ਉਤਰੀ ਕੋਰੀਆ ਪਰਮਾਣੂ ਹਥਿਆਰ ਖ਼ਤਮ ਕਰਨ ਲਈ ਰਾਜ਼ੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਉਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਸੁਰੱਖਿਆ ਗਾਰੰਟੀ ਦਿਤੇ ਜਾਣ ਬਦਲੇ ਪੁਰਾਣੀਆਂ ਗੱਲਾਂ ਭੁਲਾਉਣ ਅਤੇ...

Kim Jong-un Shaking Hands with Donald Trump

ਸਿੰਗਾਪੁਰ,  ਉਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਸੁਰੱਖਿਆ ਗਾਰੰਟੀ ਦਿਤੇ ਜਾਣ ਬਦਲੇ ਪੁਰਾਣੀਆਂ ਗੱਲਾਂ ਭੁਲਾਉਣ ਅਤੇ 'ਕੋਰੀਆਈ ਪ੍ਰਾਇਦੀਪ ਦੇ ਮੁਕੰਮਲ ਪਰਮਾਣੂ ਨਿਸ਼ਸਤਰੀਕਰਨ' ਵਲ ਕੰਮ ਕਰਨ ਦਾ ਵਾਅਦਾ ਕੀਤਾ ਹੈ। ਦੋਹਾਂ ਆਗੂਆਂ ਨੇ ਇਥੇ ਇਤਿਹਾਸਕ ਗੱਲਬਾਤ ਖ਼ਤਮ ਕਰਦਿਆਂ ਸਾਂਝੇ ਬਿਆਨ 'ਤੇ ਹਸਤਾਖਰ ਕੀਤੇ। ਬਿਆਨ ਮੁਤਾਬਕ ਟਰੰਪ ਅਤੇ ਕਿਮ ਨੇ ਦੋਹਾਂ ਦੇਸ਼ਾਂ ਵਿਚਕਾਰ ਨਵੇਂ ਸਬੰਧ ਬਣਾਉਣ ਅਤੇ ਕੋਰੀਆਈ ਪ੍ਰਾਇਦੀਪ ਵਿਚ ਸਥਾਈ ਸ਼ਾਂਤੀ ਕਾਇਮ ਕਰਨ ਨਾਲ ਸਬੰਧਤ ਮੁੱਦਿਆਂ ਬਾਰੇ ਲੰਮੀ, ਵਿਆਪਕ ਅਤੇ ਈਮਾਨਦਾਰਾਨਾ ਗੱਲਬਾਤ ਕੀਤੀ।

ਬਿਆਨ ਮੁਤਾਬਕ ਰਾਸ਼ਟਰਪਤੀ ਟਰੰਪ ਤਰ ਕੋਰੀਆ ਨੂੰ ਸੁਰੱਖਿਆ ਗਾਰੰਟੀ ਦੇਣ ਲਈ ਪ੍ਰਤੀਬੱਧ ਹਨ ਅਤੇ ਚੇਅਰਮੈਨ ਕਿਮ ਜੋਂਗ ਉਨ ਨੇ ਇਸ ਬਾਬਤ ਪ੍ਰਤੀਬੱਧਤਾ ਪ੍ਰਗਟ ਕੀਤੀ ਹੈ। ਦੋਹਾਂ ਆਗੂਆਂ ਨੇ ਜੰਗੀ ਕੈਦੀਆਂ ਅਤੇ ਜੰਗ ਵਿਚ ਲਾਪਤਾ ਲੋਕਾਂ ਦੀਆਂ ਲਾਸ਼ਾਂ ਬਰਾਮਦ ਕਰਨ ਪ੍ਰਤੀ ਪ੍ਰਤੀਬੱਧਤਾ ਪ੍ਰਗਟ ਕੀਤੀ। ਦੋਹਾਂ ਆਗੂਆਂ ਵਿਚਕਾਰ ਚਾਰ ਘੰਟਿਆਂ ਤੋਂ ਵੱਧ ਸਮੇਂ ਤਕ ਗੱਲਬਾਤ ਹੋਈ ਜਿਸ ਦੌਰਾਨ ਕਈ ਸਮਝੌਤੇ ਕਲਮਬੰਦ ਹੋਏ। ਗੱਲਬਾਤ ਮਗਰੋਂ ਟਰੰਪ ਨੇ ਕਿਹਾ, 'ਕਲ ਦੀ ਲੜਾਈ ਭਲਕੇ ਦੀ ਜੰਗ ਨਹੀਂ ਹੋਣੀ ਚਾਹੀਦੀ।'

ਉਨ੍ਹਾਂ ਕਿਹਾ ਕਿ ਗੱਲਬਾਤ ਸਿੱਧੀ, ਲਾਭਦਾਇਕ ਅਤੇ ਸ਼ਾਨਦਾਰ ਰਹੀ ਹੈ। ਉਨ੍ਹਾਂ ਕਿਹਾ ਕਿ ਕਿਮ ਮਿਜ਼ਾਈਲ ਇੰਜਣ ਟੈਸਟ ਟਿਕਾਣੇ ਨੂੰ ਤਬਾਹ ਕਰਨ ਲਈ ਵੀ ਸਹਿਮਤ ਹੋ ਗਿਆ ਹੈ। ਟਰੰਪ ਨੇ ਕਿਹਾ ਕਿ ਕਿਮ ਅਪਣੇ ਪਰਮਾਣੂ ਹਥਿਆਰ ਖ਼ਤਮ ਕਰਨ ਲਈ ਰਾਜ਼ੀ ਹੋ ਗਿਆ ਹੈ। ਇਸ ਤੋਂ ਪਹਿਲਾਂ ਦੋਵੇਂ ਗਰਮਜੋਸ਼ੀ ਨਾਲ ਮਿਲੇ ਅਤੇ ਦੋਹਾਂ ਵਿਚਕਾਰ ਪਹਿਲੇ ਦੌਰ ਦੀ ਗੱਲਬਾਤ ਹੋਈ। ਇਸ ਦੇ ਨਾਲ ਹੀ ਦੁਵੱਲੇ ਸਬੰਧਾਂ ਨੂੰ ਆਮ ਬਣਾਉਣ ਅਤੇ ਕੋਰੀਆਈ ਪ੍ਰਾਇਦੀਪ ਵਿਚ ਮੁਕੰਮਲ ਪਰਮਾਣੂ ਨਿਸ਼ਸਤਰੀਕਨ ਦੇ ਉਦੇਸ਼ ਨਾਲ ਦੋਹਾਂ ਆਗੂਆਂ ਵਿਚਕਾਰ ਇਤਿਹਾਸਕ ਗੱਲਬਾਤ ਦੀ ਸ਼ੁਰੂਆਤ ਹੋਈ।

ਟਰੰਪ ਅਤੇ ਕਿਮ ਵਿਚਕਾਰ ਇਹ ਮੁਲਾਕਾਤ ਸਿੰਗਾਪੁਰ ਦੇ ਮਸ਼ਹੂਰ ਹੋਟਲ ਸੇਂਟੋਸਾ ਦੇ ਲਗਜ਼ਰੀ ਹੋਟਲ ਕਾਪੇਲਾ ਸਿੰਗਾਪੁਰ ਵਿਚ ਹੋਈ। ਅਮਰੀਕਾ ਅਤੇ ਉੱਤਰ ਕੋਰੀਆਈ ਝੰਡਿਆਂ ਦੇ ਸਾਹਮਣੇ ਦੋਵੇਂ ਇਕ ਦੂਜੇ ਪਾਸੇ ਵਧੇ ਅਤੇ ਦ੍ਰਿੜਤਾ ਨਾਲ ਇਕ-ਦੂਜੇ ਦਾ ਹੱਥ ਫੜ ਲਿਆ। ਦੋਹਾਂ ਆਗੂਆਂ ਨੇ ਕਰੀਬ 12 ਸੈਕੰਡ ਤਕ ਹੱਥ ਮਿਲਾਇਆ। ਇਸ ਦੌਰਾਨ ਉਨ੍ਹਾਂ ਇਕ ਦੂਜੇ ਨੂੰ ਕੁੱਝ ਸ਼ਬਦ ਕਹੇ ਅਤੇ ਫਿਰ ਹੋਟਲ ਦੀ ਲਾਇਬਰੇਰੀ ਦੇ ਵਿਹੜੇ ਵਿਚ ਚਲੇ ਗਏ। ਮਹੀਨਿਆਂ ਦੀ ਲੰਮੀ ਕੂਟਨੀਤਕ ਖਿੱਚੋਤਾਣ ਅਤੇ ਗੱਲਬਾਤ ਮਗਰੋਂ ਦੋਹਾਂ ਆਗੂਆਂ ਵਿਚਕਾਰ ਇਹ ਪਹਿਲੀ ਮੁਲਾਕਾਤ ਹੈ। 

ਗੱਲਬਾਤ ਸ਼ੁਰੂ ਹੋਣ ਤੋਂ ਪਹਿਲਾਂ ਅਪਣੀ ਸੰਖੇਪ ਟਿਪਣੀ ਵਿਚ ਰਾਸ਼ਟਰਪਤੀ ਟਰੰਪ ਨੇ ਉਮੀਦ ਪ੍ਰਗਟਾਈ ਕਿ ਇਹ ਇਤਿਹਾਸਕ ਗੱਲਬਾਤ 'ਜ਼ਬਰਦਸਤ ਸਫ਼ਲਤਾ' ਵਾਲੀ ਹੋਵੇਗੀ। ਉੱਤਰ ਕੋਰੀਆਈ ਨੇਤਾ ਲਾਗੇ ਬੈਠ ਕੇ ਟਰੰਪ ਨੇ ਕਿਹਾ, 'ਸਾਡੇ ਰਿਸ਼ਤੇ ਬੇਹੱਦ ਸ਼ਾਨਦਾਰ ਹੋਣਗੇ।' ਟਰੰਪ ਨੂੰ ਜਦ ਪੁਛਿਆ ਗਿਆ ਕਿ ਸ਼ੁਰੂਆਤ ਵਿਚ ਕਿਹੋ ਜਿਹਾ ਮਹਿਸੂਸ ਹੋਇਆ ਤਾਂ ਉਨ੍ਹਾਂ ਕਿਹਾ, 'ਅਸਲ ਵਿਚ ਬਹੁਤ ਚੰਗਾ ਮਹਿਸੂਸ ਕਰ ਰਿਹਾ ਹਾਂ, ਅਸੀਂ ਬੇਹੱਦ ਚੰਗੀ ਚਰਚਾ ਕਰਨ ਵਾਲੇ ਹਾਂ ਅਤੇ ਸਾਡੇ ਰਿਸ਼ਤੇ ਸ਼ਾਨਦਾਰ ਹੋਣਗੇ, ਇਸ ਵਿਚ ਮੈਨੂੰ ਕੋਈ ਸ਼ੱਕ ਨਹੀਂ।'

ਉੱਤਰ ਕੋਰੀਆਈ ਤਾਨਾਸ਼ਾਹ ਨੇ ਕਿਹਾ ਕਿ ਸਿੰਗਾਪੁਰ ਵਿਚ ਹੋ ਰਹੀ ਬੈਠਕ ਦੇ ਰਾਹ ਵਿਚ ਕਈ ਰੋੜੇ ਸਨ। ਹੱਥ ਮਿਲਾਉਣ ਮਗਰੋਂ ਦੋਵੇਂ ਨੇਤਾ ਹੋਟਲ ਅੰਦਰ ਚਲੇ ਗਏ। ਦੋਹਾਂ ਵਿਚਕਾਰ ਪਹਿਲਾਂ 45 ਮਿੰਟ ਤਕ ਗੱਲਬਾਤ ਹੋਈ।  ਯੂਰਪੀ ਸੰਘ, ਭਾਰਤ, ਸ੍ਰੀਲੰਕਾ, ਰੂਸ ਆਦਿ ਮੁਲਕਾਂ ਨੇ ਦੋਹਾਂ ਆਗੂਆਂ ਦੀ ਗੱਲਬਾਤ ਦਾ ਸਵਾਗਤ ਕੀਤਾ ਹੈ। (ਏਜੰਸੀ)