ਵਿਦਿਆਰਥੀਆਂ ਦਾ ਵੀਜ਼ਾ ਰੱਦ ਕਰਨ ਤੋਂ ਭੜਕਿਆ ਚੀਨ, ਕਾਰਵਾਈ ਨਸਲੀ ਵਿਤਕਰਾ ਕਰਾਰ!

ਏਜੰਸੀ

ਖ਼ਬਰਾਂ, ਕੌਮਾਂਤਰੀ

ਅਮਰੀਕਾ ਨੇ ਵਿਦਿਆਰਥੀਆਂ 'ਤੇ ਚੀਨੀ ਫ਼ੌਜ ਨਾਲ ਸਬੰਧ ਹੋਣ ਦੇ ਲਾਏ ਸੀ ਦੋਸ਼

US-China

ਬੀਜਿੰਗ : ਅਮਰੀਕਾ ਵਲੋਂ ਚੀਨ ਦੇ ਲਗਭਗ 1000 ਵਿਦਿਆਰਥੀਆਂ ਦਾ ਵੀਜ਼ਾ ਰੱਦ ਕਰਨ ਦੇ ਫ਼ੈਸਲੇ ਨੂੰ ਚੀਨ ਦੇ ਵਿਦੇਸ਼ ਮੰਤਰਾਲੇ ਨੇ 'ਨਸਲੀ ਵਿਤਕਰਾ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ' ਕਰਾਰ ਦਿਤਾ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲੀਜਿਅਨ ਨੇ ਇਕ ਬਿਆਨ ਵਿਚ ਕਿਹਾ ਕਿ ਵਿਦਿਆਰਥੀਆਂ ਦੇ ਵੀਜ਼ੇ ਰੱਦ ਕਰਨਾ 'ਰਾਜਨੀਤਿਕ ਦਮਨ ਅਤੇ ਨਸਲੀ ਵਿਤਕਰੇ'”ਵਰਗਾ ਹੈ।

ਇਕ ਦਿਨ ਪਹਿਲਾਂ ਹੀ ਅਮਰੀਕਾ ਦੇ ਕਾਰਜਕਾਰੀ ਗ੍ਰਹਿ ਸੁਰੱਖਿਆ ਸਕੱਤਰ ਚੈਡ ਵੁਲਫ਼ ਨੇ ਕਿਹਾ ਕਿ ਉਨ੍ਹਾਂ ਦੇ ਵਿਭਾਗ ਨੇ ਕੁਝ ਚੀਨੀ ਵਿਦਿਆਰਥੀਆਂ ਅਤੇ ਖੋਜਕਰਤਾਵਾਂ ਦੇ ਵੀਜ਼ੇ ਰੱਦ ਕਰਨ ਦਾ ਫ਼ੈਸਲਾ ਕੀਤਾ ਸੀ ਜਿਨ੍ਹਾਂ ਦੇ ਚੀਨੀ ਫ਼ੌਜ ਨਾਲ ਸਬੰਧ ਸਨ। ਉਨ੍ਹਾਂ ਕਿਹਾ ਕਿ ਇਹ ਵਿਦਿਆਰਥੀ ਸੰਵੇਦਨਸ਼ੀਲ ਅਤੇ ਗੁਪਤ ਜਾਣਕਾਰੀ” ਹਾਸਲ ਨਾ ਕਰ ਸਕਣ ਇਸ ਲਈ ਇਹ ਕਦਮ ਚੁੱਕਿਆ ਗਿਆ ਹੈ।

ਵੁਲਫ਼ ਨੇ ਕਿਹਾ ਕਿ ਚੀਨ “ਵਿਦਿਆਰਥੀ ਵੀਜ਼ੇ ਦੀ ਦੁਰਵਰਤੋਂ ਕਰ ਕੇ ਸੰਵੇਦਨਸ਼ੀਲ ਜਾਣਕਾਰੀ ਇਕੱਠੀ ਕਰ ਰਿਹਾ ਹੈ''। ਉਸਨੇ ਇਸ ਸਬੰਧ 'ਚ ਚੀਨੀ ਨਾਗਰਿਕਾਂ ਦੇ ਕਦਮਾਂ ਸਬੰਧੀ ਇਕ ਸੂਚੀ ਵੀ ਪੇਸ਼ ਕੀਤੀ ਪਰ ਇਸ 'ਚ ਸਿਰਫ਼ ਕੁਝ ਵੇਰਵੇ ਦਿਤੇ ਗਏ ਹਨ।

ਇਸ ਤੋਂ ਬਾਅਦ ਵਿਚ, ਵਿਦੇਸ਼ ਵਿਭਾਗ ਦੇ ਇਕ ਬੁਲਾਰੇ ਨੇ ਕਿਹਾ ਕਿ ਲਗਭਗ 1000 ਵਿਦਿਆਰਥੀਆਂ ਦੇ ਵੀਜ਼ੇ ਰੱਦ ਕਰ ਦਿਤੇ ਗਏ ਹਨ। ਝਾਓ ਨੇ ਕਿਹਾ ਕਿ ਇਸ ਕਦਮ ਨਾਲ ਅਮਰੀਕਾ 'ਚ ਪੜ੍ਹਨ ਦੇ ਚੀਨੀ ਵਿਦਿਆਰਥੀਆਂ ਦੇ ਜਾਇਜ਼ ਅਧਿਕਾਰਾਂ ਅਤੇ ਹਿੱਤਾਂ ਨੂੰ ਨੁਕਸਾਨ ਪਹੁੰਚਿਆ ਹੈ।

ਉਨ੍ਹਾਂ ਕਿਹਾ, “ਇਹ ਰਾਜਨੀਤਿਕ ਦਮਨ ਅਤੇ ਨਸਲੀ ਵਿਤਕਰੇ ਦੀ ਕਾਰਵਾਈ ਹੈ ਅਤੇ ਇਸ ਨਾਲ ਉਥੇ ਪੜ੍ਹ ਰਹੇ ਚੀਨੀ ਵਿਦਿਆਰਥੀਆਂ ਦੇ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਹੋਈ ਹੈ।'' ਵਪਾਰ, ਟੈਕਨੋਲੋਜੀ, ਬੌਧਿਕ ਜਾਇਦਾਦ ਦੇ ਅਧਿਕਾਰਾਂ ਸਮੇਤ ਕਈ ਮੁੱਦਿਆਂ 'ਤੇ ਅਮਰੀਕਾ-ਚੀਨ ਵਿਚਾਲੇ ਟਕਰਾਅ ਚੱਲ ਰਿਹਾ ਹੈ।