ਟਰੰਪ-ਕਿਮ ਮੁਲਾਕਾਤ ਅੱਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਕਹਿਣਾ ਹੈ ਕਿ ਉੱਤਰ ਕੋਰੀਆਈ ਨੇਤਾ ਕਿਮ ਜੋਂਗ ਉਨ ਨਾਲ ਉਨ੍ਹਾਂ ਦੀ ਗੱਲਬਾਤ ਬਹੁਤ ਦਿਲਚਸਪ ਹੋਵੇਗੀ ਅਤੇ ਇਸ ....

Donald trump and Kim Jong

ਸਿੰਗਾਪੁਰ,  ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਕਹਿਣਾ ਹੈ ਕਿ ਉੱਤਰ ਕੋਰੀਆਈ ਨੇਤਾ ਕਿਮ ਜੋਂਗ ਉਨ ਨਾਲ ਉਨ੍ਹਾਂ ਦੀ ਗੱਲਬਾਤ ਬਹੁਤ ਦਿਲਚਸਪ ਹੋਵੇਗੀ ਅਤੇ ਇਸ ਤੋਂ 'ਚੰਗੇ' ਨਤੀਜੇ ਨਿਕਲਣ ਦੀ ਉਮੀਦ ਹੈ। ਰਾਸ਼ਟਰਪਤੀ ਨੇ ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲੀ ਸਿਯਨ ਲੁੰਗ ਨਾਲ ਦੁਪਹਿਰ ਦੇ ਖਾਣੇ ਦੌਰਾਨ ਕੰਮਕਾਜ ਨਾਲ ਜੁੜੀ ਗੱਲਬਾਤ ਕਰਨ ਮਗਰੋਂ ਇਹ ਬਿਆਨ ਦਿਤਾ।

ਇਸ ਬੈਠਕ ਦੌਰਾਨ ਦੋਹਾਂ ਆਗੂਆਂ ਨੇ ਇਤਿਹਾਸਕ ਗੱਲਬਾਤ ਦੀਆਂ ਤਿਆਰੀਆਂ ਤੋਂ ਲੈ ਕੇ ਅਮਰੀਕਾ ਦੀਆਂ ਟੈਕਸ ਸਬੰਧੀ ਚੁਨੌਤੀਆਂ ਸਮੇਤ ਸਾਰੇ ਮਾਮਲਿਆਂ ਬਾਰੇ ਚਰਚਾ ਕੀਤੀ। ਟਰੰਪ ਨੇ ਮੇਜ਼ਬਾਨੀ ਲਈ ਉਨ੍ਹਾਂ ਦਾ ਧਨਵਾਦ ਕੀਤਾ। ਉਨ੍ਹਾਂ ਕਿਹਾ, '12 ਜੂਨ ਨੂੰ ਸਵੇਰੇ ਸਾਡੀ ਦਿਲਚਸਪ ਬੈਠਕ ਹੈ ਅਤੇ ਮੇਰਾ ਮੰਨਣਾ ਹੈ ਕਿ ਸਾਰਾ ਕੁੱਝ ਠੀਕ ਹੋ ਸਕਦਾ ਹੈ।' 

ਅਮਰੀਕੀ ਰਾਸ਼ਟਰਪਤੀ ਨਾਲ ਰਖਿਆ ਮੰਤਰੀ, ਰਾਸ਼ਟਰੀ ਸੁਰੱਖਿਆ ਸਲਾਹਕਾਰ ਤੇ ਹੋਰ ਅਧਿਕਾਰੀ ਵੀ ਪਹੁੰਚ ਗਏ ਹਨ। ਉਧਰ, ਕਿਮ ਜੋਂਗ ਵੀ ਸਿੰਗਾਪੁਰ ਪਹੁੰਚ ਗਿਆ ਹੈ। ਸੂਤਰਾਂ ਮੁਤਾਬਕ ਟਰੰਪ ਤੇ ਕਿਮ ਦੀ ਮੁਲਾਕਾਤ 'ਤੇ 100 ਕਰੋੜ ਰੁਪਏ ਦਾ ਖ਼ਰਚਾ ਆਉਣ ਦੀ ਸੰਭਾਵਨਾ ਹੈ। ਦੁਨੀਆਂ ਭਰ ਦੇ ਕੋਈ 3000 ਪੱਤਰਕਾਰ ਦੋਹਾਂ ਦੀ ਮੁਲਾਕਾਤ ਕਵਰ ਕਰਨ ਲਈ ਸਿੰਗਾਪੁਰ ਪਹੁੰਚ ਗਏ ਹਨ ਜਿਨ੍ਹਾਂ ਵਿਚ ਭਾਰਤੀ ਪੱਤਰਕਾਰ ਵੀ ਸ਼ਾਮਲ ਹਨ। ਭਾਰਤੀ ਪੱਤਰਕਾਰਾਂ ਲਈ ਵਿਸ਼ੇਸ਼ ਭਾਰਤੀ ਖਾਣੇ ਤਿਆਰ ਕੀਤੇ ਜਾਣਗੇ।

ਕਿਹਾ ਗਿਆ ਹੈ ਕਿ ਕਿਮ ਨੇ ਪਹਿਲਾਂ ਦੋ ਜਹਾਜ਼ ਖ਼ਾਲੀ ਭੇਜ ਦਿਤੇ ਅਤੇ ਉਹ ਤੀਜੇ ਜਹਾਜ਼ ਵਿਚ ਸਿੰਗਾਪੁਰ ਪਹੁੰਚਿਆ। ਉਸ ਨੂੰ ਡਰ ਹੈ ਕਿ ਉਸ ਦੀ ਹਤਿਆ ਨਾ ਹੋ ਜਾਵੇ, ਇਸ ਲਈ ਉੋਹ ਪੂਰੀ ਸਾਵਧਾਨੀ ਵਰਤ ਰਿਹਾ ਹੈ। ਸੁਰੱਖਿਆ ਲਈ ਨੇਪਾਲ ਦੇ ਗੋਰਖੇ ਤੈਨਾਤ ਕੀਤੇ ਗਏ ਹਨ। ਸਿੰਗਾਪੁਰ ਦੇ ਅਮਰੀਕਾ ਅਤੇ ਉੱਤਰ ਕੋਰੀਆ ਨਾਲ ਚੰਗੇ ਸਬੰਧ ਹਨ। ਟਰੰਪ ਨੇ ਸਿੰਗਾਪੁਰ ਵਿਚ ਵੱਡਾ ਕੇਕ ਕੱਟ ਕੇ 72ਵਾਂ ਜਨਮ ਦਿਨ ਮਨਾਇਆ।  

ਸਾਰੀ ਦੁਨੀਆਂ ਦੀਆਂ ਮੁਲਾਕਾਤ 'ਤੇ ਨਜ਼ਰਾਂ: ਉੱਤਰ ਕੋਰੀਆ ਦੇ ਸਰਕਾਰੀ ਮੀਡੀਆ ਨੇ ਅਪਣੇ ਨੇਤਾ ਕਿਮ ਜੋਂਗ ਦੇ ਸਿੰਗਾਪੁਰ ਪਹੁੰਚਣ ਦੀ ਖ਼ਬਰ ਨੂੰ ਪ੍ਰਮੁੱਖਤਾ ਨਾਲ ਛਾਪਿਆ ਹੈ। ਸਰਕਾਰੀ ਮੀਡੀਆ ਨੇ ਅਮਰੀਕੀ ਰਾਸ਼ਟਰਪਤੀ ਨਾਲ ਉਸ ਦੀ ਬੈਠਕ ਨੂੰ ਇਤਿਹਾਸਕ ਦਸਿਆ ਹੈ। ਇਹ ਖ਼ਬਰ ਸੱਤਾਧਿਰ ਪਾਰਟੀ ਦੇ ਅਖ਼ਬਾਰ ਵਿਚ ਪਹਿਲੇ ਪੰਨੇ 'ਤੇ ਸੱਭ ਤੋਂ ਉਪਰ ਲਾਈ ਗਈ ਹੈ। ਇਸ ਤੋਂ ਇਲਾਵਾ, ਕੋਰੀਅਨ ਸੈਂਟਰਲ ਟੈਲੀਵਿਜ਼ਨ 'ਤੇ ਵਿਖਾਈਆਂ ਜਾਣ ਵਾਲੀਆਂ ਦਿਨ ਦੀਆਂ ਪਹਿਲੀਆਂ ਖ਼ਬਰਾਂ ਵਿਚ ਇਹ ਪਹਿਲੀ ਅਤੇ ਇਕੋ ਇਕ ਖ਼ਬਰ ਸੀ। (ਏਜੰਸੀ)