ਮਾਲਦੀਵ 'ਚ ਲੱਗੀ ਭਿਆਨਕ ਅੱਗ, 9 ਭਾਰਤੀਆਂ ਸਣੇ 10 ਲੋਕਾਂ ਦੀ ਮੌਤ
ਮਾਲਦੀਵ ਸਥਿਤ ਭਾਰਤੀ ਦੂਤਾਵਾਸ ਵੱਲੋਂ ਹੈਲਪਲਾਈਨ ਨੰਬਰ +9607361452 ਅਤੇ +9607790701 ਜਾਰੀ
ਮਾਲੇ: ਮਾਲਦੀਵ 'ਚ ਭਿਆਨਕ ਅੱਗ ਲੱਗਣ ਕਾਰਨ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿਚ 9 ਭਾਰਤੀ ਦੱਸੇ ਜਾ ਰਹੇ ਹਨ। ਫਾਇਰ ਸਰਵਿਸ ਨੇ ਦੱਸਿਆ ਕਿ ਮਾਲਦੀਵ ਦੀ ਰਾਜਧਾਨੀ ਮਾਲੇ 'ਚ ਵਿਦੇਸ਼ੀ ਕਾਮਿਆਂ ਦੇ ਘਰਾਂ 'ਚ ਅੱਗ ਲੱਗਣ ਕਾਰਨ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਅੱਗ 'ਚ 9 ਭਾਰਤੀਆਂ ਦੀ ਮੌਤ ਹੋਣ ਦੀ ਖਬਰ ਹੈ। ਅਧਿਕਾਰੀਆਂ ਨੇ ਅੱਗ ਨਾਲ ਤਬਾਹ ਹੋਈ ਇਮਾਰਤ ਦੀ ਉਪਰਲੀ ਮੰਜ਼ਿਲ ਤੋਂ 10 ਲਾਸ਼ਾਂ ਬਰਾਮਦ ਕੀਤੀਆਂ ਹਨ।
ਸ਼ੁਰੂਆਤੀ ਰਿਪੋਰਟਾਂ ਅਨੁਸਾਰ ਅੱਗ ਗ੍ਰਾਊਂਡ ਫਲੋਰ 'ਤੇ ਇਕ ਵਾਹਨ ਮੁਰੰਮਤ ਗੈਰੇਜ ਵਿਚ ਲੱਗੀ, ਜਿਸ ਤੋਂ ਬਾਅਦ ਅੱਗ ਕਈ ਥਾਵਾਂ 'ਤੇ ਫੈਲ ਗਈ। ਫਾਇਰ ਸਰਵਿਸ ਦੇ ਇਕ ਅਧਿਕਾਰੀ ਨੇ ਏਐਫਪੀ ਨਿਊਜ਼ ਏਜੰਸੀ ਨੂੰ ਦੱਸਿਆ, "ਸਾਨੂੰ 10 ਲਾਸ਼ਾਂ ਮਿਲੀਆਂ ਹਨ।" ਉਹਨਾਂ ਨੂੰ ਅੱਗ ਬੁਝਾਉਣ ਵਿਚ ਕਰੀਬ ਚਾਰ ਘੰਟੇ ਲੱਗ ਗਏ। ਮਾਲਦੀਵ ਸਥਿਤ ਭਾਰਤੀ ਦੂਤਾਵਾਸ ਨੇ ਇਸ ਹਾਦਸੇ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਮਾਲਦੀਵ ਵਿਚ ਭਾਰਤੀ ਹਾਈ ਕਮਿਸ਼ਨ ਨੇ ਅਧਿਕਾਰਤ ਟਵਿਟਰ ਅਕਾਊਂਟ ਤੋਂ ਟਵੀਟ ਕੀਤਾ, "ਸਾਨੂੰ ਮਾਲੇ ਵਿਚ ਭਿਆਨਕ ਅੱਗ ਦੀ ਘਟਨਾ ਤੋਂ ਬਹੁਤ ਦੁੱਖ ਹੋਇਆ ਹੈ, ਜਿਸ ਵਿਚ ਕਥਿਤ ਤੌਰ 'ਤੇ ਭਾਰਤੀ ਨਾਗਰਿਕਾਂ ਸਮੇਤ ਕਈ ਲੋਕਾਂ ਦੀ ਮੌਤ ਹੋ ਗਈ ਹੈ। ਅਸੀਂ ਮਾਲਦੀਵ ਦੇ ਅਧਿਕਾਰੀਆਂ ਦੇ ਸੰਪਰਕ ਵਿਚ ਹਾਂ। ਕਿਸੇ ਵੀ ਸਹਾਇਤਾ ਲਈ HCI ਨੂੰ ਹੇਠਾਂ ਦਿੱਤੇ ਨੰਬਰਾਂ 'ਤੇ ਸੰਪਰਕ ਕੀਤਾ ਜਾ ਸਕਦਾ ਹੈ: +9607361452; +9607790701 "। ਏਐਫਪੀ ਨੇ ਇਕ ਸੁਰੱਖਿਆ ਅਧਿਕਾਰੀ ਦੇ ਹਵਾਲੇ ਨਾਲ ਦੱਸਿਆ ਕਿ ਅੱਗ ਵਿਚ ਮਾਰਿਆ ਗਿਆ ਇਕ ਹੋਰ ਵਿਅਕਤੀ ਬੰਗਲਾਦੇਸ਼ੀ ਨਾਗਰਿਕ ਸੀ।