ਸੈਲਾਨੀਆਂ ਦੀ ਆਮਦ ਨੂੰ ਘਟਾਉਣ ਲਈ ਵੇਨਿਸ ਸਮੇਤ 3 ਸ਼ਹਿਰਾਂ 'ਚ ਲਗੇਗਾ ਐਂਟਰੀ ਟੈਕਸ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਵੇਨਿਸ ਅਤੇ ਫਲੋਰੇਂਸ ਸ਼ਹਿਰ ਦੇ ਮੇਅਰ ਨੇ 10 ਯੂਰੋ ( ਲਗਭਗ 800 ਰੁਪਏ ) ਦਾਖਲਾ ਟੈਕਸ ਦਾ ਮਤਾ ਪੇਸ਼ ਕੀਤਾ ਹੈ।

Italy

ਰੋਮ : ਇਟਲੀ ਹਮੇਸ਼ਾਂ ਤੋਂ ਸੈਲਾਨੀਆਂ ਦਾ ਸਵਾਗਤ ਕਰਦਾ ਰਿਹਾ ਹੈ ਪਰ ਹੁਣ ਸਰਕਾਰ ਇਕ ਅਜਿਹਾ ਕਾਨੂੰਨ ਬਣਾਉਣ ਦੀ ਤਿਆਰ ਕਰ ਰਹੀ ਹੈ ਜਿਸ ਨਾਲ ਕਿ ਸੈਲਾਨੀਆਂ ਨੂੰ ਦਾਖਲਾ ਟੈਕਸ ਦੇਣਾ ਪਵੇਗਾ। ਵੇਨਿਸ ਅਤੇ ਫਲੋਰੇਂਸ ਸ਼ਹਿਰ ਦੇ ਮੇਅਰ ਨੇ 10 ਯੂਰੋ ( ਲਗਭਗ 800 ਰੁਪਏ ) ਦਾਖਲਾ ਟੈਕਸ ਦਾ ਮਤਾ ਪੇਸ਼ ਕੀਤਾ ਹੈ। ਕਈ ਇਤਾਲਵੀ ਲੋਕਾਂ ਦਾ ਮੰਨਣਾ ਹੈ ਕਿ ਸੈਲਾਨੀਆਂ 'ਤੇ ਦਾਖਲਾ ਟੈਕਸ ਲਗਾ ਕੇ ਸਰਕਾਰ ਪੈਸਾ ਵਸੂਲ ਕਰਨਾ ਚਾਹੁੰਦੀ ਹੈ। 2 ਸਾਲ ਪਹਿਲਾਂ ਲੀਗੂਰੀਆ ਖੇਤਰ ਵਿਚ ਆਉਣ ਵਾਲੇ ਛੋਟੇ ਸ਼ਹਿਰ ਸਿਨਕੇ ਟੇਰੇ ਨੇ ਵੀ ਟਿਕਟ ਪ੍ਰਣਾਲੀ ਸ਼ੁਰੂ ਕੀਤੀ ਸੀ।

ਇਥੇ ਸਲਾਨਾ ਲਗਭਗ 15 ਲੱਖ ਲੋਕ ਆਉਂਦੇ ਹਨ। ਸੈਲਾਨੀਆਂ ਦੇ ਮਾਮਲੇ ਵਿਚ ਇਟਲੀ ਦੁਨੀਆਂ ਵਿਚ ਪੰਜਵੇਂ ਨੰਬਰ 'ਤੇ ਹੈ। ਇਥੇ ਹਰ ਸਾਲ ਪੰਜ ਕਰੋੜ 24 ਲੱਖ ਲੋਕ ਘੁੰਮਣ ਜਾਂਦੇ ਹਨ। ਗਲੋਬਲ ਜੀਡੀਪੀ ਵਿਚ ਇਟਲੀ ਦਾ ਹਿੱਸਾ 10 ਫ਼ੀ ਸਦੀ ਹੈ। ਸਸਤੇ ਯਾਤਰੀ ਟਿਕਟਾਂ ਕਾਰਨ ਵਿਕਾਸਸ਼ੀਲ ਦੇਸਾਂ ਦੇ ਲੋਕ ਵੀ ਇਥੇ ਵੱਡੀ ਗਿਣਤੀ ਵਿਚ ਪਹੁੰਚਣ ਲਗੇ ਹਨ। ਸੈਲਾਨੀਆਂ ਨੂੰ ਰੋਕਣ ਦਾ ਸੱਭ ਤੋਂ ਵੱਡਾ ਕਾਰਨ ਵੱਧ ਰਹੀ ਗੰਦਗੀ ਅਤੇ ਪ੍ਰਦੂਸ਼ਣ ਵੀ ਹੈ। ਏਅਰ ਟ੍ਰੈਫਿਕ ਅਤੇ ਕਰੂਜ਼ ਜਹਾਜ਼ਾਂ ਦੀ ਵਧਦੀ ਆਵਾਜਾਈ ਕਾਰਨ ਵਾਤਾਵਰਣ ਨੂੰ ਵੀ ਨੁਕਸਾਨ ਹੋ ਰਿਹਾ ਹੈ।

ਲੋਕਾਂ ਦਾ ਕਹਿਣਾ ਹੈ ਕਿ ਦਾਖਲੇ ਟੈਕਸ ਲਏ ਜਾਣ ਨਾਲ ਮੁਸ਼ਕਲਾਂ ਖਤਮ ਨਹੀਂ ਹੋਣਗੀਆਂ, ਸਗੋਂ ਸੈਲਾਨੀਆਂ ਦੀ ਗਿਣਤੀ ਵੱਧ ਸਕਦੀ ਹੈ। ਲੋਕਾਂ ਨੂੰ ਸਮੱਸਿਆ ਸੈਲਾਨੀਆਂ ਦੀ ਵੱਧ ਗਿਣਤੀ ਤੋਂ ਨਹੀਂ ਹੈ, ਸਗੋਂ ਉਹਨਾਂ ਦੀ ਦਿਮਾਗੀ ਉਲਝਨ ਤੋਂ ਹੈ। ਬੀਤੇ ਕੁਝ ਸਾਲਾਂ ਵਿਚ ਸਥਾਨਕ ਲੋਕਾਂ ਵਿਚ ਸੈਲਾਨੀਆਂ ਨੂੰ ਲੈ ਕੇ ਰੁਝਾਨ ਬਦਲਿਆ ਹੈ। ਲੋਕਾਂ ਦਾ ਮੰਨਣਾ ਹੈ ਕਿ ਸੈਲਾਨੀ ਸ਼ਹਿਰ ਦੇ ਸੱਭਿਆਚਾਰ ਅਤੇ ਸੁੰਦਰਤਾ ਦਾ ਆਨੰਦ ਲੈਣ ਦੀ ਬਜਾਏ ਸੈਲਫੀ ਲੈਣ ਲਈ ਹੀ ਸਾਰੇ ਇਲਾਕੇ ਵਿਚ ਘੁੰਮਦੇ ਰਹਿੰਦੇ ਹਨ।  

ਦੂਜੇ ਪਾਸੇ ਸੈਲਾਨੀਆਂ ਨੂੰ ਵੀ ਇਸ ਗੱਲ ਦਾ ਪਤਾ ਹੈ ਕਿ ਉਹਨਾਂ ਤੋਂ ਹਰ ਚੀਜ਼ ਲਈ ਵੱਧ ਕੀਮਤ ਵਸੂਲੀ ਜਾਂਦੀ ਹੈ। ਇਟਲੀ ਵਿਚ ਆਈਸਕ੍ਰੀਮ ਵੇਚਣ ਵਾਲਾ ਵੀ ਸੈਲਾਨੀਆਂ ਤੋਂ 20 ਯੂਰੋ ਵੱਧ ਚਾਰਜ ਕਰਦਾ ਹੈ ਪਿਛਲੇ ਸਾਲ ਫਲੋਰੇਂਸ ਵਿਚ ਜਨਤਕ ਤੌਰ 'ਤੇ ਖਾਣ ਵਾਲਿਆਂ ਨੂੰ 150 ਤੋਂ 500 ਯੂਰੋ ਦਾ ਜੁਰਮਾਨਾ ਲਗਾਇਆ ਗਿਆ ਸੀ।