ਪਾਕਿਸਤਾਨ ’ਚ ਸਿੱਖ ਨੇਤਾ ਗੁਰਦੀਪ ਸਿੰਘ ਨੇ ਸੈਨੇਟਰ ਵਜੋਂ ਚੁੱਕੀ ਸਹੁੰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪਾਕਿਸਤਾਨ ਤਹਿਰੀਕ-ਏ-ਇੰਸਾਫ਼ (ਪੀਟੀਆਈ) ਦੇ ਪਾਰਟੀ ਨੇਤਾ ਗੁਰਦੀਪ ਸਿੰਘ...

Gurdeep Singh

ਇਸਲਾਮਾਬਾਦ: ਪਾਕਿਸਤਾਨ ਤਹਿਰੀਕ-ਏ-ਇੰਸਾਫ਼ (ਪੀਟੀਆਈ) ਦੇ ਪਾਰਟੀ ਨੇਤਾ ਗੁਰਦੀਪ ਸਿੰਘ ਨੇ ਅੱਜ ਪਾਕਿਸਤਾਨ ਦੀ ਸੰਸਦ ਵਿਚ ਉਪਰਲੇ ਸਦਨ ‘ਚ ਸਿੱਖਾਂ ਦੇ ਪਹਿਲੇ ਪ੍ਰਤੀਨਿਧੀ ਬਣਕੇ ਸੈਨੇਟਰ ਵਜੋਂ ਸਹੁੰ ਚੁੱਕੀ ਹੈ। ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਤੋ ਗੁਰਦੀਪ ਸਿੰਘ, 3 ਮਾਰਚ ਨੂੰ ਪਾਕਿਸਤਾਨ ਦੇ ਸੀਨੇਟ ਵਿਚ ਖੈਬਰ ਪਖਤੂਨਖਵਾ ਰਾਜ ਤੋਂ ਪਹਿਲੇ ਸਿੱਖ ਪ੍ਰਤੀਨਿਧੀ ਬਣ ਗਏ।

ਉਨ੍ਹਾਂ ਨੇ ਚੋਣਾਂ ਵਿਚ ਸੰਸਦ ਦੇ ਉਪਰਲੇ ਸਦਨ ਵਿਚ ਇਕ ਮਾਮੂਲੀ ਫਰਕ ਨਾਲ ਵਿਰੋਧੀ ਉਮੀਦਵਾਰਾਂ ਨੂੰ ਹਰਾਇਆ। ਗੁਰਦੀਪ ਸਿੰਘ ਨੇ ਸਦਨ ਵਿਚ 145 ਵਿਚੋਂ 103 ਵੋਟਾਂ ਹਾਸਲ ਕੀਤੀਆਂ। ਜਦਕਿ ਜਮੀਆਤ ਉਲੇਮਾ-ਏ-ਇਸਲਾਮ (ਫਜਲੂਰ) ਦੇ ਉਮੀਦਵਾਰ ਰਣਜੀਤ ਸਿੰਘ ਨੂੰ ਸਿਰਫ਼ 25 ਵੋਟਾਂ ਮਿਲੀਆਂ ਤੇ ਅਵਾਮੀ ਨੈਸ਼ਨਲ ਪਾਰਟੀ ਦੇ ਆਸਿਫ਼ ਭੱਟੀ ਨੂੰ 12 ਵੋਟਾਂ ਹੀ ਮਿਲੀਆਂ।

ਸੱਤ ਹੋਰ ਸੈਨੇਟਰਾਂ ਨੇ ਵੀ ਸ਼ੁਕਰਵਾਰ ਨੂੰ ਚੁੱਕੀ ਸਹੁੰ

ਸੈਨੇਟਰ ਸਈਦ ਮੁਜੱਫ਼ਰ ਹੁਸੈਨ ਸ਼ਾਹਨ, ਜਿਨ੍ਹਾਂ ਨੂੰ ਮੁੱਖ ਅਫ਼ਸਰ ਵਜੋਂ ਨਿਯੁਕਤ ਕੀਤਾ ਗਿਆ ਹੈ, ਨੇ ਮੈਂਬਰਾਂ ਨੂੰ ਸਹੁੰ ਚੁਕਾਈ। ਉਨ੍ਹਾਂ ਨੂੰ ਛੇ ਸਾਲ 2021 ਤੋਂ 2027 ਤੱਕ ਸੈਨੇਟਰ ਦੇ ਵਜੋਂ ਸਹੁੰ ਚੁਕਾਈ ਹੈ। ਪਾਕਿਸਤਾਨ ਦੇ ਸਵਾਤ ਜ਼ਿਲ੍ਹੇ ਦੇ ਰਹਿਣ ਵਾਲੇ ਗੁਰਦੀਪ ਸਿੰਘ ਸੀਨੇਟ ਵਿਚ ਪ੍ਰਾਂਤ ਦੇ ਪਹਿਲੇ ਪੱਗਧਾਰੀ ਸਿੱਖ ਪ੍ਰਤੀਨਿਧੀ ਹਨ।

ਸੀਨੇਟ ਦੇ ਮੈਂਬਰ ਦੇ ਵਜੋ ਸਹੁੰ ਚੁੱਕਣ ਤੋਂ ਬਾਅਦ ਗੁਰਦੀਪ ਸਿੰਘ ਨੇ ਕਿਹਾ ਕਿ ਉਹ ਦੇਸ਼ ਵਿਚ ਘੱਟ ਗਿਣਤੀ ਸਮੂਹਾਂ ਦੀ ਬੇਹਤਰੀ ਦੇ ਲਈ ਕੰਮ ਕਰਨਗੇ। ਉਨ੍ਹਾਂ ਨੂੰ ਵਿਸ਼ਵਾਸ਼ ਸੀ ਕਿ ਸੈਨੇਟਰ ਹੋਣ ਦੇ ਨਾਤੇ ਉਨ੍ਹਾਂ ਨੂੰ ਅਪਣੇ ਸਮੂਹ ਦੀ ਸੇਵਾ ਬੇਹਤਰ ਤਰੀਕੇ ਨਾਲ ਕਰਨ ਦਾ ਮੌਕਾ ਮਿਲੇਗਾ।