ਅਬਾਦੀ ਵਧਾਉਣ ਲਈ ਇਥੇ ਚਾਰ ਬੱਚਿਆਂ ਵਾਲੀਆਂ ਮਾਵਾਂ ਦਾ ਕਰਜ਼ ਕੀਤਾ ਜਾ ਰਿਹਾ ਮਾਫ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਸਰਕਾਰ ਚਾਰ ਬੱਚੇ ਪੈਦਾ ਕਰਨ ਦੀ ਪ੍ਰਤਿਬਧੱਤਾ ਜਤਾਉਣ ਵਾਲੇ ਯੋਗ ਜੋੜਿਆਂ ਨੂੰ 1 ਕਰੋੜ ਫੋਰਿੰਟ ਦੇ ਵਿਆਜ ਮੁਕਤ ਕਰ ਦੀ ਪੇਸ਼ਕਸ਼ ਕਰੇਗੀ। 

Hungary

ਬੁਡਾਪੇਸਟ : ਘੱਟ ਰਹੀ ਅਬਾਦੀ ਹੰਗਰੀ ਸਰਕਾਰ ਲਈ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਸਰਕਾਰ ਨੇ ਪ੍ਰਜਨਨ ਦਰ  ਵਧਾਉਣ ਲਈ ਕਈ ਅਨੋਖੇ ਐਲਾਨ ਵੀ ਕੀਤੇ ਹਨ। ਇਸ ਵਿਚੋਂ ਇਕ ਹੈ ਕਿ ਦੇਸ਼ ਵਿਚ ਚਾਰ ਜਾਂ ਉਸ ਤੋਂ ਵੱਧ ਬੱਚਿਆਂ ਵਾਲੀਆਂ ਮਾਵਾਂ ਦੇ ਸਾਰੇ ਤਰ੍ਹਾਂ ਦੇ ਕਰਜ਼ ਮਾਫ ਕਰ ਦਿਤੇ ਗਏ ਹਨ। ਅਜਿਹੀਆਂ ਔਰਤਾਂ ਨੂੰ ਸਾਰੀ ਉਮਰ ਆਮਦਨ ਕਰ ਤੋਂ ਵੀ ਛੋਟ ਦੇ ਦਿਤੀ ਗਈ ਹੈ।

ਘਰ ਅਤੇ ਸੱਤ ਸੀਟ ਵਾਲੇ ਵਾਹਨਾਂ ਦੀ ਖਰੀਦ 'ਤੇ ਉਹਨਾਂ ਨੂੰ ਸਬਸਿਡੀ ਦੇਣ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਰਾਸ਼ਟਰ ਦੇ ਨਾਮ ਅਪਣੇ ਸੰਬੋਧਨ ਵਿਚ ਹੰਗਰੀ ਦੇ ਪ੍ਰਧਾਨ ਮੰਤਰੀ ਵਿਕਟਰ ਆਰਬਨ ਨੇ ਕਿਹਾ ਹੈ ਕਿ ਸਰਕਾਰ ਚਾਰ ਬੱਚੇ ਪੈਦਾ ਕਰਨ ਦੀ ਪ੍ਰਤਿਬਧੱਤਾ ਜਤਾਉਣ ਵਾਲੇ ਯੋਗ ਜੋੜਿਆਂ ਨੂੰ 1 ਕਰੋੜ ਫੋਰਿੰਟ ( ਲਗਭਗ 25 ਲੱਖ ਰੁਪਏ) ਦੇ ਵਿਆਜ ਮੁਕਤ ਕਰ ਦੀ ਪੇਸ਼ਕਸ਼ ਕਰੇਗੀ। 

ਹਾਲਾਂਕਿ ਕਿਸੇ ਕਾਰਨ ਜੋੜਿਆਂ ਦੇ ਤਿੰਨ ਤੋਂ ਜ਼ਿਆਦਾ ਬੱਚੇ ਨਹੀਂ ਹੁੰਦੇ ਤਾਂ ਇਹ ਕਰ ਅਪਣੇ ਆਪ ਰੱਦ ਹੋ ਜਾਵੇਗਾ। ਇਹੋ ਨਹੀਂ, ਜੋੜਿਆਂ ਨੂੰ ਨਿਰਧਾਰਤ ਦਰ 'ਤੇ ਵਿਆਜ ਵੀ ਅਦਾ ਕਰਨਾ ਪਵੇਗਾ। ਚਾਰ ਜਾਂ ਉਸ ਤੋਂ ਵੱਧ ਬੱਚੇ ਪੈਦਾ ਕਰਨ ਵਾਲੇ ਜੋੜਿਆਂ ਨੂੰ ਘਰ ਜਾਂ ਜ਼ਮੀਨ ਖਰੀਦਣ 'ਤੇ ਸਬਸਿਡੀ ਮਿਲੇਗੀ। ਸੱਤ ਸੀਟ ਵਾਲੇ ਵਾਹਨ ਦੀ ਖਰੀਦਾਰੀ 'ਤੇ ਵੀ ਉਹਨਾਂ ਨੂੰ ਆਰਥਿਕ ਮਦਦ ਦਿਤੀ ਜਾਵੇਗੀ।

ਹੰਗਰੀ ਸਰਕਾਰ ਕੰਮਕਾਜੀ ਜੋੜਿਆਂ ਦੇ ਲਈ ਬੱਚਿਆਂ ਦੇ ਪਾਲਣ ਪੋਸ਼ਣ ਨੂੰ ਅਸਾਨ ਬਣਾਉਣ ਲਈ 21 ਹਜ਼ਾਰ ਨਵੀਆਂ ਨਰਸਰੀ ਵੀ ਖੋਲ੍ਹਗੀ। ਜੱਚਾ-ਬੱਚਾ ਦੀ ਚੰਗੀ ਸਿਹਤ ਨੂੰ ਯਕੀਨੀ ਬਣਾਉਣ ਲਈ 2.5 ਅਰਬ ਡਾਲਰ ਖਰਚ ਕੀਤੇ ਜਾਣਗੇ। ਦੱਸ ਦਈਏ ਕਿ ਹੰਗਰੀ ਦੀ ਅਬਾਦੀ 32 ਹਜ਼ਾਰ ਪ੍ਰਤੀ ਸਾਲ ਦੀ ਦਰ ਨਾਲ ਘੱਟ ਰਹੀ ਹੈ। ਔਰਤਾਂ ਦੀ ਮੌਜੂਦਾ ਪ੍ਰਜਨਨ ਦਰ 1.45 ਦੇ ਲਗਭਗ ਹੈ।

ਪੱਛਮ ਦੇ ਲਈ ਯੂਰੋਪ ਵਿਚ ਘੱਟ ਰਹੀ ਅਬਾਦੀ ਦਾ ਹੱਲ ਇਮੀਗ੍ਰੇਸ਼ਨ ਸੀ। ਉਹਨਾਂ ਨੂੰ ਲਗਦਾ ਸੀ ਕਿ ਹਰੇਕ ਘਰ ਵਿਚ ਇਕ ਬੱਚਾ ਘੱਟ ਪੈਦਾ ਹੋਣ 'ਤੇ ਬਾਹਰ ਤੋਂ ਇਕ ਬੱਚਾ ਆ ਜਾਵੇਗਾ ਤਾਂ ਹਾਲਾਤ ਠੀਕ ਹੋ ਜਾਣਗੇ। ਹੰਗਰੀ ਦੇ ਲੋਕ ਦੂਜੇ ਤਰੀਕੇ ਨਾਲ ਸੋਚਦੇ ਹਨ। ਉਹਨਾਂ ਨੂੰ ਬਾਹਰੀ ਨਹੀਂ, ਸਗੋਂ ਹੰਗਰੀ ਮੂਲ ਦੇ ਬੱਚੇ ਚਾਹੀਦੇ ਹਨ।