ਅਨਾਥ ਕੰਗਾਰੂ ਤੇ ਕੋਆਲਾ ਨੂੰ ਮਿਲ ਰਿਹੈ ਬੇਹੱਦ ਪਿਆਰ, ਤਸਵੀਰਾਂ ਵਾਇਰਲ

ਏਜੰਸੀ

ਖ਼ਬਰਾਂ, ਕੌਮਾਂਤਰੀ

ਆਸਟ੍ਰੇਲੀਆ 'ਚ ਲੰਬੇ ਸਮੇਂ ਤੋਂ ਫੈਲੀ ਜੰਗਲ ਦੀ ਅੱਗ 'ਤੇ ਅਜੇ ਤੱਕ ਕਾਬੂ ਨਹੀਂ ਪਾਇਆ ਗਿਆ ਹੈ। ਹਜ਼ਾਰਾਂ ਸਵੈ-ਸੇਵਕਾਂ ਨੇ ਅੱਗ ਤੋਂ ਪ੍ਰਭਾਵਿਤ ...

File Photo

ਸਿਡਨੀ - ਆਸਟ੍ਰੇਲੀਆ 'ਚ ਲੰਬੇ ਸਮੇਂ ਤੋਂ ਫੈਲੀ ਜੰਗਲ ਦੀ ਅੱਗ 'ਤੇ ਅਜੇ ਤੱਕ ਕਾਬੂ ਨਹੀਂ ਪਾਇਆ ਗਿਆ ਹੈ। ਹਜ਼ਾਰਾਂ ਸਵੈ-ਸੇਵਕਾਂ ਨੇ ਅੱਗ ਤੋਂ ਪ੍ਰਭਾਵਿਤ ਜਾਨਵਰਾਂ ਲਈ ਹੱਥੀ ਬੁਣੇ ਕੱਪੜੇ ਅਤੇ ਰਹਿਣ ਲਈ ਸ਼ੈਲਟਰ ਦੀ ਵਿਵਸਥਾ ਦਿੱਤੀ ਹੈ। ਝਾੜੀਆਂ 'ਚ ਲੱਗੀ ਅੱਗ ਕਾਰਨ ਹੁਣ ਤੱਕ 27 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 80 ਲੱਖ ਹੈਕਟੇਅਰ ਭੂਮੀ ਸੜ੍ਹ ਕੇ ਸੁਆਹ ਹੋ ਚੁੱਕੀ ਹੈ। 

ਇਕ ਜੈਵ ਵਿਭਿੰਨਤਾ ਨੇ ਅੰਦਾਜ਼ਾ ਲਗਾਇਆ ਹੈ ਕਿ ਇਸ ਆਫ਼ਤ 'ਚ ਇਕ ਅਰਬ ਤੋਂ ਜ਼ਿਆਦਾ ਜੰਗਲੀ ਜਾਨਵਰਾਂ ਦੀ ਮੌਤ ਹੋ ਸਕਦੀ ਹੈ। ਕਈ ਜਾਨਵਰ ਅਨਾਥ ਹੋ ਗਏ ਹਨ ਅਤੇ ਆਪਣੇ ਕੁਦਰਤੀ ਆਵਾਸ ਦੇ ਬਿਨਾਂ ਰਹਿਣ ਲਈ ਮਜ਼ਬੂਰ ਹੋ ਗਏ ਹਨ। ਮਾਂ ਦੀ ਮੌਤ ਤੋਂ ਬਾਅਦ ਬੇਬੀ ਕੰਗਾਰੂ, ਕੋਆਲਾ ਅਤੇ ਚੱਮਗਿੱਦੜ ਦੇ ਬੱਚਿਆਂ ਨੂੰ ਵਧਣ ਲਈ ਪਾਓਚ ਦੀ ਜ਼ਰੂਰਤ ਹੁੰਦੀ ਹੈ। ਉਹ ਸਵੈ-ਸੇਵਕਾਂ ਤੋਂ ਮਿਲਣ ਵਾਲੇ ਉਤਪਾਦਾਂ 'ਤੇ ਨਿਰਭਰ ਹਨ। 

ਫਲਾਇੰਗ ਫਾਕਸ ਨੂੰ ਠੀਕ ਹੋਣ ਲਈ ਪਾਓਚ ਦੀ ਜ਼ਰੂਰਤ ਹੁੰਦੀ ਹੈ ਜਦਕਿ ਕੋਆਲਾ ਨੂੰ ਆਪਣੇ ਸੜੇ ਹੋਏ ਪੈਰ ਨੂੰ ਠੀਕ ਕਰਨ ਲਈ ਮਿੱਟੀ ਦੀ ਜ਼ਰੂਰਤ ਹੁੰਦੀ ਹੈ। ਆਸਟ੍ਰੇਲੀਆ ਸਥਿਤ ਐਨੀਮਲ ਰੈਸਕਿਊ ਕ੍ਰਾਫਟ ਗਿਲਡ ਨੇ ਆਪਣੇ ਫੇਸਬੁੱਕ ਸਮੂਹ ਨੂੰ ਆਪਣੇ ਮੈਂਬਰਾਂ ਤੋਂ ਮਦਦ ਪਹੁੰਚਾਉਣ ਲਈ ਆਖਿਆ ਤਾਂ ਜੋ ਉਹ ਜਾਨਵਰਾਂ ਦੀਆਂ ਜ਼ਰੂਰਤਾਂ ਦੇ ਉਤਪਾਦਾਂ ਦੀ ਵਿਵਸਥਾ ਕਰ ਸਕਣ। ਉਨ੍ਹਾਂ ਦੇ ਯਤਨਾਂ ਕਾਰਨ ਯੂਰਪ, ਏਸ਼ੀਆ ਅਤੇ ਉੱਤਰੀ ਅਮਰੀਕਾ ਦੇ ਦਾਤਾਵਾਂ ਨੇ ਜਾਨਵਰਾਂ ਦੀ ਜ਼ਰੂਰਤ ਦੀਆਂ ਚੀਜ਼ਾਂ ਨੂੰ ਭੇਜਿਆ ਹੈ। 

ਕੁਇੰਸਲੈਂਡ ਸਥਿਤ 'ਦਿ ਰੈਸਕਿਊ ਕਲੈਕਟਿਵ ਨੇ ਐਨੀਮਲ ਰੈਸਕਿਊ ਕ੍ਰਾਫਟਸ ਗਿਲਡ' ਦੇ ਨਾਲ ਮਿਲ ਕੇ ਬਚਾਅ ਦਲ ਨੂੰ ਦਾਨ ਦਿੱਤੀਆਂ ਗਈਆਂ ਚੀਜ਼ਾਂ ਨੂੰ ਪਸ਼ੂ ਬਚਾਅ ਵਰਕਰਾਂ ਨੂੰ ਦਿੱਤਾ ਹੈ। ਉਨ੍ਹਾਂ ਆਖਿਆ ਕਿ ਸਿਰਫ ਕੰਗਾਰੂਆਂ ਨੂੰ ਹੀ ਨਹੀਂ, ਬੇਬੀ ਕੋਆਲਾ, ਚੱਮਗਿੱਦੜ ਆਦਿ ਨੂੰ ਵੀ ਵੱਡੇ ਹੋਣ ਲਈ ਇਕ ਥੈਲੀ ਦੀ ਜ਼ਰੂਰਤ ਹੁੰਦੀ ਹੈ ਪਰ ਉਨ੍ਹਾਂ ਦੀਆਂ ਮਾਂਵਾਂ ਦੀ ਮੌਤ ਹੋਣ ਤੋਂ ਬਾਅਦ ਹੁਣ ਉਨ੍ਹਾਂ ਕੋਲ ਵੱਧਣ ਲਈ ਥੈਲੀ ਨਹੀਂ ਹੈ। 

ਦੱਸ ਦਈਏ ਕਿ ਆਸਟ੍ਰੇਲੀਆ ਵਿਚ ਸਤੰਬਰ ਮਹੀਨੇ ਤੋਂ ਜੰਗਲਾਂ ਵਿਚ ਅੱਗ ਲੱਗੀ ਹੋਈ ਹੈ। ਇਸ ਅੱਗ ਵਿਚ ਹੁਣ ਤੱਕ 50 ਕਰੋੜ ਤੋਂ ਵਧੇਰੇ ਜਾਨਵਰ ਜਿਊਂਦੇ ਸੜ ਚੁੱਕੇ ਹਨ ਜਦਕਿ 26 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਭਿਆਨਕ ਅੱਗ ਵਿਚ 3 ਫਾਇਰ ਫਾਈਟਰਜ਼ ਨੇ ਲੋਕਾਂ ਨੂੰ ਬਚਾਉਂਦੇ ਹੋਏ ਆਪਣੀ ਜਾਨ ਗੁਆ ਦਿੱਤੀ ਤੇ 2000 ਦੇ ਕਰੀਬ ਘਰ ਸੜ ਕੇ ਸੁਆਹ ਹੋ ਗਏ,

ਹਵਾ 'ਚ ਗੈਸ ਮਿਲਣ ਕਾਰਨ ਲੋਕਾਂ ਨੂੰ ਸਾਂਹ ਲੈਣ ਵਿੱਚ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸੇ ਲਈ ਲੋਕ ਆਪਣੇ ਘਰ ਛੱਡ ਕੇ ਜਾਣ ਨੂੰ ਮਜ਼ਬੂਰ ਹੋ ਚੁਕੇ ਹਨ। ਦੱਸ ਦਈਏ ਕਿ ਆਸਟਰੇਲੀਆ ਦੇ ਹਰ ਖੇਤਰ 'ਚ ਲੱਗੀ ਅੱਗ ਦੇ ਕਾਰਨ ਭਾਰੀ ਜਾਨੀ ਤੇ ਮਾਲੀ ਨੁਕਸਾਨ ਹੋਇਆ ਹੈ। ਅੱਗ ਦੀ ਮਾਰ ਹੇਠ ਆਏ ਵਿਕਟੋਰੀਆ ਸੂਬੇ ਦੇ ਗਿਪਸਲੈਡ ਖੇਤਰ ਵਿੱਚ ਆਮ ਲੋਕਾਂ ਨੂੰ ਆਪਣੇ ਘਰ ਬਾਰ ਛੱਡ ਕੇ ਰਾਹਤ ਕੈਂਪਾਂ ਵਿੱਚ ਰਹਿਣਾ ਪੈ ਰਿਹਾ ਹੈ। 

ਅਜਿਹੇ ਵਿੱਚ ਬੇਰਨਜਡੇਲ ਵਿਖੇ ਸਥਿਤ ਦੇਸੀ ਗਰਿੱਲ ਨਾਮੀ ਭਾਰਤੀ ਰੈਸਟੋਰੈਟ ਵੱਲੋਂ ਸਿੱਖ ਵਲੰਟੀਅਰਜ ਆਫ ਆਸਟਰੇਲੀਆ ਦੇ ਸਹਿਯੋਗ ਨਾਲ ਅੱਗ ਨਾਲ ਪੀੜਤ ਲੋਕਾਂ ਲਈ ਆਪਣੇ ਰੈਸਟੋਰੈਟ ਵਿੱਚ ਲੰਗਰ ਦੀ ਸੇਵਾ ਚਲਾਈ ਜਾ ਰਹੀ ਹੈ। 

ਹਰ ਰੋਜ ਵੱਡੀ ਗਿਣਤੀ ਵਿੱਚ ਸਥਾਨਿਕ ਲੋਕ ਦੇਸੀ ਗਰਿੱਲ ਰੈਸਟੋਰੈਟ ਤੋਂ ਭੋਜਨ ਛੱਡਦੇ ਹਨ। ਇਸ ਮੌਕੇ ਪੰਜਾਬ ਦੇ ਇਤਿਹਾਸਕ ਪਿੰਡ ਕੁਤਬੇ ਨਾਲ ਸੰਬੰਧ ਰੱਖਣ ਵਾਲੇ ਕੰਵਲਜੀਤ ਸਿੰਘ ਰਾਏ ਅਤੇ ਉਹਨਾ ਦੀ ਪਤਨੀ ਕਮਲਜੀਤ ਕੌਰ ਨੇ ਕਿਹਾ ਕਿ ਉਹ ਬਾਬੇ ਨਾਨਕ ਦੇ ਸਿਧਾਂਤ ਉਤੇ ਪਹਿਰਾ ਦਿੰਦੇ ਹੋਏ ਆਪਣਾ ਫਰਜ ਨਿਭਾ ਰਹੇ ਹਨ। 

ਇਸ ਮੌਕੇ ਉਹਨਾ ਨੇ ਆਪਣੇ ਸਾਰੇ ਸਟਾਫ਼ ਅਤੇ ਸਿੱਖ ਵਲੰਟੀਅਰਜ ਆਫ ਆਸਟਰੇਲੀਆ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ। ਜਿਹਨਾ ਦੇ ਸਹਿਯੋਗ ਨਾਲ ਉਹ ਇਸ ਵਡਮੁੱਲੇ ਕਾਰਜ ਨੂੰ ਕਰ ਰਹੇ ਹਨ। ਜਿਕਰਯੋਗ ਹੈ ਕਿ ਸਿਖਾਂ ਵਲੋਂ ਇਸ ਸੰਕਟ ਦੀ ਘੜੀ ਵਿੱਚ ਨਿਭਾਈ ਜਾ ਰਹੀ ਭੂਮਿਕਾ ਕਾਰਨ ਜਿੱਥ ਆਸਟਰੇਲੀਅਨ ਲੋਕਾਂ ਨੂੰ ਦਸਤਾਰ ਅਤੇ ਸਿੱਖ ਧਰਮ ਬਾਰੇ ਜਾਣਕਾਰੀ ਮਿਲ ਰਹੀ ਹੈ ਉਥੇ ਆਸਟਰੇਲੀਅਨ ਮੀਡੀਆ ਵੀ ਸਿੱਖਾਂ ਦੀ ਸ਼ਲਾਘਾ ਤੇ ਧੰਨਵਾਦ ਕਰਦਾ ਨਹੀਂ ਥੱਕ ਰਿਹਾ।