ਕ੍ਰਿਕਟ ਪ੍ਰੇਮੀਆਂ ਲਈ ਮਾੜੀ ਖ਼ਬਰ : 31 ਸਾਲ ਬਾਅਦ ਲੜੀ ਦੇ ਸਾਰੇ ਮੈਚ ਹਾਰਿਆ ਭਾਰਤ

ਏਜੰਸੀ

ਖ਼ਬਰਾਂ, ਕੌਮਾਂਤਰੀ

ਨਿਊਜ਼ੀਲੈਂਡ ਨੇ 3-0 ਨਾਲ ਜਿੱਤੀ ਲੜੀ

file photo

ਆਊਂਟ ਮੋਨਗਾਨੁਈ : ਭਾਰਤ ਨੂੰ ਇਕ ਰੋਜ਼ਾ ਕ੍ਰਿਕੇਟ ਲੜੀ ਵਿਚ ਪਿਛਲੇ 31 ਸਾਲ ਵਿਚ ਪਹਿਲੀ ਵਾਰ 'ਵਾਇਟਵਾਸ਼' ਦਾ ਸਾਹਮਣਾ ਕਰਨਾ ਪਿਆ। ਜਦ ਨਿਊਜ਼ੀਲੈਂਡ ਨੇ ਤੀਸਰੇ ਮੈਚ ਵਿਚ ਭਾਰਤ ਨੂੰ 5 ਵਿਕਟਾਂ ਨਾ ਹਰਾ ਕੇ ਲੜੀ 3-0 ਨਾਲ ਅਪਣੇ ਨਾਂ ਕਰ ਲਈ। ਭਾਰਤੀ ਟੀਮ ਨੂੰ ਆਖ਼ਰੀ ਵਾਰ 1989 ਵਿਚ ਵੈਸਟਇੰਡੀਜ਼ ਨੇ 5-0 ਨਾਲ ਹਰਾਇਆ ਸੀ। ਭਾਰਤ ਦੀ ਸੱਤ ਵਿਕਟਾਂ 'ਤੇ 296 ਦੌੜਾਂ ਦੇ ਜਵਾਬ ਵਿਚ ਨਿਊਜ਼ੀਲੈਂਡ ਨੇ 47.1 ਓਵਰ ਵਿਚ ਪੰਜ ਵਿਕਟਾਂ 'ਤੇ 300 ਦੌੜਾਂ ਬਣਾਈਆਂ। ਜਿਦੇ ਵਿਚ ਹੈਨਰੀ ਨਿਕਲਸ ਨੇ 103 ਗੇਂਦਾ 'ਤੇ 80 ਅਤੇ ਮਾਰਟਿਨ ਗੁਪਟਿਲ ਨੇ 46 'ਤੇ 66 ਦੌੜਾ ਦੀ ਪਾਰੀ ਖੇਡੀ। ਕੋਲਿਨ ਦਿ ਗ੍ਰਾਂਡਹੋਮ ਨੇ 28 ਗੇਂਦਾ ਵਿਚ ਨਾਬਾਦ 58 ਦੌੜਾਂ ਬਣਾਈਆਂ। ਹੈਨਰੀ ਨਿਕਲਸ ਨੂੰ ਮੈਨ ਆਫ਼ ਦਿ ਮੈਚ ਚੁਣਿਆ ਗਿਆ।

ਇਸ ਤੋਂ ਪਹਿਲਾਂ ਕੇ.ਐਲ ਰਾਹੁਲ ਦੇ ਕਰੀਅਰ ਦੇ ਚੌਥੇ ਸੈਂਕੜੇ ਅਤੇ ਸ਼ਰੇਯਸ਼ ਅਈਅਰ ਦੀਆਂ 62 ਦੌੜਾਂ ਦੀ ਮਦਦ ਨਾਲ ਭਾਰਤ ਨੇ ਸ਼ੁਰੂਆਤੀ ਝਟਕਿਆਂ ਤੋਂ ਬਾਅਦ ਸੱਤ ਵਿਕਟਾਂ 'ਤੇ 296 ਦੌੜਾਂ ਬਣਾਈਆਂ। ਗੇਂਦਬਾਜ਼ੀ ਦੌਰਾਨ ਭਾਰਤ ਦੇ ਸ਼ਾਰਦੁਲ ਠਾਕੁਰ ਅਤੇ ਨਵਦੀਪ ਸੈਣੀ ਨੇ ਕਾਫ਼ੀ ਮੰਹਿਗੇ ਸਾਬਤ ਹੋਏ। ਠਾਕੁਰ ਨੇ 87 ਤੇ ਸੈਣੀ ਨੇ 68 ਦੌੜਾਂ ਦਿਤੀਆਂ। ਬੁਮਰਾਹ ਨੂੰ ਇਕ ਵੀ ਵਿਕਟ ਨਹੀ ਮਿਲੀ। ਜਦਕਿ ਯੁਜਵਿੰਦਰ ਚਹਿਲ ਨੇ 47 ਦੌੜਾਂ ਦੇ ਕੇ 3 ਵਿਕਟਾਂ ਚਟਕਾਈਆਂ।

ਅਸੀਂ ਜਿੱਤ ਦੇ ਹਕਦਾਰ ਨਹੀਂ ਸਨ : ਕੋਹਲੀ : ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਮੈਚ ਤੋਂ ਬਾਅਦ ਗੇਂਦਬਾਜ਼ਾਂ ਦੇ ਖ਼ਰਾਬ ਪ੍ਰਦਰਸ਼ਨ ਨੂੰ ਹਾਰ ਦਾ ਜ਼ਿੰਮੇਦਾਰ ਦਸਿਆ। ਕੋਹਲੀ ਨੇ ਮੈਚ ਦੇ ਬਾਅਦ ਕਿਹਾ, ''ਗੇਂਦ ਤੋਂ ਅਸੀਂ ਵਿਕਟਾਂ ਗਿਰਾਉਣ ਵਿਚ ਨਾਕਾਮ ਰਹੇ। ਸਾਡੀ ਫਿਲਡਿੰਗ ਵੀ ਖ਼ਰਾਬ ਰਹੀ। ਸਾਡੇ ਕੋਲ ਮੈਚ ਜਿੱਤਣ ਦਾ ਪੂਰਾ ਮੌਕਾ ਸੀ ਪਰ  ਜਦ ਤੁਸ਼ੀਂ ਖੇਡਣ ਦੇ ਚੰਗੇ ਮੌਕੇ ਗੁਆ ਦਿੰਦੇ ਹੋ ਤਾਂ ਤੁਸੀਂ ਜਿੱਤ ਦੇ ਹਕਦਾਰ ਨਹੀਂ ਹੋ ਸਕਦੇ।'' ਉਨ੍ਹਾਂ ਕਿਹਾ ਬੱਲੇਬਾਜ਼ਾ ਨੇ ਮੁਸ਼ਕਲ ਹਾਲਾਤਾਂ ਵਿਚ ਚੰਗੀ ਵਾਪਸੀ ਕੀਤੀ ਜੋ ਸਕਾਰਾਤਮਕ ਸੰਕੇਤ ਹਨ, ਪਰ ਜਿਸ ਤਰ੍ਹਾਂ ਫਿਲਡਿੰਗ ਅਤੇ ਗੇਂਦਬਾਜ਼ੀ ਕੀਤੀ ਉਹ ਕਾਫ਼ੀ ਨਹੀਂ ਸੀ। ''

ਕੇ.ਐਲ ਰਾਹੁਲ ਨੇ ਕੋਹਲੀ ਨੂੰ ਪਿੱਛੇ ਛੱਡਿਆ : ਕੇ. ਐੱਲ. ਰਾਹੁਲ ਭਾਰਤ ਲਈ ਸਭ ਤੋਂ ਤੇਜ਼ 4 ਇਕ ਰੋਜ਼ਾ ਸੈਂਕੜੇ ਲਾਉਣ ਦੇ ਮਾਮਲੇ 'ਚ ਦੂਜੇ ਨੰਬਰ 'ਤੇ ਪਹੁੰਚ ਗਏ ਹਨ। ਉਸ ਨੇ 31 ਪਾਰੀਆਂ 'ਚ ਇਹ ਮੁਕਾਮ ਹਾਸਲ ਕੀਤਾ। ਇਸ ਮਾਮਲੇ 'ਚ ਉਸ ਨੇ ਵਿਰਾਟ ਕੋਹਲੀ ਦਾ ਰੀਕਾਰਡ ਤੋੜਿਆ ਹੈ, ਕੋਹਲੀ ਨੇ 36ਵੀਂ ਪਾਰੀ 'ਚ ਚੌਥਾ ਇਕ ਰੋਜ਼ਾ ਸੈਂਕੜਾ ਲਾਇਆ ਸੀ। ਇਸ ਮਾਮਲੇ ਵਿਚ ਸ਼ਿਖਰ ਧਵਨ 24 ਪਾਰੀਆਂ ਦੇ ਨਾਲ ਚੋਟੀ 'ਤੇ ਹਨ।

21 ਸਾਲਾਂ ਬਾਅਦ ਏਸ਼ੀਆ ਤੋਂ ਬਾਹਰ ਭਾਰਤੀ ਵਿਕਟ ਕੀਪਰ ਦਾ ਸੈਂਕੜਾ : 21 ਸਾਲਾਂ ਬਾਅਦ ਭਾਰਤੀ ਵਿਕਟ ਕੀਪਰ ਨੇ ਏਸ਼ੀਆ ਤੋਂ ਬਾਹਰ ਸੈਂਕੜਾ ਬਣਾਇਆ। ਰਾਹੁਲ ਤੋਂ ਪਹਿਲਾਂ ਰਾਹੁਲ ਦ੍ਰਾਵਿੜ ਨੇ ਇੰਗਲੈਂਡ ਦੇ ਟੋਂਟਨ ਵਿਖੇ 1999 ਵਿਚ ਸ੍ਰੀਲੰਕਾ ਖ਼ਿਲਾਫ਼ ਸੈਂਕੜਾ ਲਗਾਇਆ ਸੀ। ਰਾਹੁਲ 5 ਵੇਂ ਨੰਬਰ 'ਤੇ ਬੱਲੇਬਾਜ਼ੀ ਕਰਦੇ ਹੋਏ 3 ਸਾਲ ਬਾਅਦ ਸੈਂਕੜਾ ਲਗਾਉਣ ਵਾਲੇ ਪਹਿਲੇ ਖਿਡਾਰੀ ਹਨ । ਇਸ ਤੋਂ ਪਹਿਲਾਂ ਮਹਿੰਦਰ ਸਿੰਘ ਧੋਨੀ ਨੇ ਜਨਵਰੀ 2017 ਵਿਚ ਇੰਗਲੈਂਡ ਖ਼ਿਲਾਫ਼ ਕਟਕ 'ਚ 134 ਦੌੜਾਂ ਬਣਾਈਆਂ ਸਨ। ਨਿਊਜ਼ੀਲੈਂਡ ਵਿਚ ਸਿਰਫ 2 ਭਾਰਤੀ ਬੱਲੇਬਾਜ਼ਾਂ ਨੇ 5 ਵੇਂ ਨੰਬਰ 'ਤੇ ਖੇਡ ਕੇ ਸੈਂਕੜੇ ਲਗਾਏ ਹਨ। ਰੋਹਿਤ ਤੋਂ ਪਹਿਲਾਂ ਸੁਰੇਸ਼ ਰੈਨਾ ਨੇ 2015 ਵਿਸ਼ਵ ਕੱਪ ਦੌਰਾਨ ਆਕਲੈਂਡ ਵਿਚ ਜ਼ਿੰਬਾਬਵੇ ਖ਼ਿਲਾਫ਼ 110 ਦੌੜਾਂ ਦੀ ਪਾਰੀ ਖੇਡੀ ਸੀ।