25 ਨੂੰ ਮੈਲਬੌਰਨ ਦੇ ਐਪਿੰਗ 'ਚ ਲੱਗਣਗੀਆਂ ਤੀਆਂ ਦੀਆਂ ਰੌਣਕਾਂ
ਸਾਉਣ ਦੇ ਮਹੀਨੇ ਦੇ ਚਲਦਿਆਂ ਜਿੱਥੇ ਪੰਜਾਬ ਵਿਚ ਤੀਆਂ ਦੀਆਂ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਹਨ।
ਮੈਲਬੌਰਨ : ਸਾਉਣ ਦੇ ਮਹੀਨੇ ਦੇ ਚਲਦਿਆਂ ਜਿੱਥੇ ਪੰਜਾਬ ਵਿਚ ਤੀਆਂ ਦੀਆਂ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਹਨ। ਉਥੇ ਹੀ ਵਿਦੇਸ਼ਾਂ ਵਿਚ ਰਹਿੰਦੇ ਪੰਜਾਬੀਆਂ ਵੱਲੋਂ ਵੀ ਆਪੋ ਅਪਣੇ ਪੱਧਰ 'ਤੇ ਤੀਆਂ ਦੇ ਪ੍ਰੋਗਰਾਮ ਕਰਵਾਏ ਜਾ ਰਹੇ ਹਨ। ਆਸਟ੍ਰੇਲੀਆ ਵਿਚ ਮੈਲਬੌਰਨ ਦੇ ਇਲਾਕੇ ਐਪਿੰਗ ਵਿਚ ਵੀ 25 ਅਗਸਤ ਨੂੰ ਤੀਆਂ ਦਾ ਇਕ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਅਮਰਦੀਪ ਕੌਰ ਅਤੇ ਕੁਲਦੀਪ ਕੌਰ ਨੇ ਦੱਸਿਆ ਕਿ ਇਸ ਪ੍ਰੋਗਰਾਮ ਦੌਰਾਨ ਪੰਜਾਬੀ ਸੱਭਿਆਚਾਰ ਦੀ ਵੱਖ-ਵੱਖ ਵੰਨਗੀਆਂ ਪੇਸ਼ ਕੀਤੀਆਂ ਜਾਣਗੀਆਂ। ਪ੍ਰਬੰਧਕਾਂ ਅਨੁਸਾਰ ਹਰ ਸਾਲ ਇਹ ਸਮਾਗਮ ਕਰਵਾਉਣ ਦਾ ਮੁੱਖ ਮੰਤਵ ਆਸਟ੍ਰੇਲੀਆ ਵਿਚ ਜੰਮੀ ਪੀੜ੍ਹੀ ਨੂੰ ਆਪਣੇ ਸੱਭਿਆਚਾਰ ਅਤੇ ਵਿਰਸਾਤ ਨਾਲ ਜੋੜ ਕੇ ਰੱਖਣਾ ਹੈ।
ਦੱਸ ਦਈਏ ਕਿ ਇੱਥੇ ''ਤੀਆਂ ਐਪਿੰਗ ਦੀਆਂ'' ਪ੍ਰੋਗਰਾਮ ਦੀ ਸ਼ੁਰੂਆਤ ਕਈ ਸਾਲ ਪਹਿਲਾਂ ਗੋਲਡੀ ਬਰਾੜ, ਅਮਰਦੀਪ ਕੌਰ, ਕੁਲਦੀਪ ਕੌਰ ਅਤੇ ਉੱਘੇ ਸਮਾਜ ਸੇਵੀ ਫੁਲਵਿੰਦਰ ਸਿੰਘ ਦੇ ਸਹਿਯੋਗ ਨਾਲ ਕੀਤੀ ਗਈ ਸੀ ਜੋ ਕਿ ਹੁਣ ਸਮੁੱਚੇ ਮੈਲਬੌਰਨ ਵਿਚ ਕਾਫ਼ੀ ਹਰਮਨ ਪਿਆਰਾ ਹੋ ਚੁੱਕਿਆ ਹੈ ਅਤੇ ਇਸ ਪ੍ਰੋਗਰਾਮ ਨੂੰ ਦੂਰੋਂ-ਦੂਰੋਂ ਲੋਕ ਦੇਖਣ ਲਈ ਆਉਂਦੇ ਹਨ।