ਖੁਸ਼ਹਾਲ ਦੇਸ਼ ਭੂਟਾਨ ਦੇ ਪੀਐਮ ਹਫਤੇ ਦੇ ਆਖਰੀ ਦਿਨਾਂ ਵਿਚ ਬਣਦੇ ਹਨ ਡਾਕਟਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਦੁਨੀਆ ਭਰ ਵਿਚ ਖੁਸ਼ਹਾਲੀ ਲਈ ਪ੍ਰਸਿੱਧ ਦੇਸ਼ ਭੂਟਾਨ ਦੇ ਪ੍ਰਧਾਨ ਮੰਤਰੀ ਦਾ ਅਪਣੇ ਆਪ ਨੂੰ ਤਣਾਅ ਮੁਕਤ ਰੱਖਣ ਦਾ ਤਰੀਕਾ ਸਭ ਤੋਂ ਅਲੱਗ ਹੈ।

Bhutan PM Lotay Tshering at Hospital

ਭੂਟਾਨ: ਦੌੜ ਭਰੀ ਇਸ ਜ਼ਿੰਦਗੀ ਵਿਚ ਅਪਣੇ ਆਪ ਨੂੰ ਤਣਾਅ ਮੁਕਤ ਕਰਨ ਲਈ ਲੋਕ ਕਈ ਤਰ੍ਹਾਂ ਦੇ ਯਤਨ ਕਰਦੇ ਹਨ ਪਰ ਦੁਨੀਆ ਭਰ ਵਿਚ ਖੁਸ਼ਹਾਲੀ ਲਈ ਪ੍ਰਸਿੱਧ ਦੇਸ਼ ਭੂਟਾਨ ਦੇ ਪ੍ਰਧਾਨ ਮੰਤਰੀ ਦਾ ਅਪਣੇ ਆਪ ਨੂੰ ਤਣਾਅ ਮੁਕਤ ਰੱਖਣ ਦਾ ਤਰੀਕਾ ਸਭ ਤੋਂ ਅਲੱਗ ਹੈ। ਦਰਅਸਲ ਭੂਟਾਨ ਦੇਸ਼ ਦੇ ਪ੍ਰਧਾਨ ਮੰਤਰੀ ਲੋਟੇ ਸ਼ੈਰਿੰਗ (Lotay Tshering) ਤਣਾਅ ਘੱਟ ਕਰਨ ਲਈ ਡਾਕਟਰ ਦੇ ਰੂਪ ਵਿਚ ਸੇਵਾਵਾਂ ਦਿੰਦੇ ਹਨ ਅਤੇ ਮਰੀਜਾਂ ਦੀ ਸਰਜਰੀ ਕਰਦੇ ਹਨ।

ਸ਼ੈਰਿੰਗ ਪਿਛਲੇ ਸਾਲ ਦੇਸ਼ ਦੇ ਪ੍ਰਧਾਨ ਮੰਤਰੀ ਚੁਣੇ ਗਏ ਸਨ। ਉਹਨਾਂ ਕਿਹਾ ਕਿ ਇਹ ਉਹਨਾਂ ਲਈ ਤਣਾਅ ਘੱਟ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ। 50 ਸਾਲਾਂ ਸ਼ੈਰਿੰਗ ਨੇ ਕਿਹਾ ਕਿ ਤਣਾਅ ਘੱਟ ਕਰਨ ਲਈ ਕੁਝ ਲੋਕ ਗੌਲਫ ਖੇਡਦੇ ਹਨ, ਕੁਝ ਤੀਰਅੰਦਾਜ਼ੀ ਕਰਦੇ ਹਨ ਪਰ ਉਹਨਾਂ ਨੂੰ ਆਪਰੇਸ਼ਨ ਕਰਨਾ ਵਧੀਆ ਲੱਗਦਾ ਹੈ। ਇਸੇ ਲਈ ਉਹ ਹਫਤੇ ਦੇ ਆਖਰੀ ਦਿਨ ਹਸਪਤਾਲ ਵਿਚ ਬਤੀਤ ਕਰਦੇ ਹਨ। ਹਸਪਤਾਲ ਦਾ ਕੋਈ ਵੀ ਕਰਮਚਾਰੀ ਪ੍ਰਧਾਨ ਮੰਤਰੀ ਨੂੰ ਦੇਖ ਕੇ ਹੈਰਾਨ ਨਹੀਂ ਹੁੰਦਾ।

ਭੂਟਾਨ ਵਿਚ ਸ਼ੈਰਿੰਗ ਦਾ ਹਸਪਤਾਲ ਵਿਚ ਸੇਵਾਵਾਂ ਪ੍ਰਦਾਨ ਕਰਨਾ ਆਮ ਗੱਲ ਹੈ। ਪੀਐਮ ਸ਼ੈਰਿੰਗ ਆਮ ਡਾਕਟਰਾਂ ਵਾਂਗ ਲੈਬ ਕੋਟ ਪਾਉਂਦੇ ਹਨ ਅਤੇ ਹਸਪਤਾਲ ਦੀਆਂ ਨਰਸਾਂ ਵੀ ਉਹਨਾਂ ਨਾਲ ਆਮ ਵਰਤਾਅ ਕਰਦੀਆਂ ਹਨ। ਭੂਟਾਨ ਕਈ ਮਾਮਲਿਆਂ ਵਿਚ ਦੁਨੀਆ ਦੇ ਹੋਰ ਦੇਸ਼ਾਂ ਤੋਂ ਅਲੱਗ ਹੈ। ਭੂਟਾਨ ਆਰਥਿਕ ਵਿਕਾਸ ਦੀ ਬਜਾਏ ਖੁਸ਼ਹਾਲੀ ‘ਤੇ ਧਿਆਨ ਕੇਂਦਰਿਤ ਕਰਨ ਨੂੰ ਪਹਿਲ ਦਿੰਦਾ ਹੈ। ਇਸਦੀ ਸਮੁੱਚੀ ਰਾਸ਼ਟਰੀ ਖੁਸ਼ਹਾਲੀ ਦਾ ਇਕ ਵੱਡਾ ਕਾਰਨ ਵਾਤਾਵਰਨ ਸੁਰੱਖਿਆ ਹੈ।

ਭੂਟਾਨ ਕਾਰਬਨ ਨੈਗੇਟਿਵ ਦੇਸ਼ ਹੈ ਅਤੇ ਇਸਦਾ ਸੰਵਿਧਾਨ ਕਹਿੰਦਾ ਹੈ ਕਿ ਦੇਸ਼ ਦਾ 60ਫੀਸਦੀ ਹਿੱਸਾ ਜੰਗਲ ਹੈ। ਭੂਟਾਨ ਇਕ ਵਾਤਾਵਰਣ ਯਾਤਰਾ ਵਾਲਾ ਵਿਸ਼ਾਲ ਦੇਸ਼ ਹੈ ਅਤੇ ਯਾਤਰਾ ਦੇ ਸਮੇਂ ਇਕ ਯਾਤਰੀ ਕੋਲੋਂ ਇਕ ਦਿਨ ਦੇ 250 ਡਾਲਰ ਫੀਸ ਵਜੋਂ ਲਏ ਜਾਂਦੇ ਹਨ। ਭੂਟਾਨ ਦੀ ਰਾਜਧਾਨੀ ਵਿਚ ਕੋਈ ਟ੍ਰੈਫਿਕ ਲਾਈਟ ਨਹੀਂ ਹੈ, ਇਥੇ ਤੰਬਾਕੂ ਦੀ ਵਿਕਰੀ ‘ਤੇ ਪਾਬੰਧੀ ਹੈ ਅਤੇ 1999 ਵਿਚ ਇਥੇ ਟੈਲੀਵਿਜ਼ਨ ਦੀ ਵੀ ਮੰਨਜ਼ੂਰੀ ਨਹੀਂ ਸੀ।

ਸ਼ੈਰਿੰਗ ਨੇ ਕਿਹਾ ਕਿ ਡਾਕਟਰੀ ਸੇਵਾ ਨਿਭਾਉਣਾ ਉਹਨਾਂ ਨੂੰ ਉਹਨਾਂ ਵੱਲੋਂ ਚੁਕੀ ਗਈ ਸਹੁੰ ਦੀ ਯਾਦ ਦਿਵਾਉਂਦਾ ਹੈ। ਹਸਪਤਾਲ ਵਿਚ ਸ਼ੈਰਿੰਗ ਨੇ ਇਕ 40 ਸਾਲਾਂ ਮਰੀਜ਼ ਦੀ ਸਰਜਰੀ ਕੀਤੀ ਸੀ ਅਤੇ ਉਹ ਮਰੀਜ ਇਸ ਨਤੀਜੇ ਤੋਂ ਖੁਸ਼ ਹਨ। ਮਰੀਜ ਦਾ ਕਹਿਣਾ ਹੈ ਕਿ ਉਸਦਾ ਇਲਾਜ ਪ੍ਰਧਾਨ ਮੰਤਰੀ ਵੱਲੋਂ ਕੀਤਾ ਗਿਆ ਹੈ ਜੋ ਕਿ ਦੇਸ਼ ਦੇ ਸਭ ਤੋਂ ਵਧੀਆ ਡਾਕਟਰ ਮੰਨੇ ਜਾਂਦੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਜਿਹਾ ਉਹ ਮਰਦੇ ਦਮ ਤੱਕ ਕਰਦੇ ਰਹਿਣਗੇ।