ਇਸ ਦੇਸ਼ ਨੂੰ ਮਿਲਿਆ ਬੇਸ਼ਕੀਮਤੀ ਖ਼ਜਾਨਾ, ਜਾਣ ਕੇ ਰਹਿ ਜਾਵੋਗੇ ਹੈਰਾਨ !

ਏਜੰਸੀ

ਖ਼ਬਰਾਂ, ਕੌਮਾਂਤਰੀ

ਈਰਾਨ ਕੋਲ ਹੈ ਦੁਨੀਆਂ ਦਾ ਚੌਥਾ ਤੇਲ ਭੰਡਾਰ

File Photo

ਤਹਿਰਾਨ : ਈਰਾਨ ਨੇ ਕੱਚੇ ਤੇਲ ਦਾ ਇੱਕ ਬੇਸ਼ਕੀਮਤੀ ਭੰਡਾਰ ਲੱਭ ਲਿਆ ਹੈ। ਈਰਾਨ ਦੇ ਰਾਸ਼ਟਰਪਤੀ ਹਸਨ ਰੁਹਾਨੀ ਨੇ ਦੱਸਿਆ ਕਿ ਉਸ ਦੇ ਦੇਸ਼ ਨੇ ਲਗਭਗ 50 ਅਰਬ ਬੈਰਲ ਕੱਚੇ ਤੇਲ ਦੇ ਭੰਡਾਰ ਦੀ ਖੋਜ਼ ਕੀਤੀ ਹੈ। ਇਸ ਨਵੇਂ ਤੇਲ ਖੇਤਰ ਦੀ ਖੋਜ਼ ਤੋਂ ਬਾਅਦ ਈਰਾਨ ਦੇ ਤੇਲ ਭੰਡਾਰ ਵਿਚ ਲਗਭਗ 30 ਫ਼ੀਸਦੀ ਦਾ ਵਾਧਾ ਹੋ ਜਾਵੇਗਾ। ਹਾਲਾਂਕਿ ਅਮਰੀਕੀ ਪਾਬੰਦੀਆਂ ਕਾਰਨ ਈਰਾਨ ਨੂੰ ਤੇਲ ਵੇਚਣਾ ਮੁਸ਼ਕਿਲ ਹੋ ਗਿਆ ਹੈ।

ਪਿਛਲੇ ਸਾਲ ਅਮਰੀਕਾ ਨੇ ਈਰਾਨ ਦੇ ਨਾਲ ਨਿਊਕਲੀਅਰ ਡੀਲ ਨੂੰ ਰੱਦ ਕਰਕੇ ਉਸਦੇ ਉੱਤੇ ਕਈ ਪਾਬੰਦੀਆਂ ਲਗਾ ਦਿੱਤੀਆਂ ਸਨ ਜਿਸ ਤੋਂ ਬਾਅਦ ਈਰਾਨ ਦੇ ਸਾਹਮਣੇ ਤੇਲ ਵੇਚਣ ਨੂੰ ਲੈ ਕੇ ਚੁਣੌਤੀਆਂ ਪੈਦਾ ਹੋ ਗਈਆਂ ਹਨ। ਇਹ ਤੇਲ ਖੇਤਰ ਈਰਾਨ ਦੇ ਦੱਖਣੀ ਕੁਜੇਸਤਾਨ ਸੂਬੇ ਵਿਚ ਸਥਿਤ ਹੈ ਜੋ ਆਇਲ ਇੰਡਸਟਰੀ ਦੇ ਲਈ ਬਹੁਤ ਅਹਿਮ ਹੈ। ਈਰਾਨ ਦੇ ਰਾਸ਼ਟਰਪਤੀ ਨੇ ਕਿਹਾ ਹੈ ਕਿ ਉਸਦੇ ਦੇਸ਼ ਦੇ 150 ਅਰਬ ਬੈਰਲ ਦੇ ਪ੍ਰਮਾਣਿਕ ਤੇਲ ਭੰਡਾਰ ਵਿਚ 53 ਅਰਬ ਬੈਰਲ ਦਾ ਵਾਧਾ ਹੋ ਜਾਵੇਗਾ। ਉਨ੍ਹਾਂ ਕਿਹਾ, “ਮੈਂ ਵਾਈਟ ਹਾਊਸ ਨੂੰ ਦੱਸਣਾ ਚਾਹੁੰਦਾ ਹਾਂ ਕਿ ਜਦੋਂ ਤੁਸੀ ਈਰਾਨ ਦੇ ਤੇਲ ਦੀ ਵਿਕਰੀ 'ਤੇ ਪਾਬੰਦੀਆਂ ਲਗਾਉਣ ਵਿਚ ਵਿਅਸਤ ਸਨ, ਉਦੋਂ ਸਾਡੇ ਦੇਸ਼ ਦੇ ਮਜ਼ਦੂਰਾਂ ਅਤੇ ਇੰਜੀਨੀਅਰਾਂ ਨੇ 53 ਅਰਬ ਬੈਰਲ ਦਾ ਇੱਕ ਤੇਲ ਭੰਡਾਰ ਲੱਭ ਲਿਆ।“

ਅਹਵਾਜ ਵਿਚ 65 ਅਰਬ ਬੈਰਲ ਤੇਲ ਭੰਡਾਰ ਤੋਂ ਬਾਅਦ ਇਹ ਨਵਾਂ ਤੇਲ ਖੇਤਰ ਈਰਾਨ ਦਾ ਦੂਜਾ ਸੱਭ ਤੋਂ ਵੱਡਾ ਆਇਲ ਖੇਤਰ ਬਣ ਸਕਦਾ ਹੈ। ਦੱਸ ਦਈਏ ਕਿ ਈਰਾਨ ਦੇ ਕੋਲ ਦੁਨੀਆਂ ਦਾ ਚੌਥਾ ਸੱਭ ਤੋਂ ਵੱਡਾ ਤੇਲ ਭੰਡਾਰ ਹੈ ਅਤੇ ਕੁਦਰਤੀ ਗੈਸ ਦਾ ਦੂਜਾ ਸੱਭ ਤੋਂ ਵੱਡਾ ਤੇਲ ਭੰਡਾਰ ਵੀ ਇਸੇ ਦੇਸ਼ ਕੋਲ ਹੈ।