ਟੀ.ਵੀ. ਪੱਤਰਕਾਰ ਦੇ ਕਤਲ ਦੇ ਮਾਮਲੇ 'ਚ ਸਹੁਰਾ ਗ੍ਰਿਫ਼ਤਾਰ
ਬੰਗਲਾਦੇਸ਼ ਦੀ ਪੁਲਿਸ ਨੇ ਇਕ ਮਹਿਲਾ ਟੀ.ਵੀ. ਪੱਤਰਕਾਰ ਦੇ ਕਤਲ ਦੇ ਦੋਸ਼ ਵਿਚ ਉਸਦੇ ਸਹੁਰੇ ਨੂੰ ਹਿਰਾਸਤ 'ਚ ਲਿਆ ਹੈ..............
ਢਾਕਾ : ਬੰਗਲਾਦੇਸ਼ ਦੀ ਪੁਲਿਸ ਨੇ ਇਕ ਮਹਿਲਾ ਟੀ.ਵੀ. ਪੱਤਰਕਾਰ ਦੇ ਕਤਲ ਦੇ ਦੋਸ਼ ਵਿਚ ਉਸਦੇ ਸਹੁਰੇ ਨੂੰ ਹਿਰਾਸਤ 'ਚ ਲਿਆ ਹੈ। ਕਿਹਾ ਜਾ ਰਿਹਾ ਹੈ ਕਿ ਇਸ ਮਹਿਲਾ ਦਾ ਦਾਜ ਦੀ ਮੰਗ ਪੂਰੀ ਨਾ ਕਰਨ ਕਰ ਕੇ ਕਤਲ ਕੀਤਾ ਗਿਆ ਸੀ। ਇਕ ਖ਼ਬਰ ਮੁਤਾਬਕ ਪਿਛਲੇ ਹਫ਼ਤੇ ਕੁੱਝ ਅਣਪਛਾਤੇ ਹਮਲਾਵਰਾਂ ਨੇ ਟੀ.ਵੀ. ਪੱਤਰਕਾਰ ਸੁਬਰਣਾ ਅਕਤੇਰ ਨੋਦੀ (32) ਦਾ ਉਸ ਦੇ ਘਰ ਵਿਚ ਤੇਜ਼ਧਾਰ ਹਥਿਆਰ ਨਾਲ ਗਲਾ ਵੱਢ ਕੇ ਕਤਲ ਕਰ ਦਿਤਾ ਸੀ। ਸੁਬਰਣਾ ਇਕ ਨਿਜੀ ਚੈਨਲ ਵਿਚ ਕੰਮ ਕਰਦੀ ਸੀ।
ਪਬਨਾ ਜ਼ਿਲ੍ਹੇ ਦੀ ਇਕ ਅਦਾਲਤ ਨੇ ਨੋਦੀ ਦੇ ਪਹਿਲੇ ਪਤੀ ਰਜੀਬ ਹੁਸੈਨ ਦੇ ਪਿਤਾ ਉਦਯੋਗਪਤੀ ਅਬੁਲ ਹੁਸੈਨ ਨੂੰ ਨਿਆਂਇਕ ਹਿਰਾਸਤ ਵਿਚ ਭੇਜ ਦਿਤਾ ਹੈ। ਮ੍ਰਿਤਕਾ ਨੋਦੀ ਦੀ ਮਾਂ ਦੇ ਬਿਆਨਾਂ ਦੇ ਅਧਾਰ 'ਤੇ ਪਹਿਲੇ ਪਤੀ ਰਜੀਬ ਅਤੇ ਸਹੁਰੇ ਅਬੁਲ ਅਤੇ 4-5 ਹੋਰ ਲੋਕਾਂ ਵਿਰੁਧ ਮਾਮਲਾ ਦਰਜ ਕੀਤਾ ਗਿਆ ਸੀ। ਜਾਂਚ ਲਈ ਇਹ ਮਾਮਲਾ ਪੁਲਿਸ ਦੀ ਡਿਟੈਕਟਿਵ ਬ੍ਰਾਂਚ ਨੂੰ ਸੌਂਪਿਆ ਗਿਆ ਹੈ।
ਮ੍ਰਿਤਕ ਨੋਦੀ ਦੀ ਮਾਂ ਨੇ ਦਸਿਆ ਕਿ 29 ਅਗੱਸਤ ਦੀ ਰਾਤ ਨੂੰ ਕੁੱਝ ਲੋਕਾਂ ਨੇ 10.45 ਵਜੇ ਨੋਦੀ ਦੇ ਘਰ ਦੀ ਘੰਟੀ ਵਜਾਈ। ਦਰਵਾਜ਼ਾ ਖੋਲ੍ਹਦਿਆਂ ਹੀ ਉਨ੍ਹਾਂ ਨੇ ਨੋਦੀ 'ਤੇ ਹਮਲਾ ਕਰ ਦਿਤਾ ਅਤੇ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ। ਨੋਦੀ ਦੀ ਮਾਂ ਨੇ ਸ਼ਿਕਾਇਤ ਵਿਚ ਦਾਅਵਾ ਕੀਤਾ ਕਿ ਉਸ ਦੀ ਧੀ ਨੇ ਮਰਨ ਤੋਂ ਪਹਿਲਾਂ ਅਪਣੇ ਪਹਿਲੇ ਪਤੀ ਨੂੰ ਹਮਲਾਵਰਾਂ ਵਿਚੋਂ ਇਕ ਦਸਿਆ ਸੀ। ਨੋਦੀ ਨੇ ਰਜੀਬ 'ਤੇ ਦਾਜ ਦਾ ਮਾਮਲਾ ਦਰਜ ਕਰਵਾਇਆ ਸੀ ਅਤੇ ਸ਼ੱਕ ਹੈ ਕਿ ਇਸੇ ਕਾਰਨ ਉਸ ਨੂੰ ਮਾਰਿਆ ਗਿਆ ਹੈ। (ਪੀ.ਟੀ.ਆਈ)