ਇਸ ਗਰੀਬ ਮੁਲਕ ਨੇ ਵੀ ਜਿੱਤੀ ਕੋਰੋਨਾ ਦੀ ਜੰਗ, ਪੂਰੀ ਦੁਨੀਆ ਹੈਰਾਨ
ਰਾਸ਼ਟਰਪਤੀ ਜਾਨ ਮਗੂਫੁਲੀ ਨੇ ਦੇਸ਼ ਨੂੰ ਕੋਰੋਨਾ ਵਾਇਰਸ ਮੁਕਤ ਐਲਾਨ ਦਿੱਤਾ ਹੈ।
ਨਵੀਂ ਦਿੱਲੀ: ਤਨਜ਼ਾਨੀਆ ਦੇ ਰਾਸ਼ਟਰਪਤੀ ਜਾਨ ਮਗੂਫੁਲੀ ਨੇ ਦੇਸ਼ ਨੂੰ ਕੋਰੋਨਾ ਵਾਇਰਸ ਮੁਕਤ ਐਲਾਨ ਦਿੱਤਾ ਹੈ। ਇਸ ਦਾ ਐਲਾਨ ਕਰਦਿਆਂ ਉਹਨਾਂ ਕਿਹਾ ਕਿ ਇਹ ਸਿਰਫ ਪ੍ਰਮਾਤਮਾ ਦੀ ਮਿਹਰ ਸਦਕਾ ਸੰਭਵ ਹੋਇਆ ਹੈ। ਹਾਲਾਂਕਿ ਉਹਨਾਂ ਨੇ ਦੇਸ਼ ਵਾਸੀਆਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ।
ਰਾਸ਼ਟਰਪਤੀ ਜਾਨ ਮਗੂਫੁਲੀ ਨੇ ਕੋਰੋਨਾ ਵਾਇਰਸ ਤੋਂ ਦੇਸ਼ ਨੂੰ ਮੁਕਤ ਕਰਨ ਦਾ ਸਿਹਰਾ ਸਥਾਨਕ ਅਧਿਕਾਰੀਆਂ, ਫਰੰਟ ਲਾਈਨ ਹੈਲਥ ਕੇਅਰ ਵਰਕਰਜ਼ ਅਤੇ ਪ੍ਰਾਰਥਨਾ ਕਰ ਰਹੇ ਨਾਗਰਿਕਾਂ ਨੂੰ ਦਿੱਤਾ ਹੈ। ਜਾਨ ਮਗੂਫੁਲੀ ਨੇ ਇਹ ਐਲਾਨ ਦੇਸ਼ ਦੀ ਰਾਜਧਾਨੀ ਡੋਡੋਮਾ ਵਿਖੇ ਸਥਿਤ ਇਕ ਚਰਚ ਵਿਚ ਕੀਤਾ।
ਰਾਸ਼ਟਰਪਤੀ ਜਾਨ ਮਗੂਫੁਲੀ ਨੇ ਮਾਸਕ ਤੋਂ ਮੁਕਤੀ ਮਿਲਣ 'ਤੇ ਇਕ ਵੱਡਾ ਜਸ਼ਨ ਵੀ ਮਨਾਇਆ। ਉਹਨਾਂ ਨੇ ਕਿਹਾ, 'ਇਹ ਇਕ ਵੱਡਾ ਸੰਕੇਤ ਹੈ ਕਿ ਦੇਸ਼ ਹੁਣ ਮਹਾਮਾਰੀ ਦੇ ਖਤਰੇ ਵਿਚੋਂ ਬਾਹਰ ਆ ਚੁੱਕਾ ਹੈ ਅਤੇ ਲੋਕਾਂ ਵਿਚ ਇਸ ਦਾ ਡਰ ਖਤਮ ਹੋ ਗਿਆ ਹੈ'।
ਪਿਛਲੇ ਹਫ਼ਤੇ ਰਾਸ਼ਟਰਪਤੀ ਜਾਨ ਮਗੂਫੁਲੀ ਨੇ ਕਿਹਾ ਸੀ ਕਿ ਇਕ ਵੱਡੇ ਸ਼ਹਿਰ ਦੇ ਹਸਪਤਾਲ ਵਿਚ ਹੁਣ ਸਿਰਫ ਚਾਰ ਕੋਰੋਨਾ ਵਾਇਰਸ ਮਰੀਜ਼ ਰਹਿ ਗਏ ਹਨ। ਹਾਲਾਂਕਿ ਵਿਸ਼ਵ ਸਿਹਤ ਸੰਗਠਨ ਦੀ ਰਿਪੋਰਟ ਅਨੁਸਾਰ ਤਨਜ਼ਾਨੀਆ ਨੇ ਬੀਤੇ 29 ਅਪ੍ਰੈਲ ਤੋਂ ਹੁਣ ਤੱਕ ਕੋਰੋਨਾ ਵਾਇਰਸ 'ਤੇ ਕੋਈ ਅੰਕੜੇ ਜਾਰੀ ਨਹੀਂ ਕੀਤੇ ਹਨ।
ਆਖਰੀ ਵਾਰ ਜਦੋਂ ਦੇਸ਼ ਵਿਚ ਕੋਰੋਨਾ ਮਾਮਲਿਆਂ ਦੀ ਗਿਣਤੀ ਹੋਈ ਸੀ ਤਾਂ ਇੱਥੇ 509 ਪਾਜ਼ੀਟਿਵ ਮਾਮਲੇ ਸਨ, ਜਿਨ੍ਹਾਂ ਵਿਚੋਂ 21 ਦੀ ਮੌਤ ਹੋਈ ਸੀ। ਅਫਰੀਕੀ ਦੇਸ਼ ਤਨਜ਼ਾਨੀਆ ਦੀ ਜ਼ਿਆਦਾਤਰ ਅਬਾਦੀ ਗਰੀਬੀ ਰੇਖਾ ਤੋਂ ਹੇਠਾਂ ਹੈ। ਤਨਜ਼ਾਨੀ ਵਿਚ ਹੁਣ ਯੂਨੀਵਰਸਿਟੀਆਂ, ਹਾਈ ਸਕੂਲ ਅਤੇ ਇੰਟਰਨੈਸ਼ਨਲ ਟ੍ਰੈਵਲ ਨੂੰ ਫਿਰ ਤੋਂ ਖੋਲ੍ਹ ਦਿੱਤਾ ਗਿਆ ਹੈ। ਹਾਲਾਂਕਿ ਪ੍ਰਾਈਮਰੀ ਅਤੇ ਸੈਕੰਡਰੀ ਸਕੂਲਾਂ ਨੂੰ ਹਾਲੇ ਵੀ ਬੰਦ ਰੱਖਿਆ ਜਾ ਰਿਹਾ ਹੈ।