Calgary Gurdwara Sahib Clash: ਕੈਲਗਰੀ ਗੁਰਦਵਾਰਾ ਪ੍ਰਧਾਨਗੀ ਵਿਵਾਦ; ਕੈਨੇਡਾ ਪੁਲਿਸ ਨੇ ਜਾਂਚ ਸ਼ੁਰੂ ਕੀਤੀ
50-100 ਸਿੱਖਾਂ ਵਿਚਕਾਰ ਚੱਲੇ ਸਨ ਘਸੁੰਨ-ਮੁੱਕੇ
Calgary Gurdwara Sahib Clash: ਕੈਨੇਡਾ ’ਚ ਇਕ ਗੁਰਦੁਆਰੇ ਬਾਹਰ ਦੋ ਹਫ਼ਤਿਆਂ ਤੋਂ ਚੱਲ ਰਹੇ ਵਿਰੋਧ ਪ੍ਰਦਰਸ਼ਨ ਦੇ ਹਿੰਸਕ ਹੋਣ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕਰ ਦਿਤੀ ਹੈ। ਸੀ.ਟੀ.ਵੀ. ਨਿਊਜ਼ ਦੀ ਖ਼ਬਰ ਮੁਤਾਬਕ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਨੂੰ ਲੈ ਕੇ ਚਲ ਰਹੇ ਵਿਰੋਧ ਪ੍ਰਦਰਸ਼ਨ ਦੌਰਾਨ ਹਿੰਸਾ ਭੜਕਣ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੂੰ ਐਤਵਾਰ ਸ਼ਾਮ ਨੂੰ ਉੱਤਰ-ਪੂਰਬੀ ਕੈਲਗਰੀ ਦੇ ਦਸਮੇਸ਼ ਕਲਚਰ ਸੈਂਟਰ ਬੁਲਾਇਆ ਗਿਆ। ਪੁਲਿਸ ਨੇ ਨਿਊਜ਼ ਚੈਨਲ ਨੂੰ ਦਸਿਆ ਕਿ 135 ਗੁਰਦੁਆਰਾ ਸਾਹਿਬ ਬੁਲੇਵਰਡ ’ਤੇ ਸਥਿਤ ਇਮਾਰਤ ’ਚ ਸ਼ਾਮ 7:45 ਵਜੇ 50 ਤੋਂ 100 ਲੋਕਾਂ ਵਿਚਾਲੇ ਝਗੜਾ ਹੋਇਆ।
ਕੈਲਗਰੀ ਪੁਲਿਸ ਸਰਵਿਸ (ਸੀ.ਪੀ.ਐਸ.) ਅਨੁਸਾਰ, ਐਤਵਾਰ ਨੂੰ ਦਸਮੇਸ਼ ਕਲਚਰ ਸੈਂਟਰ ਤੋਂ ਪੁਲਿਸ ਨੂੰ ਦੋ ਕਾਲਾਂ ਆਈਆਂ। ਇਕ ਕਾਲ ਪ੍ਰਦਰਸ਼ਨਕਾਰੀਆਂ ਨੇ ਅਤੇ ਦੂਜੀ ਕਾਲ ਗੁਰਦੁਆਰੇ ਅੰਦਰੋਂ ਕੀਤੀ ਗਈ ਸੀ। ਉਨ੍ਹਾਂ ਕਿਹਾ, ‘‘ਦੁਪਹਿਰ ਕਰੀਬ 1.15 ਵਜੇ ਅਧਿਕਾਰੀਆਂ ਨੂੰ ਉਨ੍ਹਾਂ ਵਿਅਕਤੀਆਂ ਵਲੋਂ ਗੜਬੜੀ ਕਰਨ ਦੀ ਸੂਚਨਾ ’ਤੇ ਭੇਜਿਆ ਗਿਆ, ਜਿਨ੍ਹਾਂ ਬਾਰੇ ਮੰਨਿਆ ਜਾ ਰਿਹਾ ਸੀ ਕਿ ਉਹ ਸਥਾਨ ’ਤੇ ਪ੍ਰਦਰਸ਼ਨ ਕਰ ਰਹੇ ਸਨ। ਥੋੜ੍ਹੀ ਦੇਰ ਬਾਅਦ ਇਕ ਹੋਰ ਫੋਨ ਆਇਆ ਕਿ ਪ੍ਰਦਰਸ਼ਨਕਾਰੀ ਇਮਾਰਤ ਦੇ ਅੰਦਰ ਚਲੇ ਆਏ ਹਨ। ਅਧਿਕਾਰੀਆਂ ਨੇ ਸਥਿਤੀ ਨੂੰ ਕਾਬੂ ਕਰਨ ਲਈ ਸ਼ਾਮਲ ਧਿਰਾਂ ਨਾਲ ਮਿਲ ਕੇ ਕੰਮ ਕੀਤਾ।’’
ਇਸ ਵਿਚ ਕਿਹਾ ਗਿਆ ਹੈ ਕਿ ਲੜਾਈ ਵਿਚ ਕੋਈ ਹਥਿਆਰ ਸ਼ਾਮਲ ਨਹੀਂ ਸੀ ਅਤੇ ਨਾ ਹੀ ਕੋਈ ਗ੍ਰਿਫਤਾਰੀ ਹੋਈ ਸੀ। ਇਹ ਵਿਰੋਧ ਪ੍ਰਦਰਸ਼ਨ 24 ਦਸੰਬਰ ਨੂੰ ਸ਼ੁਰੂ ਹੋਇਆ ਸੀ। ਇਕ ਪ੍ਰਦਰਸ਼ਨਕਾਰੀ ਗੁਰਪ੍ਰਤਾਪ ਬੈਦਵਾਨ ਨੇ ਸੀ.ਟੀ.ਵੀ. ਨੂੰ ਦਸਿਆ ਸੀ ਕਿ ਉਹ ਗੁਰਦੁਆਰੇ ਦੀ ਲੀਡਰਸ਼ਿਪ ਦਾ ਵਿਰੋਧ ਕਰਨ ਲਈ ਅੰਦੋਲਨ ਕਰ ਰਹੇ ਹਨ, ਜੋ ਸਿੱਖ ਰਹਿਤ ਮਰਿਆਦਾ ਦੀ ਪਾਲਣਾ ਨਹੀਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਜਾਰੀ ਸਿੱਖ ਰਹਿਤ ਮਰਿਆਦਾ ਦੀ ਪਾਲਣਾ ਕਰਨੀ ਚਾਹੀਦੀ ਹੈ। ਪ੍ਰਦਰਸ਼ਨਕਾਰੀ ਗੁਰਦੁਆਰਾ ਲੀਡਰਸ਼ਿਪ ’ਤੇ ਸੰਚਾਰ ਦੀ ਕਮੀ, ਸਿੱਖਾਂ ਦੇ ਝਗੜਿਆਂ ਨੂੰ ਸੁਲਝਾਉਣ ਦੀ ਇੱਛਾ ਦੀ ਕਮੀ ਅਤੇ ਆਮ ਲਾਪਰਵਾਹੀ ਦਾ ਵੀ ਦੋਸ਼ ਲਗਾ ਰਹੇ ਹਨ। ਕੈਲਗਰੀ ਪੁਲਿਸ ਨੇ ਇਸ ਬਾਰੇ ਕੋਈ ਵੇਰਵਾ ਜਾਰੀ ਨਹੀਂ ਕੀਤਾ ਹੈ ਕਿ ਹਮਲਾ ਕਿਸ ਕਾਰਨ ਹੋਇਆ ਜਾਂ ਕੀ ਕਿਸੇ ’ਤੇ ਦੋਸ਼ ਲਗਾਇਆ ਗਿਆ ਹੈ।
(For more Punjabi news apart from Canadian police began an investigation in Calgary Gurdwara Sahib Clash, stay tuned to Rozana Spokesman)