ਭਾਰਤੀ ਕਾਮੇ ਵਲੋਂ ਫ਼ੋਨ 'ਤੇ ਉੱਚੀ ਗੱਲ ਕਰਨ ਵਾਲੇ ਅਪਣੇ ਸਾਥੀ ਦਾ ਕਤਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਗੁੱਸੇ ਨੂੰ ਜੇਕਰ ਕਾਬੂ ਨਾ ਕੀਤੇ ਜਾਵੇ ਤਾਂ ਇਹ ਕੁੱਝ ਵੀ ਕਰਵਾ ਸਕਦਾ ਹੈ। ਗੁੱਸੇ ਵਿਚ ਬੇਕਾਬੂ ਹੋਇਆ ਇਨਸਾਨ ਕਤਲ ਨੂੰ ਅੰਜ਼ਾਮ ਦੇ ਸਕਦਾ ਹੈ। ਅਜਿਹੀ ਹੀ ਘਟਨਾ ...

Murder

ਆਬੂਧਾਬੀ : ਗੁੱਸੇ ਨੂੰ ਜੇਕਰ ਕਾਬੂ ਨਾ ਕੀਤੇ ਜਾਵੇ ਤਾਂ ਇਹ ਕੁੱਝ ਵੀ ਕਰਵਾ ਸਕਦਾ ਹੈ। ਗੁੱਸੇ ਵਿਚ ਬੇਕਾਬੂ ਹੋਇਆ ਇਨਸਾਨ ਕਤਲ ਨੂੰ ਅੰਜ਼ਾਮ ਦੇ ਸਕਦਾ ਹੈ। ਅਜਿਹੀ ਹੀ ਘਟਨਾ ਆਬੂਧਾਬੀ ਵਿਚ ਵਾਪਰੀ ਹੈ, ਜਿੱਥੇ ਇਕ ਭਾਰਤੀ ਨੇ ਅਪਣੇ ਸਾਥੀ ਦਾ ਇਸ ਗੱਲੋਂ ਕਤਲ ਕਰ ਦਿਤਾ ਕਿਉਂਕਿ ਉਹ ਫ਼ੋਨ 'ਤੇ ਉਚੀ-ਉਚੀ ਗੱਲ ਕਰ ਰਿਹਾ ਸੀ। 37 ਸਾਲਾਂ ਦਾ ਭਾਰਤੀ ਇਮਾਰਤ ਉਸਾਰੀ ਦੇ ਕੰਮ ਨਾਲ ਜੁੜਿਆ ਹੋਇਆ ਹੈ, ਜਿਸ ਨੇ ਅਪਣੇ ਸਾਥੀ ਨੂੰ ਫ਼ੋਨ 'ਤੇ ਉਚੀ ਗੱਲ ਕਰਨ ਨੂੰ ਲੈ ਕੇ ਹੀ ਕਤਲ ਕਰ ਦਿਤਾ।

ਉਂਝ ਇਹ ਘਟਨਾ ਬੀਤੇ ਮਾਰਚ ਮਹੀਨੇ ਅਲ ਕਿਊਸਾਇਸ ਇਲਾਕੇ ਵਿਚ ਵਾਪਰੀ ਸੀ ਪਰ ਹੁਣ ਇਸ ਮਾਮਲੇ ਵਿਚ ਅਦਾਲਤ ਨੇ ਮੁਲਜ਼ਮ ਭਾਰਤੀ 'ਤੇ ਦੋਸ਼ ਆਇਦ ਕੀਤੇ ਗਏ ਹਨ। ਅਦਾਲਤ ਵਿਚ ਹੋਈ ਬਹਿਸ ਦੌਰਾਨ ਸਰਕਾਰੀ ਵਕੀਲਾਂ ਨੇ ਮੁਲਜ਼ਮ ਲਈ ਸਖ਼ਤ ਸਜ਼ਾ ਦੀ ਮੰਗ ਕੀਤੀ ਹੈ। ਭਾਰਤੀ ਕਾਮਿਆਂ ਦੇ ਸੁਪਰਵਾਈਜ਼ਰ ਨੇ ਇਸ ਸਬੰਧੀ ਗੱਲਬਾਤ ਕਰਦਿਆਂ ਦਸਿਆ ਕਿ ਜਦੋਂ ਉਸ ਨੂੰ ਇਸ ਘਟਨਾ ਬਾਰੇ ਪਤਾ ਲੱਗਿਆ ਸੀ ਤਾਂ ਉਹ ਤੁਰਤ ਕਮਰੇ ਵਿਚ ਗਿਆ, ਜਿੱਥੇ ਇਕ ਵਿਅਕਤੀ ਬੇਹੋਸ਼ੀ ਦੀ ਹਾਲਤ ਵਿਚ ਪਿਆ ਸੀ। ਉਸ ਦੇ ਪੇਟ 'ਤੇ ਚਾਕੂ ਦਾ ਵੱਡਾ ਜ਼ਖ਼ਮ ਸੀ। 

ਇਕ ਗਵਾਹ ਨੇ ਦਸਿਆ ਕਿ ਉਸ ਨੇ ਇਕ ਭਾਰਤੀ ਨੂੰ ਇਮਾਰਤ ਤੋਂ ਬਾਹਰ ਭੱਜਦਿਆਂ ਦੇਖਿਆ ਸੀ। ਉਸ ਅਨੁਸਾਰ ਉਹ ਸ਼ਰਾਬੀ ਹਾਲਤ ਵਿਚ ਜਾਪ ਰਿਹਾ ਸੀ ਤੇ ਉਸ ਦੀਆਂ ਉਂਗਲਾਂ 'ਚੋਂ ਖ਼ੂਨ ਨਿਕਲ ਰਿਹਾ ਸੀ। ਭਾਵੇਂ ਕਿ ਉਸ ਨੂੰ ਖੂਨ ਨਿਕਲਣ ਦਾ ਕਾਰਨ ਪੁਛਿਆ ਗਿਆ ਪਰ ਇਸ ਦੇ ਬਾਵਜੂਦ ਉਸ ਨੇ ਇਹ ਨਹੀਂ ਦਸਿਆ ਕਿ ਉਸ ਦੇ ਇਹ ਸੱਟ ਕਿਵੇਂ ਲੱਗੀ। 

ਸੀਸੀਟੀਵੀ ਦੀ ਫ਼ੁਟੇਜ ਮੁਤਾਬਕ ਮੁਲਜ਼ਮ ਅਪਣੇ ਕੱਪੜਿਆਂ ਹੇਠਾਂ ਚਾਕੂ ਲੁਕਾ ਰਿਹਾ ਸੀ, ਜਦੋਂ ਉਹ ਰੈਸਟ-ਰੂਮ ਵਿਚ ਦਾਖ਼ਲ ਹੋਇਆ ਸੀ ਤੇ ਇੰਝ ਦਰਸਾਉਣ ਦੀ ਕੋਸ਼ਿਸ਼ ਕਰ ਰਿਹਾ ਸੀ, ਜਿਵੇਂ ਉਸ ਨੇ ਕੁੱਝ ਕੀਤਾ ਹੀ ਨਾ ਹੋਵੇ। ਪੋਸਟਮਾਰਟਮ ਰਿਪੋਰਟ ਵਿਚ ਮ੍ਰਿਤਕ ਦੀ ਮੌਤ ਦਾ ਕਾਰਨ ਚਾਕੂ ਨਾਲ ਹੋਇਆ ਜ਼ਖ਼ਮ ਹੀ ਦਸਿਆ ਗਿਆ ਸੀ। ਅਦਾਲਤ ਹੁਣ ਮੁਲਜ਼ਮ ਵਿਰੁਧ ਦੋਸ਼ ਆਇਦ ਕਰ ਦਿਤੇ ਹਨ ਅਤੇ ਅਗਲੇ ਕੁੱਝ ਦਿਨਾਂ ਵਿਚ ਉਸ ਨੂੰ ਸਜ਼ਾ ਦਾ ਐਲਾਨ ਕਰ ਦਿਤਾ ਜਾਵੇਗਾ।