ਜ਼ਮੀਨ ਦੀ ਕਮੀ ਕਾਰਨ ਪੁਰਾਣੀਆਂ ਕਬਰਾਂ ਨੂੰ ਪੁੱਟ ਕੇ ਦਫ਼ਨ ਕੀਤੀਆਂ ਜਾ ਰਹੀਆਂ ਨਵੀਆਂ ਲਾਸ਼ਾਂ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਕਬਰਿਸਤਾਨ ਸੰਗਠਨ ਦੇ ਚੇਅਰਮੈਨ ਡੇਨਿਸ ਇੰਗ ਮੁਤਾਬਕ ਲੋਕਾਂ ਨੂੰ ਸਮਝਣਾ ਹੋਵੇਗਾ ਕਿ ਲਾਸ਼ਾ ਨੂੰ ਦਫ਼ਨਾਉਣ ਲਈ ਛੇਤੀ ਹੀ ਥਾਂ ਖਤਮ ਹੋ ਜਾਵੇਗੀ।

Cemetery graveyard

ਦੱਖਣੀ ਅਫਰੀਕਾ, ( ਭਾਸ਼ਾ ) : ਦੱਖਣੀ ਅਫਰੀਕਾ ਦੇ ਜੋਹਨਸਬਰਗ ਵਿਚ ਲਾਸ਼ਾਂ ਨੂੰ ਦਫ਼ਨਾਉਣ ਲਈ ਕਬਰਾਂ ਦੀ ਕਮੀ ਹੋ ਗਈ ਹੈ। ਇਸ ਦੇ ਚਲਦਿਆਂ ਜਿਆਦਾਤਰ ਲੋਕ ਅਪਣੇ ਪਰਵਾਰ ਵਾਲਿਆਂ ਨੂੰ ਦਫ਼ਨਾਉਣ ਲਈ ਪਹਿਲਾਂ ਤੋਂ ਬਣੀਆਂ ਹੋਈਆਂ ਕਬਰਾਂ ਨੂੰ ਦੁਬਾਰਾ ਤੋਂ ਪੁੱਟ ਰਹੇ ਹਨ। ਹਰ ਹਫਤੇ ਸ਼ਹਿਰ ਵਿਚ 50 ਤੋਂ 60 ਪੁਰਾਣੀਆਂ ਕਬਰਾਂ ਨੂੰ ਪੁੱਟਿਆ ਜਾ ਰਿਹਾ ਹੈ ਤਾਂ ਕਿ ਪਹਿਲਾਂ ਤੋਂ ਦਫ਼ਨ ਕੀਤੀਆਂ ਗਈਆਂ ਲਾਸ਼ਾਂ ਦੇ ਉਪਰੀ ਹਿੱਸੇ ਵਿਚ ਇਹ ਹੋਰ ਲਾਸ਼ ਨੂੰ ਦਫ਼ਨਾਇਆ ਜਾ ਸਕੇ।

ਜੋਹਨਸਬਰਗ ਦੱਖਣੀ ਅਫਰੀਕਾ ਦਾ ਆਰਥਿਕ ਕੇਂਦਰ ਹੈ। ਇਥੇ ਦੀ ਵੱਧ ਰਹੀ ਅਬਾਦੀ ਅਤੇ ਵਿਦੇਸ਼ੀਆਂ ਵੱਲੋਂ ਇਥੇ ਪਹੁੰਚਣ ਕਾਰਨ ਸ਼ਹਿਰੀ ਇਲਾਕਿਆਂ ਵਿਚ ਲਗਾਤਾਰ ਬੋਝ ਵੱਧ ਰਿਹਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਅਬਾਦੀ ਨੂੰ ਛੇਤੀ ਹੀ ਕਾਬੂ ਨਾ ਕੀਤਾ ਗਿਆ ਤਾਂ ਅਗਲੇ 50 ਸਾਲਾਂ ਵਿਚ ਲਾਸ਼ਾਂ ਨੂੰ ਦਫ਼ਨਾਉਣ ਲਈ ਕੋਈ ਥਾਂ ਵੀ ਨਹੀਂ ਬਚੇਗੀ। ਸ਼ਹਿਰ ਵਿਖੇ ਕਬਰਿਸਤਾਨਾਂ ਦਾ ਪ੍ਰਬੰਧ ਕਰਨ ਵਾਲੇ ਵਿਭਾਗ ਦੇ ਮੈਨੇਜਰ ਰੇਜੀ ਮੋਲੋਈ ਮੁਤਾਬਕ ਕਬਰਾਂ ਲਈ ਖੁੱਲੀਆਂ ਥਾਵਾਂ ਤੇਜ਼ੀ ਨਾਲ ਗਾਇਬ ਹੋ ਰਹੀਆਂ ਹਨ।

ਇਸ ਦਾ ਇਕ ਕਾਰਨ ਇਹ ਵੀ ਹੈ ਕਿ ਲੋਕ ਵੱਡੀ ਗਿਣਤੀ ਵਿਚ ਇਥੇ ਰਹਿਣ ਲਈ ਆ ਰਹੇ ਹਨ। ਇਹਨਾਂ ਵਿਚ ਵਿਦੇਸ਼ਾਂ ਦੇ ਨਾਗਰਿਕ ਵੀ ਸ਼ਾਮਲ ਹਨ। ਅਧਿਕਾਰੀਆਂ ਮੁਤਾਬਕ ਜੋਹਨਸਬਰਗ ਇਕਲਾ ਸ਼ਹਿਰ ਨਹੀਂ ਹੈ ਜਿਥੇ ਕਬਰਾਂ ਦੀ ਕਮੀ ਹੋ ਰਹੀ ਹੈ। ਇਸ ਤੋਂ ਪਹਿਲਾਂ ਡਰਬਨ ਵਿਚ ਵੀ ਲਗਭਗ ਤਿੰਨ ਦਹਾਕੇ ਪਹਿਲਾਂ ਇਹ ਸਮੱਸਿਆ ਆਈ ਸੀ। ਹਾਲਾਂਕਿ ਉਸ ਸਮੇਂ ਇਹ ਪਰੇਸ਼ਾਨੀ ਐਚਆਈਵੀ ਅਤੇ ਏਡਜ਼ ਨਾਲ ਮਰਨ ਵਾਲਿਆਂ ਦੀ ਵੱਧ ਰਹੀ ਗਿਣਤੀ ਅਤੇ ਰਾਜਨੀਤਕ ਹਿੰਸਾ ਕਾਰਨ ਪੈਦਾ ਹੋਈ ਸੀ।

ਦੱਖਣੀ ਅਫਰੀਕਾ ਦੇ ਕਬਰਿਸਤਾਨ ਸੰਗਠਨ ਦੇ ਚੇਅਰਮੈਨ ਡੇਨਿਸ ਇੰਗ ਮੁਤਾਬਕ ਲੋਕਾਂ ਨੂੰ ਸਮਝਣਾ ਹੋਵੇਗਾ ਕਿ ਲਾਸ਼ਾ ਨੂੰ ਦਫ਼ਨਾਉਣ ਲਈ ਛੇਤੀ ਹੀ ਥਾਂ ਖਤਮ ਹੋ ਜਾਵੇਗੀ। ਅਜਿਹੇ ਵਿਚ ਕਬਰਾਂ ਦੀ ਦੁਬਾਰਾ ਤੋਂ ਵਰਤੋਂ ਕਰਨ ਅਤੇ ਲਾਸ਼ਾਂ ਨੂੰ ਜਲਾਏ ਜਾਣ ਦੇ ਵਿਕਲਪ ਬਾਰੇ ਸੋਚਣਾ ਪਵੇਗਾ। ਹਾਲਾਂਕਿ ਅਫਰੀਕੀ ਸਮੁਦਾਇ ਵਿਚ ਜਲਾਏ ਜਾਣ ਨੂੰ ਗ਼ੈਰ-ਕੁਦਰਤੀ ਅਤੇ ਗ਼ੈਰ-ਰਵਾਇਤੀ ਮੰਨਿਆ ਜਾਂਦਾ ਹੈ।