਇੰਜ ਕਰ ਕੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ, ਉਸ ਦੀ ਸਰਕਾਰ ਤੇ ਸਮੂਹ ਪਾਕਿਸਤਾਨ ਮੁਸਲਿਮ ਭਾਈਚਾਰਾ ਬਾਬੇ ਨਾਨਕ ਦੀ ਅਸੀਸ ਦਾ ਵਡਭਾਗੀ ਬਣ ਰਿਹਾ ਹੈ।

ਭਾਰਤ ਤੇ ਭਾਰਤੀ ਪੰਜਾਬ ਵਿਚ ਮਿਲਜੁਲ ਕੇ ਪੂਰੀ ਸਰਧਾ ਅਨੁਸਾਰ ਇਹ ਪੂਰਬ ਨਾ ਮਨਾ ਕੇ ਅਜੋਕੇ ਆਗੂਆਂ ਨੇ ਅਪਣੇ ਆਪ ਨੂੰ ਕਲੰਕਿਤ ਕਰ ਲਿਆ ਹੈ। ਸ਼੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਹੀਰੋ ਨਵਜੋਤ ਸਿੰਘ ਸਿੱਧੂ ਨੂੰ ਇਸ ਸਬੰਧੀ ਸਮਾਰੋਹਾਂ ਵਿਚੋਂ ਮਨਫ਼ੀ ਕਰ ਕੇ ਰਾਜਨੀਤਕ, ਧਾਰਮਕ ਤੇ ਸਮਾਜਕ ਅਕ੍ਰਿਤਘਣਤਾ ਦਾ ਸਬੂਤ ਦਿਤਾ ਹੈ। ਇਮਰਾਨ ਖ਼ਾਨ ਬਾਬੇ ਗੁਰੂ ਨਾਨਕ ਦੇ ਜਨਮ ਸਥਾਨ ਸ਼੍ਰੀ ਨਨਕਾਣਾ ਸਾਹਿਬ (ਰਾਏ ਭੋਇਂ ਦੀ ਤਲਵੰਡੀ) ਨੂੰ ਸਿੱਖ ਭਾਈਚਾਰੇ ਦਾ ਮੱਕਾ ਜਦ ਕਿ ਸ਼੍ਰੀ ਕਰਤਾਰਪੁਰ ਸਾਹਿਬ ਜਿਥੇ ਉਨ੍ਹਾਂ ਜੀਵਨ ਦੇ ਆਖ਼ਰੀ 18 ਸਾਲ ਕਿਰਤ ਕਰਦੇ, ਨਾਮ ਸਿਮਰਨ ਦਾ ਛੱਟਾ ਦਿੰਦੇ, ਵੰਡ ਛਕਣ ਦੀ ਪ੍ਰੰਪਰਾ ਤੋਰਦੇ ਗ਼ੁਜ਼ਾਰੇ, ਨੂੰ ਸਿੱਖ ਭਾਈਚਾਰੇ ਦਾ ਮਦੀਨਾ ਸਮਝਦੇ ਹਨ।

ਇਸ ਮਹਾਨ ਪੁਰਬ ਸਮੇਂ ਇਨ੍ਹਾਂ ਦੋਹਾਂ ਪਵਿੱਤਰ ਸਥਾਨਾਂ ਤੇ ਇਕ ਨਵੇਂ ਇਤਿਹਾਸ ਦੀ ਰਚਨਾ ਕਰਦੇ ਹੋਏ ਉਨ੍ਹਾਂ ਨੇ ਸ੍ਰੀ ਨਨਕਾਣਾ ਸਾਹਿਬ ਵਿਖੇ ਬਾਬਾ ਗੁਰੂ ਨਾਨਕ ਯੂਨੀਵਰਸਟੀ ਤੇ ਸ੍ਰੀ ਕਰਤਾਰਪੁਰ ਸਾਹਿਬ ਵਿਖੇ 444 ਏਕੜ ਕੰਪਲੈਕਸ ਤੇ ਵਿਸ਼ਾਲ ਅਜੂਬਾ ਨੁਮਾ ਗੁਰਦਵਾਰਾ ਸਾਹਿਬ ਤੇ ਭਾਰਤ ਨੂੰ ਲਾਂਘਾ ਉਸਾਰ ਕੇ ਦੇਣ ਦੇ ਕਾਰਜ ਕੀਤੇ ਹਨ। ਲਾਂਘੇ ਦੇ ਸਵਾਗਤੀ ਗੇਟ ਤੇ ਪੰਜਾਬੀ ਵਿਚ ਲਿਖਿਆ ਹੈ 'ਪਾਕਿਸਤਾਨ ਆਉਣ ਵਾਲੀ ਸੰਗਤ ਨੂੰ ਜੀ ਆਇਆਂ ਨੂੰ ਆਖਦੇ ਹਾਂ।'

ਵੈਸੇ ਤਾਂ 15 ਸਾਲ ਪਹਿਲਾਂ ਤੋਂ ਬਾਬਾ ਗੁਰੂ ਨਾਨਕ ਯੂਨੀਵਰਸਟੀ ਦਾ ਜੋ ਪ੍ਰੋਜੈਕਟ ਵਿਚਾਰਿਆ ਜਾ ਰਿਹਾ ਸੀ, ਉਸ ਨੂੰ 70 ਏਕੜ ਤੇ ਉਸਾਰਨ ਦੀ ਤਜਵੀਜ਼ ਸੀ। ਹੁਣ ਇਸ ਦਾ ਪ੍ਰਧਾਨ ਮੰਤਰੀ ਵਲੋਂ ਨੀਂਹ ਪੱਥਰ ਰਖਦੇ ਹੋਏ ਇਸ ਨੂੰ 100 ਏਕੜ ਵਿਚ ਉਸਾਰਨ ਦਾ ਐਲਾਨ ਕੀਤਾ ਗਿਆ ਹੈ। ਜਿਵੇਂਬਾਬਾ ਜੀ ਨੇ ਅਪਣਾ ਸਾਰਾ ਜੀਵਨ ਮਨੁੱਖਤਾ ਦੀ ਸੇਵਾ ਲਈ ਅਰਪਨ ਕਰ ਦਿਤਾ ਸੀ, ਇਹ ਯੂਨੀਵਰਸਟੀ ਇਹੀ ਸੰਦੇਸ਼ ਘਰ-ਘਰ ਪਹੁੰਚਾਉਣ ਦਾ ਯਤਨ ਕਰੇਗੀ।

ਇਸ ਵਿਚ ਪ੍ਰਮੁੱਖ ਆਧੁਨਕ ਕੋਰਸਾਂ ਤੇ ਖੋਜ ਕਾਰਜਾਂ ਨੂੰ ਸ਼ਾਮਲ ਕੀਤਾ ਜਾਏਗਾ। ਸਿੱਖ ਵਿਦਿਆਰਥੀਆਂ ਤੋਂ ਇਲਾਵਾ ਦੂਸਰੇ ਧਰਮਾਂ ਤੇ ਵਰਗਾਂ ਦੇ ਵਿਦਿਆਰਥੀ ਵੀ ਇਥੇ ਵਿਦਿਆ ਪ੍ਰਾਪਤ ਕਰ ਸਕਣਗੇ। 6 ਬਿਲੀਅਨ ਰੁਪਏ ਨਾਲ ਉਸਾਰੀ ਜਾਣ ਵਾਲੀ ਇਹ ਯੂਨੀਵਰਸਟੀ ਬਾਬੇ ਨਾਨਕ ਦੇ ਆਸ਼ੇ ਅਨੁਸਾਰ ਧਾਰਮਕ ਟੂਰਿਜ਼ਮ ਨੂੰ ਕੌਮਾਂਤਰੀ ਪੱਧਰ ਉਤੇ ਉਤਸ਼ਾਹਿਤ ਕਰੇਗੀ। ਸਿੱਖ ਧਰਮ, ਸਭਿਆਚਾਰ ਤੇ ਕਲਾਕ੍ਰਿਤਾਂ ਦੀ ਸਿਖਿਆ ਪ੍ਰਦਾਨ ਕਰੇਗੀ।

ਸ਼੍ਰੀ ਕਰਤਾਰਪੁਰ ਸਾਹਿਬ ਜੋ ਐਨ ਭਾਰਤ-ਪਾਕਿਸਤਾਨ ਸਰਹੱਦ ਉਤੇ ਸਥਿਤ ਹੈ, ਨੂੰ ਇਕ ਵਿਸ਼ਾਲ ਅਜੂਬਾ ਨੁਮਾ ਧਾਰਮਕ ਗੁਰਦਵਾਰੇ, ਧਾਰਮਕ ਕੇਂਦਰ ਅਤੇ ਆਧੁਨਕ ਸ਼ਹਿਰ ਵਜੋਂ ਵਿਕਸਤ ਕਰ ਕੇ ਪੂਰੇ ਵਿਸ਼ਵ ਅੰਦਰ ਵਸਦੀ ਸਿੱਖ ਕੌਮ ਨੂੰ ਇਕ ਤੋਹਫ਼ੇ ਵਜੋਂ ਇਮਰਾਨ ਖ਼ਾਨ ਸਰਕਾਰ ਭੇਂਟ ਕਰਨ ਜਾ ਰਹੀ ਹੈ। ਜਿਹੜਾ ਗੁਰਦਵਾਰਾ ਸਿਰਫ਼ 4 ਏਕੜ ਉਤੇ ਸਥਿਤ ਸੀ ਤੇ ਜਿਸ ਨੂੰ ਭਾਰਤ ਵਾਲੇ ਪਾਸਿਉਂ ਸਿੱਖ ਕੌਮ ਪਿਛਲੇ ਕਈ ਸਾਲਾਂ ਤੋਂ ਸਰਹੱਦ ਤੋਂ ਦੂਰਬੀਨ ਨਾਲ ਵੇਖਦੀ ਤੇ ਇਸ ਸਬੰਧੀ ਖੁੱਲ੍ਹੇ ਲਾਂਘੇ ਦੀ ਉਸਾਰੀ ਲਈ ਅਰਦਾਸ ਕਰਦੀ ਆ ਰਹੀ ਸੀ, ਉਸ ਨੂੰ ਹੁਣ 42 ਏਕੜ ਤੇ ਉਸਾਰਿਆ ਗਿਆ ਹੈ।

ਅੰਗਰੇਜ਼ੀ ਦੇ ਸ਼ਬਦ 'ਯੂ' ਦੇ ਆਕਾਰਵਾਂਗ ਉਸਾਰੇ ਗਏ ਇਸ ਧਾਰਮਕ ਅਜੂਬੇ ਵਿਚ 26 ਏਕੜ ਜ਼ਮੀਨ ਫੱਲ ਤੇ ਸਬਜ਼ੀਆਂ ਅਤੇ 36 ਏਕੜ ਵਿਚ ਕਣਕ, ਝੋਨਾ ਜਾਂ ਦਾਲਾਂ ਬਾਬੇ ਨਾਨਕ ਦੀ ਪ੍ਰੰਪਰਾ ਅਨੁਸਾਰ ਉਗਾਈਆਂ ਜਾਇਆ ਕਰਨਗੀਆਂ। ਜਿਥੇ ਸ਼੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਕੰਪਲੈਕਸ 30.7 ਏਕੜ ਵਿਚ ਸਥਿਤ ਹੈ, ਸ਼੍ਰੀ ਕਰਤਾਰਪੁਰ ਸਾਹਿਬ ਕੰਪਲੈਕਸ 444 ਏਕੜ ਵਿਚ ਸਥਿਤ ਹੈ। ਸਰਕਾਰ ਨੇ ਇਸ ਪ੍ਰਾਜੈਕਟ ਲਈ ਕੁੱਲ 800 ਏਕੜ ਜ਼ਮੀਨ ਖ਼ਰੀਦੀ ਹੈ। ਬਾਕੀ ਥਾਂ ਉਤੇ ਹੋਟਲ, ਸੈਮੀਨਾਰ ਕੰਪਲੈਕਸ, ਕਾਰੋਬਾਰ ਮਾਰਕੀਟ ਉਸਾਰੀ ਜਾਵੇਗੀ।

ਗੁਰਦਵਾਰਾ ਸਾਹਿਬ ਦੇ ਆਲੇ-ਦੁਆਲੇ 660*660 ਮੀਟਰ ਮਾਰਬਲ ਵਿਹੜਾ ਉਸਾਰਿਆ ਗਿਆ ਹੈ। 50*50 ਮੀਟਰ ਸਰੋਵਰ ਉਸਾਰਿਆ ਗਿਆ ਹੈ, ਜਿਥੇ ਮਰਦਾਂ ਤੇ ਔਰਤਾਂ ਲਈ ਅੱਡ-ਅੱਡ ਇਸ਼ਨਾਨ ਘਰ, ਪਖ਼ਾਨੇ ਤੇ ਸਮਾਨ ਰੱਖਣ ਲਈ ਲਾਕਰਾਂ ਦਾ ਪ੍ਰਬੰਧ ਕੀਤਾ ਗਿਆ ਹੈ। ਸਿੱਖ ਕਲਾਕ੍ਰਿਤ, ਸਭਿਆਚਾਰ ਤੇ ਮਰਿਯਾਦਾ ਅਨੁਸਾਰ ਯਾਤਰੀ ਘਰ, ਦੀਵਾਨਸਤਾਨ ਇਬਾਦਤਖ਼ਾਨਾ, ਵਖਰੇ ਲੰਗਰ ਕੰਪਲੈਕਸ ਉਸਾਰੇ ਗਏ ਹਨ। ਗੁਰਮਤਿਕਲਾ ਅਨੁਸਾਰ ਆਰਕ, ਡੋਮ, ਬੁਰਜ ਉਸਾਰੇ ਹਨ। ਲੰਗਰ ਹਾਲ ਵਿਚ ਇਕੋ ਵੇਲੇ ਢਾਈ ਹਜ਼ਾਰ ਸੰਗਤਾਂ ਪ੍ਰਸ਼ਾਦਾ ਛੱਕ ਸਕਣਗੀਆਂ ਰਿਹਾਇਸ਼ ਲਈ ਹਜ਼ਾਰ ਤੋਂ ਵੱਧ ਕਮਰੇ ਹਨ।

ਲਾਂਘੇ ਲਈ ਕੌਮਾਂਤਰੀ ਪੱਧਰ ਦੀ ਸੜਕ, ਪੈਦਲ ਯਾਤਰੀਆਂ ਲਈ ਸਾਈਡ ਵਾਕ, ਰਾਵੀ ਦਰਿਆ ਅਤੇ ਵੇਈਂ ਨਦੀ ਉਤੇ ਇਕ ਕਿਲੋਮੀਟਰ ਤੋਂ ਵੱਧ ਲੰਬਾ ਪੁਲ, ਚੈਕਿੰਗ ਟਰਮੀਨਲ, ਅੱਧ ਵਿਚਕਾਰ ਆਰਾਮਗਾਹ, ਯਾਤਰੂਆਂ ਲਈ ਆਧੁਨਕ ਬਸਾਂ ਜਿਨ੍ਹਾਂ ਵਿਚ ਬਜ਼ੁਰਗਾਂ ਲਈ ਅਲਗ ਸੀਟਾਂ ਤੇ ਵੀਲ੍ਹ ਚੇਅਰਜ਼ ਦਾ ਇੰਤਜ਼ਾਮ ਕੀਤਾ ਗਿਆ ਹੈ। ਵਿਸ਼ੇਸ਼ ਮੈਡੀਕਲ ਕੇਂਦਰ ਸਥਾਪਤ ਕੀਤਾ ਗਿਆ ਹੈ, ਜਿਥੇ ਬੀਮਾਰ ਜਾਂ ਦੁਰਘਟਨਾ ਗ੍ਰਹਿਸਤ ਯਾਤਰੂਆਂ ਦੀ ਦੇਖ-ਰੇਖ ਕੀਤੀ ਜਾਵੇਗੀ।

ਡੇਰਾ ਬਾਬਾ ਨਾਨਕ ਵਲੋਂ ਲਾਂਘੇ ਰਾਹੀਂ ਰੋਜ਼ਾਨਾ ਪੰਜ ਹਜ਼ਾਰ ਯਾਤਰੂਆਂ ਦਾ ਪ੍ਰਬੰਧ ਕੀਤਾ ਗਿਆ ਹੈ, ਜੋ ਸਵੇਰੇ ਆ ਕੇ, ਸ਼ਾਮ ਨੂੰ ਵਾਪਸ ਚਲੇ ਜਾਇਆ ਕਰਨਗੇ। ਲੇਕਿਨ 550ਵੇਂ ਪ੍ਰਕਾਸ਼ ਪੁਰਬ ਦੇ ਮਦੇਨਜ਼ਰ ਇਕ ਆਰਜ਼ੀ ਤੌਰ ਉਤੇ ਪਿੰਡ ਟੈਂਟਾਂ ਦਾ ਉਸਾਰਿਆ ਗਿਆ ਹੈ। ਇਸ ਵਿਚ 30 ਹਜ਼ਾਰ ਵਿਅਕਤੀਆਂ ਦਾ ਪ੍ਰਬੰਧ, ਪਖ਼ਾਨੇ, ਇਸ਼ਨਾਨ ਘਰਾਂ ਦੀ ਉਸਾਰੀ ਕੀਤੀ ਹੈ। ਸਿਆਲਕੋਟ ਵਿਖੇ ਰੋਜ਼ਾਨਾ ਕੌਮਾਤਰੀ ਹਵਾਈ ਉਡਾਣਾਂ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਤਰ੍ਹਾਂ ਦਾ ਪ੍ਰਬੰਧ ਭਾਰਤ ਸ਼੍ਰੀ ਅੰਮ੍ਰਿਤਸਰ ਰਾਜਸਾਂਸੀ ਹਵਾਈ ਅੱਡੇ ਉਤੇ ਨਹੀਂ ਕਰ ਸਕਿਆ।

ਅਜੋਕੇ ਸਮੁੱਚੇ ਪ੍ਰਾਜੈਕਟ ਤੇ ਨਿਰੋਲ ਪਾਕਿਸਤਾਨ ਸਰਕਾਰ ਖ਼ਰਚਾ ਕਰ ਰਹੀ ਹੈ। ਉਹ ਪੂਰੇ ਵਿਸ਼ਵ ਅੰਦਰ ਸੱਭ ਤੋਂ ਵਿਸ਼ਾਲ, ਖ਼ੂਬਸੂਰਤ ਤੇ ਬਹੁਤ ਹੀ ਪਿਆਰਾ ਗੁਰਦੁਆਰਾ ਕੰਪਲੈਕਸ ਉਸਾਰ ਕੇ ਸਿੱਖ ਕੌਮ ਨੂੰ ਇਕ ਤੋਹਫ਼ੇ ਵਜੋਂ ਭੇਂਟ ਕਰ ਰਹੇ ਹਨ। ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਐਲਾਨ ਕਰਦੇ ਹੋਏ, ਪੂਰੇ ਵਿਸ਼ਵ ਵਿਚ ਵਸਦੀ ਸਿੱਖ ਕੌਮ ਨੂੰ ਵਿਸ਼ਵਾਸ ਦੁਆਇਆ ਹੈ ਕਿ ਭਾਰਤ-ਪਾਕਿਸਤਾਨ ਸਬੰਧ ਭਾਵੇਂ ਕਿੰਨੇ ਵੀ ਸੰਕਟ ਵਿਚ ਕਿਉਂ ਨਾ ਹੋਣ ਉਨ੍ਹਾਂ ਲਈ ਸਾਰਾ ਸਾਲ 24 ਘੰਟੇ ਸ਼੍ਰੀ ਕਰਤਾਰਪੁਰ ਲਾਂਘਾ ਤੇ ਹਵਾਈ ਜਾਂ ਸੜਕੀ ਆਮਦ ਖੁੱਲ੍ਹੀ ਰਹੇਗੀ।

ਕੀ ਇਹ ਬਾਬੇ ਨਾਨਕ ਦਾ ਜੀਵਤ ਅਸ਼ੀਰਵਾਦ ਤੇ ਰੱਬੀ ਦਾਤ ਨਹੀਂ? ਹੁਣ ਇਹ ਵੀ ਚੰਗਾ ਹੋਇਆ ਕਿ ਇਸ ਮਹਾਨ ਕਾਰਜ ਦੌਰਾਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਰੱਖੀ 20 ਡਾਲਰ ਪ੍ਰਤੀ ਵਿਅਕਤੀ ਸੇਵਾ ਫ਼ੀਸ 9 ਨਵੰਬਰ (ਅੱਜ) ਤੇ 12 ਨਵੰਬਰ ਵਾਲੇ ਦਿਨ ਨਹੀਂ ਲਈ ਜਾਵੇਗੀ ਤੇ ਉਨ੍ਹਾਂ ਨੇ ਪਾਸਪੋਰਟ ਦੀ ਰੱਖੀ ਸ਼ਰਤ ਵੀ ਹਟਾ ਦਿਤੀ ਹੈ।
ਸੰਪਰਕ : +1-343-889-2550