ਪਾਕਿਸਤਾਨ ਦਾ ਦਾਅਵਾ ਸਾਬਤ ਹੋਇਆ ਝੂਠਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਭਾਰਤ ਨੇ ਨਨਕਾਣਾ ਸਾਹਿਬ ਗੁਰਦੁਆਰੇ ’ਤੇ ਹਮਲਾ ਨਹੀਂ ਕੀਤਾ

Pakistan's claim proved false

ਭਾਰਤ ਤੇ ਪਾਕਿਸਤਾਨ ਵਿਚਕਾਰ ਤਣਾਅ ਲਗਾਤਾਰ ਵਧਦਾ ਜਾ ਰਿਹਾ ਹੈ। ਪਾਕਿਸਤਾਨ ਫ਼ੌਜ ਵਲੋਂ ਲਗਾਤਾਰ ਗੋਲੀਬਾਰੀ ਕੀਤੀ ਜਾ ਰਹੀ ਹੈ, ਰਾਤ ਵੇਲੇ ਡਰੋਨ ਹਮਲੇ ਕੀਤੇ ਜਾ ਰਹੇ ਹਨ ਤੇ ਭਾਰਤ ਦੇ ਸਰਹੱਦੀ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਭਾਰਤੀ ਫ਼ੌਜ ਪਾਕਿਸਤਾਨ ਦੇ ਹਮਲਿਆਂ ਦਾ ਢੁਕਵਾਂ ਜਵਾਬ ਦੇ ਰਹੀ ਹੈ।

ਹਾਲਾਂਕਿ, ਦੋਵਾਂ ਦੇਸ਼ਾਂ ਵਿਚਕਾਰ ਵਿਗੜਦੀ ਸਥਿਤੀ ਕਾਰਨ ਸੋਸ਼ਲ ਮੀਡੀਆ ’ਤੇ ਗੁੰਮਰਾਹਕੁੰਨ ਖ਼ਬਰਾਂ ਅਤੇ ਝੂਠੇ ਦਾਅਵਿਆਂ ਦਾ ਦੌਰ ਸ਼ੁਰੂ ਹੋ ਗਿਆ ਹੈ। ਸੋਸ਼ਲ ਮੀਡੀਆ ਰਾਹੀਂ ਭਾਰਤ ਨੂੰ ਨੁਕਸਾਨ ਪਹੁੰਚਾਉਣ ਅਤੇ ਸਾਜ਼ਿਸ਼ਾਂ ਰਚਣ ਲਈ ਕਈ ਤਰ੍ਹਾਂ ਦੇ ਦਾਅਵੇ ਕੀਤੇ ਜਾ ਰਹੇ ਹਨ। ਅਜਿਹਾ ਹੀ ਇਕ ਦਾਅਵਾ ਨਨਕਾਣਾ ਸਾਹਿਬ ਗੁਰਦੁਆਰੇ ’ਤੇ ਹੋਏ ਡਰੋਨ ਹਮਲੇ ਨੂੰ ਲੈ ਕੇ ਕੀਤਾ ਜਾ ਰਿਹਾ ਹੈ।

ਪਾਕਿਸਤਾਨ ਵਲੋਂ ਕਿਹਾ ਗਿਆ ਹੈ ਕਿ ਭਾਰਤ ਨੇ ਨਨਕਾਣਾ ਸਾਹਿਬ ਗੁਰਦੁਆਰੇ ’ਤੇ ਡਰੋਨ ਹਮਲਾ ਕੀਤਾ ਹੈ। ਪੀਆਈਬੀ ਦੇ ਤੱਥ ਜਾਂਚ ਨੇ ਇਸ ਦਾਅਵੇ ਦਾ ਪਰਦਾਫ਼ਾਸ਼ ਕਰ ਦਿਤਾ ਹੈ। ਪੀਆਈਬੀ ਨੇ ਤੱਥਾਂ ਦੀ ਜਾਂਚ ਵਿਚ ਕਿਹਾ ਕਿ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਗਈ ਇਕ ਵੀਡੀਉ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਭਾਰਤ ਨੇ ਨਨਕਾਣਾ ਸਾਹਿਬ ਗੁਰਦੁਆਰੇ ’ਤੇ ਡਰੋਨ ਹਮਲਾ ਕੀਤਾ ਹੈ, ਜਦੋਂ ਕਿ ਇਹ ਦਾਅਵਾ ਪੂਰੀ ਤਰ੍ਹਾਂ ਝੂਠਾ ਹੈ।  

ਐਕਸ ਹੈਂਡਲ ’ਤੇ ਫ਼ਰਜ਼ੀ ਵੀਡੀਉ ਸ਼ੇਅਰ ਕਰਦੇ ਹੋਏ ਲਿਖਿਆ ਗਿਆ ਸੀ, ਅਜਿਹੀ ਸਮੱਗਰੀ ਫ਼ਿਰਕੂ ਨਫ਼ਰਤ ਫੈਲਾਉਣ ਲਈ ਬਣਾਈ ਜਾਂਦੀ ਹੈ। ਕਿਰਪਾ ਕਰ ਕੇ ਸਾਵਧਾਨ ਰਹੋ। ਅਜਿਹੇ ਵੀਡੀਉਜ਼ ਨੂੰ ਅੱਗੇ ਨਾ ਭੇਜੋ। ਇਕ ਪਾਕਿਸਤਾਨ ਪੱਖੀ ਸੋਸ਼ਲ ਮੀਡੀਆ ਹੈਂਡਲ ਨੇ ਭਾਰਤੀ ਪਾਇਲਟ ਨੂੰ ਫੜਨ ਦਾ ਦਾਅਵਾ ਕੀਤਾ, ਜੋ ਕਿ ਫ਼ਰਜ਼ੀ ਨਿਕਲਿਆ। ਪੀਆਈਬੀ ਨੇ ਤੱਥ ਜਾਂਚ ਵਿਚ ਪੁਸ਼ਟੀ ਕੀਤੀ ਕਿ ਭਾਰਤੀ ਮਹਿਲਾ ਹਵਾਈ ਸੈਨਾ ਪਾਇਲਟ ਨੂੰ ਫੜਿਆ ਨਹੀਂ ਗਿਆ ਹੈ।

ਪਾਕਿਸਤਾਨ ਪੱਖੀ ਸੋਸ਼ਲ ਮੀਡੀਆ ਹੈਂਡਲ ਦਾਅਵਾ ਕਰ ਰਹੇ ਹਨ ਕਿ ਭਾਰਤੀ ਮਹਿਲਾ ਹਵਾਈ ਸੈਨਾ ਪਾਇਲਟ, ਸਕੁਐਡਰਨ ਲੀਡਰ ਸ਼ਿਵਾਨੀ ਸਿੰਘ ਨੂੰ ਪਾਕਿਸਤਾਨ ਵਿਚ ਫੜ ਲਿਆ ਗਿਆ ਹੈ, ਜਦੋਂ ਕਿ ਇਹ ਦਾਅਵਾ ਫ਼ਰਜ਼ੀ ਹੈ। ਇੰਨਾ ਹੀ ਨਹੀਂ, ਇਕ ਹੋਰ ਯੂਜ਼ਰ ਨੇ ਦਾਅਵਾ ਕੀਤਾ ਹੈ ਕਿ ਪਾਕਿਸਤਾਨ ਦੇ ਸਾਈਬਰ ਹਮਲੇ ਕਾਰਨ ਭਾਰਤ ਦੇ 70 ਫ਼ੀ ਸਦੀ ਪਾਵਰ ਗਰਿੱਡ ਨੂੰ ਨੁਕਸਾਨ ਪਹੁੰਚਿਆ ਹੈ। ਇਹ ਦਾਅਵਾ ਵੀ ਫ਼ਰਜ਼ੀ ਨਿਕਲਿਆ ਹੈ।