ਬਾਬੇ ਨਾਨਕ ਦੀ ਜਨਮ ਧਰਤੀ 'ਤੇ ਉਸਾਰਿਆ ਜਾ ਰਿਹਾ ਪਾਕਿਸਤਾਨ ਦਾ ਸਭ ਤੋਂ ਖ਼ੂਬਸੂਰਤ ਰੇਲਵੇ ਸਟੇਸ਼ਨ
ਲਗਭਗ 80 ਫ਼ੀਸਦੀ ਮੁਕੰਮਲ ਹੋ ਚੁੱਕਿਆ ਹੈ ਰੇਲਵੇ ਸਟੇਸ਼ਨ ਦੀ ਉਸਾਰੀ ਦਾ ਕੰਮ
ਨਨਕਾਣਾ ਸਾਹਿਬ (ਬਾਬਰ ਜਲੰਧਰੀ): ਪਾਕਿਸਤਾਨ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜਨਮ ਧਰਤੀ ‘ਤੇ ਪਾਕਿਸਤਾਨ ਦਾ ਸਭ ਤੋਂ ਖੂਬਸੂਰਤ ਅਤੇ ਵਿਸ਼ਾਲ ਰੇਲਵੇ ਸਟੇਸ਼ਨ ਤਿਆਰ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਸ੍ਰੀ ਨਨਕਾਣਾ ਸਾਹਿਬ ਵਿਖੇ ਰੇਲਵੇ ਸਟੇਸ਼ਨ ਦੀ ਉਸਾਰੀ ਕਰੀਬ 3 ਸਾਲ ਪਹਿਲਾਂ ਸ਼ੁਰੂ ਕੀਤੀ ਗਈ ਸੀ ਤੇ ਹੁਣ ਉਸਾਰੀ ਅੰਤਿਮ ਪੜਾਅ ਤੱਕ ਪਹੁੰਚ ਚੁੱਕੀ ਹੈ।
ਇਸ ਸਬੰਧੀ ਪਾਕਿਸਤਾਨ ਰੇਲਵੇ ਮੰਤਰਾਲੇ ਦਾ ਦਾਅਵਾ ਹੈ ਕਿ ਸ੍ਰੀ ਨਨਕਾਣਾ ਸਾਹਿਬ ਵਿਖੇ ਅਧੁਨਿਕ ਢੰਗ ਨਾਲ ਉਸਾਰਿਆ ਜਾ ਰਿਹਾ ਰੇਲਵੇ ਸਟੇਸ਼ਨ ਪਾਕਿਸਤਾਨ ਦਾ ਸਭ ਤੋਂ ਖ਼ੂਬਸੂਰਤ ਤੇ ਵਿਸ਼ਾਲ ਰੇਲਵੇ ਸਟੇਸ਼ਨ ਹੋਵੇਗਾ। ਜਾਣਕਾਰੀ ਮੁਤਾਬਕ ਰੇਲਵੇ ਸਟੇਸ਼ਨ ‘ਤੇ ਸਿੱਖ ਸੰਗਤਾਂ ਨੂੰ ਅਨੇਕਾਂ ਸਹੂਲਤਾਂ ਦਿੱਤੀਆਂ ਜਾਣਗੀਆਂ। ਜਿਸ ਵਿਚ ਗੁਰੂ ਸਾਹਿਬਾਨ ਦੇ ਗੁਰਪੁਰਬ ਅਤੇ ਹੋਰ ਪਾਵਨ ਦਿਹਾੜਿਆਂ ਮੌਕੇ ਸ੍ਰੀ ਨਨਕਾਣਾ ਸਾਹਿਬ ਵਿਖੇ ਆਉਣ ਵਾਲੀਆਂ ਸੰਗਤਾਂ ਲਈ ਖ਼ਾਸ ਤੌਰ ‘ਤੇ ਅਸਥਾਈ ਰਿਹਾਇਸ਼ ਅਤੇ ਕਮਰੇ ਤਿਆਰ ਕਰਵਾਏ ਗਏ।
ਇਸ ਤੋਂ ਇਲਾਵਾ ਯਾਤਰੀਆਂ ਦੀ ਸਹੂਲਤ ਲਈ ਕੈਂਟੀਨ ਵੀ ਤਿਆਰ ਕਰਵਾਈ ਗਈ। ਸਿੱਖ ਸੰਗਤਾਂ ਲਈ ਵਿਸ਼ਾਲ ਕੀਰਤਨ ਹਾਲ ਵੀ ਸੁਰੱਖਿਅਤ ਰੱਖਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਰੇਲਵੇ ਸਟੇਸ਼ਨ ਤੋਂ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਤੱਕ 'ਗੁਰੂ ਨਾਨਕ ਮਾਰਗ' ਬਣਾਇਆ ਗਿਆ ਹੈ, ਇਸ ਰਾਹੀਂ ਸੰਗਤਾਂ ਅਸਾਨੀ ਨਾਲ ਗੁਰਦੁਆਰਾ ਸਾਹਿਬ ਤੱਕ ਪਹੁੰਚ ਸਕਣਗੀਆਂ।
ਜਾਣਕਾਰੀ ਮੁਤਾਬਕ ਸ੍ਰੀ ਨਨਕਾਣਾ ਸਾਹਿਬ ਵਿਖੇ ਰੇਲਵੇ ਸਟੇਸ਼ਨ ਨੂੰ ਅਪਗ੍ਰੇਡ ਕਰਨ ਅਤੇ ਇਸ ਦੀ ਉਸਾਰੀ 'ਤੇ ਹੁਣ ਤੱਕ 23 ਕਰੋੜ ਰੁਪਏ ਦੀ ਲਾਗਤ ਆ ਚੁੱਕੀ ਹੈ। ਰੇਲਵੇ ਸਟੇਸ਼ਨ ਦੀ ਉਸਾਰੀ ਦਾ ਕੰਮ ਲਗਭਗ 80 ਫ਼ੀਸਦੀ ਮੁਕੰਮਲ ਹੋ ਚੁੱਕਿਆ ਹੈ |