ਭੀੜ ਹਤਿਆ ਵਿਰੁਧ ਬੋਲਣ ਵਾਲੀਆਂ ਹਸਤੀਆਂ 'ਤੇ ਦੇਸ਼ਧ੍ਰੋਹ ਦਾ ਪਰਚਾ ਦਰਜ ਹੋਵੇ : ਹਿੰਦੂ ਮਹਾਸਭਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਮੋਦੀ ਨੂੰ ਖ਼ੂਨ ਨਾਲ ਲਿਖੀਆਂ 101 ਚਿੱਠੀਆਂ

Hindu Mahasabha writes 101 letters in blood to Modi, trashes protest by intellectuals

ਅਲੀਗੜ੍ਹ : ਭਾਰਤ ਹਿੰਦੂ ਮਹਾਸਭਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਭੀੜ ਦੁਆਰਾ ਕੁੱਟ-ਕੁੱਟ ਕੇ ਕੀਤੀ ਜਾਣ ਵਾਲੀ ਹਤਿਆ ਦੀਆਂ ਘਟਨਾਵਾਂ ਵਿਰੁਧ ਹਾਲ ਹੀ ਵਿਚ ਚਿੱਠੀ ਲਿਖਣ ਵਾਲੀਆਂ 49 ਸ਼ਖ਼ਸੀਅਤਾਂ ਵਿਰੁਧ ਦੇਸ਼ਧ੍ਰੋਹ ਦੇ ਦੋਸ਼ ਹੇਠ ਪਰਚਾ ਦਰਜ ਕਰਨ ਦੀ ਮੰਗ ਕੀਤੀ ਹੈ। ਮਹਾਸਭਾ ਦੇ ਕਾਰਕੁਨਾਂ ਨੇ ਪ੍ਰਧਾਨ ਮੰਤਰੀ ਨੂੰ ਭੇਜੇ ਗਏ ਖ਼ੂਨ ਨਾਲ ਲਿਖੇ 101 ਪੱਤਰਾਂ ਵਿਚ ਕਿਹਾ ਹੈ ਕਿ ਅਜਿਹੇ ਗ਼ਦਾਰਾਂ ਵਿਰੁਧ ਦੇਸ਼ਧ੍ਰੋਹ ਦੇ ਦੋਸ਼ ਹੇਠ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਮਿਲੇ ਕੌਮੀ ਪੁਰਸਕਾਰ ਵਾਪਸ ਲੈ ਲੈਣੇ ਚਾਹੀਦੇ ਹਨ।

ਹਿੰਦੂ ਮਹਾਸਭਾ ਦੇ ਕੌਮੀ ਬੁਲਾਰੇ ਅਸ਼ੋਕ ਪਾਂਡੇ ਨੇ ਪੱਤਰਕਾਰਾਂ ਨੂੰ ਕਿਹਾ ਕਿ ਮੁਸਲਮਾਨਾਂ ਅਤੇ ਦਲਿਤਾਂ ਦੀ ਕਥਿਤ 'ਮੌਬ ਲਿੰਚਿੰਗ' ਦਾ ਮੁੱਦਾ ਦੁਨੀਆਂ ਵਿਚ ਭਾਰਤ ਨੂੰ ਬਦਨਾਮ ਕਰਨ ਲਈ ਸਾਜ਼ਸ਼ ਤਹਿਤ ਚੁਕਿਆ ਜਾ ਰਿਹਾ ਹੈ। ਪਾਂਡੇ ਨੇ ਕਿਹਾ ਕਿ ਘੱਟਗਿਣਤੀਆਂ ਅਤੇ ਦਲਿਤਾਂ ਦਾ ਮਸੀਹਾ ਬਣਨ ਦੀ ਕੋਸ਼ਿਸ਼ ਕਰ ਰਹੀਆਂ ਇਹ ਵੱਡੀਆਂ ਹਸਤੀਆਂ ਅਤੇ ਮਨੁੱਖੀ ਅਧਿਕਾਰ ਜਥੇਬੰਦੀਆਂ ਉਸ ਵਕਤ ਚੁੱਪ ਰਹਿੰਦੀਆਂ ਹਨ ਜਦ ਕਸ਼ਮੀਰ ਘਾਟੀ ਵਿਚ ਹਿੰਦੂਆਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ। 

ਉਧਰ, ਇਕ ਹੋਰ ਜਥੇਬੰਦੀ ਹਿੰਦੂ ਜਾਗਰਣ ਮੰਚ ਨੇ ਸੜਕ 'ਤੇ ਨਮਾਜ਼ ਦੇ ਨਾਲ-ਨਾਲ ਆਰਤੀ ਅਤੇ ਹਨੂਮਾਨ ਚਾਲੀਸਾ ਦੇ ਪਾਠ 'ਤੇ ਰੋਕ ਲਾਉਣ ਵਾਲੇ ਅਲੀਗੜ੍ਹ ਦੇ ਜ਼ਿਲ੍ਹਾ ਅਧਿਕਾਰੀ ਚੰਦਰਭੂਸ਼ਣ ਸਿੰਘ ਦੀ ਮੁਅੱਤਲੀ ਦੀ ਮੰਗ ਕਰਦਿਆਂ ਅਜਿਹਾ ਨਾ ਕਰਨ 'ਤੇ ਦੇਸ਼ਵਿਆਪੀ ਅੰਦੋਲਨ ਵਿੱਢਣ ਦੀ ਗੱਲ ਕਹੀ। ਮੰਚ ਦੇ ਸੂਬਾ ਪ੍ਰਧਾਨ ਸੁਰਿੰਦਰ ਸਿੰਘ ਚੌਹਾਨ ਨੇ ਜਥੇਬੰਦੀ ਦੇ ਜਨਰਲ ਸਕੱਤਰ ਸੁਰਿੰਦਰ ਸਿੰਘ ਵਿਰੁਧ ਮੁਕੱਦਮਾ ਦਰਜ ਕਰਾਉਣ ਲਈ ਵੀ ਜ਼ਿਲ੍ਹਾ ਅਧਿਕਾਰੀ ਦੀ ਆਲੋਚਨਾ ਕੀਤੀ।