ਬੋਝ ਦੱਸਦੇ ਹੋਏ ਆਸਟਰੇਲੀਆ ਨੇ ਰੱਦ ਕੀਤਾ ਚੁਣੌਤੀਗ੍ਰਸਤ ਭਾਰਤੀ ਦਾ ਯਾਤਰੀ ਵੀਜ਼ਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਆਸਟਰੇਲੀਆ ਮੁਤਾਬਕ ਜੇਕਰ ਸ਼ੁਭਾਜੀਤ ਛੁੱਟੀਆਂ ਮਨਾਉਣ ਆਸਟਰੇਲੀਆ ਆਉਣਗੇ ਤਾਂ ਇਸ ਨਾਲ ਉਹਨਾਂ ਦੀ ਸਿਹਤ ਸੇਵਾ 'ਤੇ ਬੋਝ ਪਵੇਗਾ।

Cancelled visa

ਨਵੀਂ ਦਿੱਲੀ, ( ਭਾਸ਼ਾ ) : ਕ੍ਰਿਸਮਸ ਦੇ ਮੌਕੇ 'ਤੇ ਬਹੁਤ ਸਾਰੇ ਪਰਵਾਰਾਂ ਵੱਲੋਂ ਛੁੱਟੀਆਂ ਦੀ ਯੋਜਨਾ ਬਣਾਈ ਜਾਂਦੀ ਹੈ ਤਾਂ ਕਿ ਇਸ ਤਿਓਹਾਰ ਦਾ ਪੂਰਾ ਆਨੰਦ ਲਿਆ ਜਾ ਸਕੇ। ਬਹੁਤ ਸਾਰੇ ਭਾਰਤੀ ਵੀ ਕ੍ਰਿਸਮਸ ਦੇ ਦਿਨਾਂ ਵਿਚ ਵਿਦੇਸ਼ਾਂ ਵਿਚ ਜਾਣ ਦੀ ਤਿਆਰੀ ਕਰਦੇ ਹਨ। ਅਜਿਹਾ ਹੀ ਕੁਝ ਸੋਚਦੇ ਹੋਏ ਇਕ ਭਾਰਤੀ ਨੇ ਆਸਟਰੇਲੀਆ ਵਿਖੇ ਕ੍ਰਿਸਮਸ ਦੀਆਂ ਛੁੱਟੀਆਂ ਬਿਤਾਉਣ ਦਾ ਫੈਸਲਾ ਕੀਤਾ ਪਰ ਸਰੀਰਕ ਤੌਰ 'ਤੇ ਚੁਣੌਤੀਗ੍ਰਸਤ ਇਸ ਵਿਅਕਤੀ ਦਾ ਯਾਤਰੀ ਵੀਜ਼ਾ ਆਸਟੇਰਲੀਆ ਵੱਲੋਂ ਰੱਦ ਕਰ ਦਿਤਾ ਗਿਆ।

ਦਰਅਸਲ ਫ਼ੌਜ ਵਿਚ ਡਿਊਟੀ ਦੌਰਾਨ ਸ਼ੁਭਾਜੀਤ ਜਖ਼ਮੀ ਹੋ ਗਏ ਸਨ। ਇਸ ਲਈ ਉਹ ਵਹੀਲਚੇਅਰ ਦੀ ਵਰਤੋਂ ਕਰਦੇ ਹਨ। ਕ੍ਰਿਸਮਸ ਦੀਆਂ ਛੁੱਟੀਆਂ ਦੌਰਾਨ ਉਹਨਾਂ ਨੇ ਯਾਤਰੀ ਵੀਜ਼ਾ 'ਤੇ ਦੋ ਹਫਤਿਆਂ ਲਈ ਆਸਟਰੇਲੀਆ ਜਾਣ ਦੀ ਯੋਜਨਾ ਬਣਾਈ ਪਰ ਆਸਟਰੇਲੀਆ ਨੇ ਉਹਨਾਂ ਦਾ ਯਾਤਰੀ ਵੀਜ਼ਾ ਇਹ ਕਹਿੰਦੇ ਹੋਏ ਰੱਦ ਕਰ ਦਿਤਾ ਕਿ ਸ਼ੁਭਾਜੀਤ ਨਾਲ ਉਹਨਾਂ ਦੀ ਸਿਹਤ ਸੇਵਾ 'ਤੇ ਵਾਧੂ ਬੋਝ ਪਵੇਗਾ। ਆਸਟਰੇਲੀਆ ਵੱਲੋਂ ਭੇਦਭਾਵ ਦੀ ਇਸ ਘਟਨਾ ਦੀ ਲੋਕਾਂ ਵੱਲੋਂ ਨਿੰਦਾ ਕੀਤੀ ਜਾ ਰਹੀ ਹੈ।

ਬ੍ਰਾਇਲ ਬੇਲ ਨਾਮ ਦੇ ਇਕ ਵਿਅਕਤੀ ਵੱਲੋਂ ਅਪਣੇ ਟਵਿੱਟਰ 'ਤੇ ਇਸ ਘਟਨਾ ਦੀ ਜਾਣਕਾਰੀ ਦਿਤੀ ਗਈ। ਉਹਨਾਂ ਨੇ ਲਿਖਿਆ ਕਿ ਆਸਟਰੇਲੀਆ ਨੇ ਭਾਰਤੀ ਚੁਣੌਤੀਗ੍ਰਸਤ ਵਿਅਕਤੀ ਨੂੰ ਕ੍ਰਿਸਮਸ ਦੌਰਾਨ ਯਾਤਰੀ ਵੀਜ਼ਾ ਦੇਣ ਤੋਂ ਸਾਫ ਇਨਕਾਰ ਕਰ ਦਿਤਾ ਕਿਉਂਕਿ ਉਹ ਵਹੀਲਚੇਅਰ ਦੀ ਵਰਤੋਂ ਕਰਦੇ ਹਨ। ਆਸਟਰੇਲੀਆ ਮੁਤਾਬਕ ਜੇਕਰ ਸ਼ੁਭਾਜੀਤ ਛੁੱਟੀਆਂ ਮਨਾਉਣ ਆਸਟਰੇਲੀਆ ਆਉਣਗੇ ਤਾਂ ਇਸ ਨਾਲ ਉਹਨਾਂ ਦੀ ਸਿਹਤ ਸੇਵਾ 'ਤੇ ਬੋਝ ਪਵੇਗਾ। ਉਹਨਾਂ ਹੋਰ ਲਿਖਿਆ ਕਿ ਇਹ ਇਕ ਨਵਾਂ ਉਦਾਹਰਨ ਹੈ

ਜਿਸ ਵਿਚ ਸਰੀਰਕ ਤੌਰ 'ਤੇ ਚੁਣੌਤੀਗ੍ਰਸਤਾਂ ਨੂੰ ਆਸਟਰੇਲੀਆ ਅਪਣੇ ਦੇਸ਼ ਆਉਣ ਦੀ ਆਗਿਆ ਨਹੀਂ ਦਿੰਦਾ ਹੈ। ਬੇਲ ਨੇ ਹੋਰ ਦੱਸਿਆ ਕਿ ਸ਼ੁਭਾਜੀਤ ਕੋਲ ਯਾਤਰੀ ਬੀਮਾ ਵੀ ਸੀ। ਉਹ ਫ਼ੌਜ ਵਿਚ ਲਗੀ ਸੱਟ ਦਾ ਇਲਾਜ ਕਰਵਾ ਚੁੱਕੇ ਹਨ ਅਤੇ ਆਸਟਰੇਲੀਆ ਦੀ ਸਿਹਤ ਸੇਵਾ ਦੀ ਵਰਤੋਂ ਕਰਨ ਦਾ ਉਹਨਾਂ ਦਾ ਕੋਈ ਇਰਾਦਾ ਨਹੀਂ ਸੀ। ਇਸ ਘਟਨਾ ਨਾਲ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਉਹਨਾਂ ਨੂੰ ਵੀਜ਼ਾ ਨਾ ਦੇਣ ਦਾ ਫੈਸਲਾ ਚੁਣੌਤੀਗ੍ਰਸਤ ਵਿਅਕਤੀਆਂ ਨਾਲ ਕੀਤੇ ਜਾਣ ਵਾਲੇ ਭੇਦਭਾਵ ਤੇ' ਆਧਾਰਿਤ ਹੈ। ਇਸ ਟਵੀਟ ਨੂੰ ਸ਼ੁਭਾਜੀਤ ਦੀ ਪਤਨੀ ਅਤੇ ਪਰਵਾਰਕ ਮੈਂਬਰਾਂ ਵੱਲੋਂ ਵੀ ਸਾਂਝਾ ਕੀਤਾ ਗਿਆ ਹੈ।