ਜ਼ਮੀਨੀ ਵਿਵਾਦ: ਨਸ਼ਈ ਪੁੱਤ ਵਲੋਂ ਪਿਤਾ ਦਾ ਕਤਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬੀਤੀ ਰਾਤ ਪਿੰਡ ਬਿਸ਼ਨੰਦੀ ਵਿਚ ਇਕ ਨਸ਼ੇੜੀ ਪੁੱਤ ਵਲੋਂ ਅਪਣੇ ਬਾਪ ਨੂੰ ਗੰਡਾਸੇ ਮਾਰ ਕੇ ਕਤਲ ਕੀਤੇ ਜਾਣ ਦੀ ਖ਼ਬਰ ਹੈ............

Police officers during Investigation

ਜੈਤੋ : ਬੀਤੀ ਰਾਤ ਪਿੰਡ ਬਿਸ਼ਨੰਦੀ ਵਿਚ ਇਕ ਨਸ਼ੇੜੀ ਪੁੱਤ ਵਲੋਂ ਅਪਣੇ ਬਾਪ ਨੂੰ ਗੰਡਾਸੇ ਮਾਰ ਕੇ ਕਤਲ ਕੀਤੇ ਜਾਣ ਦੀ ਖ਼ਬਰ ਹੈ। ਘਟਨਾ ਸ਼ਨਿੱਚਰਵਾਰ ਰਾਤ ਕਰੀਬ 11 ਵਜੇ ਦੀ ਹੈ। ਤੀਹ ਸਾਲਾ ਮਨਯੋਧ ਸਿੰਘ ਨੇ ਘਰੋਂ ਬਾਹਰ ਆ ਕੇ ਗਲੀ 'ਚ ਰੌਲਾ ਪਾਇਆ ਕਿ ਉਸ ਦੇ ਬਿਰਧ ਬਾਪ ਨੂੰ ਹਮਲਾਵਰ ਘਰੇ ਆ ਕੇ ਮਾਰ ਗਏ ਹਨ। ਗੁਆਂਢੀਆਂ ਆ ਕੇ ਵੇਖਿਆ ਕਿ ਮਨਯੋਧ ਦਾ 60 ਸਾਲਾ ਪਿਤਾ ਲਾਸ਼ ਵਿਚ ਤਬਦੀਲ ਹੋ ਚੁੱਕਾ ਸੀ। ਉਸ ਦੇ ਚਿਹਰੇ ਦੀ ਤੇਜ਼ਧਾਰ ਹਥਿਆਰ ਨਾਲ ਬੇਰਹਿਮੀ ਨਾਲ ਹੋਈ ਵੱਢ-ਟੁੱਕ ਵੇਖ ਕੇ ਵੇਖਣ ਵਾਲੇ ਇਕ ਵਾਰ ਤਾਂ ਭਵੰਤਰ ਗਏ।

ਸਿਆਣੇ ਬੰਦਿਆਂ ਨੇ ਸੰਭਲਦਿਆਂ ਜਦੋਂ ਮਨਯੋਧ ਨੂੰ ਪੁਚਕਾਰ ਕੇ ਪੁਛਿਆ ਤਾਂ ਉਹ ਮੰਨ ਗਿਆ ਕਿ ਕਾਰਾ ਉਸੇ ਨੇ ਹੀ ਕੀਤਾ ਹੈ। ਜਾਣਕਾਰੀ ਮੁਤਾਬਕ ਮਨਯੋਧ ਹੁਰੀਂ ਦੋ ਭਰਾ ਹਨ। ਇਕ ਫ਼ੌਜ ਵਿਚ ਨੌਕਰੀ ਕਰਦਾ ਹੈ। ਬਾਪ ਅਪਣੇ ਹਿੱਸੇ ਦੀ 14 ਕਨਾਲਾਂ ਵਾਹੀਯੋਗ ਜ਼ਮੀਨ ਅਪਣੇ ਕੋਲ ਰੱਖ ਕੇ ਬਾਕੀ ਹਿੱਸੇ ਬਹਿੰਦੀ ਦੋਹਾਂ ਪੁੱਤਰਾਂ ਦੇ ਨਾਂਅ ਕਰਵਾ ਚੁੱਕਾ ਸੀ। ਮਨਯੋਧ ਨੂੰ ਨਸ਼ੇ ਦੀ ਅਜਿਹੀ ਆਦਤ ਪਈ ਕਿ ਉਸ ਨੇ ਅਪਣੇ ਹਿੱਸੇ ਦੀ ਪੈਲੀ ਵੇਚ-ਵੱਟ ਕੇ ਨਸ਼ਿਆਂ 'ਤੇ ਖ਼ਰਚ ਕਰ ਦਿਤੀ। ਬਿਲਕੁਲ 'ਖ਼ਾਕੀ' ਹੋਣ ਮਗਰੋਂ ਬਾਪੂ ਦੀ ਪੈਲੀ ਅਪਣੇ ਨਾਂਅ ਕਰਾਉਣ ਲਈ ਉਸ ਨੂੰ ਤੰਗ ਕਰਨ ਲੱਗ ਪਿਆ।

ਬਾਪ ਨੇ ਪੁੱਤ ਦੇ ਲੱਛਣਾਂ ਨੂੰ ਵੇਖ ਕੇ ਜ਼ਮੀਨ ਪੁੱਤ ਦੀ ਥਾਂ ਪੋਤਰਿਆਂ ਦੇ ਨਾਂਅ ਕਰਾਉਣ ਦੀ ਹਾਮੀ ਭਰੀ ਪਰ ਮਨਯੋਧ ਨੇ ਇਸ ਫ਼ੈਸਲੇ ਨੂੰ ਨਾ ਸਵੀਕਾਰਿਆ। ਇਸੇ ਮੁੱਦੇ ਨੂੰ ਲੈ ਕੇ ਲੰਘੀ ਦੇਰ ਰਾਤ ਮਨਯੋਧ ਨਸ਼ੇ ਦੀ ਹਾਲਤ 'ਚ ਘਰੇ ਆਇਆ ਅਤੇ ਪਿਓ-ਪੁੱਤ ਖਹਿਬੜਨ ਲੱਗੇ। ਬਾਅਦ 'ਚ ਇਹ ਤਕਰਾਰ ਹਿੰਸਕ ਰੂਪ ਅਖਤਿਆਰ ਕਰ ਗਈ ਅਤੇ ਉਸ ਨੇ ਗੰਡਾਸੇ ਨਾਲ ਅਪਣੇ ਪਿਤਾ 'ਤੇ ਬੇਰਹਿਮੀ ਨਾਲ ਹਮਲਾ ਕਰ ਕੇ ਵੱਢ ਸੁੱਟਿਆ। ਕਾਤਲ ਨੇ ਮ੍ਰਿਤਕ ਦੇ ਚਿਹਰੇ 'ਤੇ ਕਰੂਰਤਾ ਨਾਲ ਵਾਰ ਕਰ ਕੇ ਚਿਹਰਾ ਬੇਪਛਾਣ ਕਰ ਦਿਤਾ। 

ਪੁਲੀਸ ਨੂੰ ਘਟਨਾ ਸਬੰਧੀ ਰਾਤ ਨੂੰ ਕਰੀਬ ਇਕ ਵਜੇ ਸੂਚਨਾ ਮਿਲੀ। ਐਸ.ਐਚ.ਓ. ਜੈਤੋ ਸੁਖਮੰਦਰ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਕੇਸ ਦੇ ਤਫ਼ਤੀਸ਼ੀ ਅਫ਼ਸਰ ਜਸਵੰਤ ਸਿੰਘ ਵਲੋਂ ਆਈਪੀਸੀ ਦੀ ਧਾਰਾ 302 ਤਹਿਤ ਮਨਯੋਧ ਸਿੰਘ ਵਿਰੁਧ ਐਫਆਈਆਰ ਨੰਬਰ 116 ਦਰਜ ਕੀਤੀ ਗਈ ਹੈ। ਮੁਲਜ਼ਮ ਘਟਨਾ ਪਿੱਛੋਂ ਫ਼ਰਾਰ ਦਸਿਆ ਗਿਆ ਹੈ।