ਬ੍ਰਿਟਿਸ਼ ਪ੍ਰਧਾਨ ਮੰਤਰੀ ਵਲੋਂ ਜਲ੍ਹਿਆਂਵਾਲਾ ਬਾਗ ਕਤਲੇਆਮ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਇਸ ਤੋਂ ਪਹਿਲਾਂ ਸਾਬਕਾ ਪ੍ਰਧਾਨ ਮੰਤਰੀ ਡੇਵਿਡ ਕੈਮਰਨ ਨੇ 2013 ’ਚ ਭਾਰਤ ਦੌਰੇ ’ਤੇ ਇਸ ਨੂੰ ਬੇਹੱਦ ਸ਼ਰਮਨਾਕ ਘਟਨਾ ਦੱਸਿਆ ਸੀ

Theresa May

ਲੰਦਨ: ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੈਰੇਸਾ ਮੇ ਨੇ 1919 ਦੇ ਜਲ੍ਹਿਆਂਵਾਲਾ ਬਾਗ ਕਤਲੇਆਮ ਉਤੇ ਦੁੱਖ ਪ੍ਰਗਟਾਇਆ ਹੈ। ਥੈਰੇਸਾ ਮੇ ਨੇ ਬੁੱਧਵਾਰ ਨੂੰ ਸੰਸਦ ਦੇ ਸਾਹਮਣੇ ਕਿਹਾ ਕਿ ਉਨ੍ਹਾਂ ਨੂੰ ਇਸ ਘਟਨਾ ਅਤੇ ਇਸ ਤੋਂ ਪੈਦਾ ਹੋਏ ਦੁੱਖਾਂ ਉਤੇ ਡੂੰਘਾ ਦੁੱਖ ਹੈ। ਹਾਲਾਂਕਿ, ਇਸ ਦੌਰਾਨ ਉਨ੍ਹਾਂ ਨੇ ਇਕ ਵਾਰ ਵੀ ਮਾਫ਼ੀ ਨਹੀਂ ਮੰਗੀ। ਇਸ ਉਤੇ ਸੰਸਦ ਵਿਚ ਵਿਰੋਧੀ ਪੱਖ ਦੇ ਨੇਤਾ ਜੇਰੇਮੀ ਕਾਰਬਿਨ ਨੇ ਥੈਰੇਸਾ ਨੂੰ ਸ਼ਪੱਸ਼ਟ ਤੌਰ ’ਤੇ ਮਾਫ਼ੀ ਮੰਗਣ ਲਈ ਕਿਹਾ।

2010 ਤੋਂ 2016 ਤੱਕ ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਡੇਵਿਡ ਕੈਮਰਨ ਨੇ ਵੀ 2013 ਵਿਚ ਭਾਰਤ ਦੌਰੇ ਉਤੇ ਇਸ ਨੂੰ ਇਤਿਹਾਸ ਦੀ ਬੇਹੱਦ ਸ਼ਰਮਨਾਕ ਘਟਨਾ ਦੱਸਿਆ ਸੀ। ਹਾਲਾਂਕਿ, ਉਨ੍ਹਾਂ ਨੇ ਵੀ ਮਾਫ਼ੀ ਨਹੀਂ ਮੰਗੀ ਸੀ। ਇਸ ਸ਼ਨਿਚਰਵਾਰ ਜਲ੍ਹਿਆਂਵਾਲਾ ਬਾਗ ਦੇ ਕਤਲੇਆਮ ਦਾ ਸੌਵਾਂ ਸਾਲ ਮਨਾਇਆ ਜਾਵੇਗਾ।

ਜ਼ਿਕਰਯੋਗ ਹੈ ਕਿ ਅਮ੍ਰਿੰਤਸਰ ਵਿਚ 13 ਅਪ੍ਰੈਲ, 1919 ਨੂੰ ਹੋਏ ਜਲ੍ਹਿਆਂਵਾਲਾ ਬਾਗ ਕਤਲੇਆਮ ਵਿਚ ਬ੍ਰਿਟਿਸ਼ ਸੈਨਿਕਾਂ ਨੇ ਸ਼ਰੇਆਮ ਸ਼ਾਂਤੀਪੂਰਨ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਸੈਂਕੜੇ ਲੋਕਾਂ ਉਤੇ ਗੋਲੀਆਂ ਚਲਾ ਦਿਤੀਆਂ ਸਨ। ਸਰਵੇਖਣ ਦੇ ਮੁਤਾਬਕ, ਇਸ ਕਤਲੇਆਮ ਵਿਚ 400 ਤੋਂ ਜ਼ਿਆਦਾ ਪ੍ਰਦਰਸ਼ਨਕਾਰੀਆਂ ਦੀ ਮੌਤ ਹੋਈ ਸੀ। ਹਾਲਾਂਕਿ, ਭਾਰਤੀ ਅਧਿਕਾਰੀਆਂ ਦਾ ਦਾਅਵਾ ਹੈ ਕਿ ਇਸ ਵਿਚ 1000 ਤੋਂ ਜ਼ਿਆਦਾ ਲੋਕ ਮਾਰੇ ਗਏ ਸਨ। ਮਰਨ ਵਾਲਿਆਂ ਵਿਚ ਔਰਤਾਂ ਅਤੇ ਬੱਚੇ ਵੀ ਸ਼ਾਮਿਲ ਸਨ।