ਲੰਡਨ 'ਚ ਤੇਜ਼ ਰਫ਼ਤਾਰ ਕਾਰ ਦੀ ਲਪੇਟ 'ਚ ਆਉਣ ਵਾਲੀ ਪੰਜਾਬਣ ਦੀ ਮੌਤ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਮੁਲਜ਼ਮ ਗਤੀ ਸੀਮਾ ਤੋਂ ਤਿੰਨ ਗੁਣਾ ਤੋਂ ਵੀ ਵੱਧ ਗਤੀ 'ਤੇ ਚਲਾ ਰਿਹਾ ਸੀ ਕਾਰ

Image

 

ਲੰਡਨ - ਇੱਥੇ ਇੱਕ 23 ਸਾਲਾ ਵਿਅਕਤੀ ਨੂੰ ਲਗਭਗ 100 ਮੀਲ ਪ੍ਰਤੀ ਘੰਟਾ ਦੀ ਰਫ਼ਤਾਰ 'ਤੇ ਲਾਪਰਵਾਹੀ ਨਾਲ ਗੱਡੀ ਚਲਾਉਣ ਦੇ ਦੋਸ਼ ਵਿੱਚ ਛੇ ਸਾਲ ਦੀ ਸਜ਼ਾ ਸੁਣਾਈ ਗਈ ਹੈ, ਜਿਸ ਦੀ ਲਾਪਰਵਾਹੀ ਕਾਰਨ ਇੱਕ ਪੰਜ ਮਹੀਨੇ ਦੇ ਬੱਚੇ ਦੀ ਮਾਂ ਜੋ ਕਿ ਇੱਕ ਸਿੱਖ ਔਰਤ ਸੀ, ਉਸ ਦੀ ਮੌਤ ਹੋ ਗਈ ਸੀ। 

ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ, ਹਾਸ਼ਿਮ ਅਜ਼ੀਜ਼ 'ਆਪਣੇ ਚਚੇਰੇ ਭੈਣ-ਭਰਾਵਾਂ ਨੂੰ ਦਿਖਾਉਣ' ਲਈ ਗਤੀ ਸੀਮਾ ਤੋਂ ਤਿੰਨ ਗੁਣਾ ਵੱਧ ਗਤੀ 'ਤੇ ਕਾਰ ਚਲਾ ਰਿਹਾ ਸੀ, ਜਦੋਂ ਉਸ ਦੀ ਔਡੀ ਏ3 ਵੈਸਟ ਮਿਡਲੈਂਡਜ਼ ਵਿੱਚ ਬਲਜਿੰਦਰ ਕੌਰ ਮੂਰ ਦੀ ਵੌਕਸਹਾਲ ਕੋਰਸਾ ਕਾਰ ਨਾਲ ਟਕਰਾ ਗਈ ਸੀ। 

ਬਲਜਿੰਦਰ (32) ਆਪਣੇ ਭਰਾ ਦੇ ਘਰ ਤੋਂ ਆਪਣੇ ਪਤੀ ਨੂੰ ਲੈਣ ਲਈ ਜਾ ਰਹੀ ਸੀ, ਅਤੇ ਉਹ 62 ਮੀਲ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਗੱਡੀ ਚਲਾ ਰਹੀ ਸੀ।

ਵੁਲਵਰਹੈਂਪਟਨ ਕਰਾਊਨ ਕੋਰਟ ਨੂੰ ਦੋ ਗਵਾਹਾਂ ਨੇ ਦੱਸਿਆ ਕਿ ਗੱਡੀਆਂ ਟਕਰਾਉਣ ਦੇ 'ਜ਼ੋਰਦਾਰ ਧਮਾਕੇ' ਤੋਂ ਪਹਿਲਾਂ, ਅਜ਼ੀਜ਼ ਉਨ੍ਹਾਂ ਕੋਲੋਂ '100 ਮੀਲ ਪ੍ਰਤੀ ਘੰਟਾ ਤੋਂ ਵੱਧ' ਦੀ ਰਫ਼ਤਾਰ 'ਤੇ ਲੰਘਿਆ। 

ਸਰਕਾਰੀ ਵਕੀਲ ਕੈਥਲਿਨ ਆਰਚਰਡ ਨੇ ਕਿਹਾ ਕਿ ਟਕਰਾਅ ਐਨੇ ਜ਼ੋਰ ਨਾਲ ਹੋਇਆ ਕਿ ਕਾਰਾਂ ਦੇ ਇੰਜਣ 'ਵੱਖ ਹੋ ਗਏ' ਅਤੇ 30 ਮੀਟਰ ਦੂਰ ਤੱਕ ਮਲਬਾ ਖਿੱਲਰਿਆ ਪਿਆ ਸੀ।

ਬਲਜਿੰਦਰ ਕੌਰ ਨੂੰ ਮੌਕੇ 'ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ।

ਮੀਡੀਆ ਰਿਪੋਰਟਾਂ ਅਨੁਸਾਰ, ਹਾਈਗੇਟ ਡਰਾਈਵ ਵਾਲਸਾਲ ਦੇ ਰਹਿਣ ਵਾਲੇ ਅਜ਼ੀਜ਼ ਨੇ ਪਹਿਲਾਂ ਪੁਲਿਸ ਇੰਟਰਵਿਊ ਦੌਰਾਨ ਦੁਖਾਂਤ ਲਈ ਬਲਜਿੰਦਰ ਕੌਰ ਨੂੰ ਜ਼ਿੰਮੇਵਾਰ ਠਹਿਰਾਉਣ ਦੀ ਕੋਸ਼ਿਸ਼ ਕੀਤੀ, ਪਰ ਬਾਅਦ ਵਿੱਚ ਉਸ ਨੇ ਖ਼ਤਰਨਾਕ ਡਰਾਈਵਿੰਗ ਨੂੰ ਮੌਤ ਦਾ ਕਾਰਨ ਮੰਨ ਲਿਆ।

ਅਜ਼ੀਜ਼ ਦੇ ਬਚਾਅ ਪੱਖ ਦੇ ਵਕੀਲ ਐਡਮ ਮੋਰਗਨ ਨੇ ਕਿਹਾ, "ਇਸ ਤਬਾਹਕੁੰਨ ਦੁਰਘਟਨਾ ਲਈ ਉਹ ਪੂਰੀ ਜ਼ਿੰਮੇਵਾਰੀ ਸਵੀਕਾਰ ਕਰਦਾ ਹੈ। ਉਸ ਨੂੰ ਇਸ ਰਫ਼ਤਾਰ 'ਤੇ ਕਾਰ ਨਹੀਂ ਚਲਾਉਣੀ ਚਾਹੀਦੀ ਸੀ।"

ਮੰਗਲਵਾਰ ਨੂੰ ਵੁਲਵਰਹੈਂਪਟਨ ਕ੍ਰਾਊਨ ਕੋਰਟ ਵਿੱਚ ਆਪਣੀ ਸਜ਼ਾ ਸੁਣਾਉਣ ਦੌਰਾਨ, ਅਜ਼ੀਜ਼ ਨੇ ਹਾਦਸੇ ਲਈ 'ਪੂਰੇ ਪਛਤਾਵੇ' ਦਾ ਪ੍ਰਗਟਾਵਾ ਕੀਤਾ।

ਅਦਾਲਤ ਨੂੰ ਦੱਸਿਆ ਗਿਆ ਸੀ ਕਿ ਅਜ਼ੀਜ਼ ਦਾ ਅਪਰਾਧਿਕ ਰਿਕਾਰਡ ਸਾਫ਼ ਹੈ ਅਤੇ ਉਸ ਦੀ ਡਰਾਈਵਿੰਗ 'ਤੇ ਵੀ ਪਹਿਲਾਂ ਕੋਈ ਦੋਸ਼ ਨਹੀਂ ਲੱਗੇ।

ਛੇ ਸਾਲ ਦੀ ਕੈਦ ਤੋਂ ਇਲਾਵਾ, ਅਜ਼ੀਜ਼ 'ਤੇ ਸੱਤ ਸਾਲਾਂ ਲਈ ਗੱਡੀ ਚਲਾਉਣ 'ਤੇ ਪਾਬੰਦੀ ਲਗਾਈ ਗਈ ਹੈ।