ਨਮਾਜ਼ ਦੌਰਾਨ ਸ਼ੇਰ ਸ਼ਾਹ ਸੂਰੀ ਮਸਜਿਦ ਵਿਚ ਹੋਇਆ ਧਮਾਕਾ, ਇਮਾਮ ਸਮੇਤ 4 ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅਮਰੀਕਾ ਦੇ ਨਾਲ ਸ਼ਾਂਤੀ ਵਾਰਤਾ ਤੋਂ ਬਾਅਦ ਅਫਗਾਨਿਸਤਾਨ ਵਿਚ ਤਾਲੀਬਾਨ ਨੇ ਅਪਣੇ ਹਮਲੇ ਤੇਜ਼ ਕਰ ਦਿੱਤੇ ਹਨ।

Kabul mosque blast

ਨਵੀਂ ਦਿੱਲੀ: ਅਮਰੀਕਾ ਦੇ ਨਾਲ ਸ਼ਾਂਤੀ ਵਾਰਤਾ ਤੋਂ ਬਾਅਦ ਅਫਗਾਨਿਸਤਾਨ ਵਿਚ ਤਾਲੀਬਾਨ ਨੇ ਅਪਣੇ ਹਮਲੇ ਤੇਜ਼ ਕਰ ਦਿੱਤੇ ਹਨ। ਸ਼ੁੱਕਰਵਾਰ ਨੂੰ ਜੁਮੇ ਦੀ ਨਮਾਜ਼ ਦੌਰਾਨ ਰਾਜਧਾਨੀ ਕਾਬੁਲ ਦੇ ਪੱਛਮ ਵਿਚ ਸਥਿਤ ਸ਼ੇਰ ਸ਼ਾਹ ਸੂਰੀ ਮਸਜਿਦ ਵਿਚ ਧਮਾਕੇ ਵਿਚ ਇਮਾਮ ਸਮੇਤ 4 ਲੋਕਾਂ ਦੀ ਮੌਤ ਹੋ ਗਈ ਹੈ।

ਦੱਸਿਆ ਜਾ ਰਿਹਾ ਹੈ ਕਿ ਇਸ ਧਮਾਕੇ ਵਿਚ ਕਈ ਲੋਕ ਜ਼ਖਮੀ ਵੀ ਹਨ। ਦੱਸ ਦਈਏ ਕਿ ਇਸ ਤੋਂ ਪਹਿਲਾਂ 2 ਜੂਨ ਨੂੰ ਕਾਬੁਲ ਦੇ ਡਾਊਨ ਟਾਊਨ ਵਿਚ ਵੀ ਇਕ ਮਸਜਿਦ ਵਿਚ ਧਮਾਕਾ ਹੋਇਆ ਸੀ। ਅਫਗਾਨਿਸਤਾਨ ਦੇ ਗ੍ਰਹਿ ਮੰਤਰਾਲੇ ਨੇ ਕਿਹਾ ਹੈ ਕਿ ਕੋਰੋਨਾ ਵਾਇਰਸ ਲੌਕਡਾਊਨ ਕਾਰਨ ਬਹੁਤ ਘੱਟ ਲੋਕ ਨਮਾਜ਼ ਲਈ ਮਸਜਿਦ ਗਏ ਸਨ।

ਇਸ ਲਈ ਘੱਟ ਲੋਕ ਇਸ ਧਮਾਕੇ ਦਾ ਸ਼ਿਕਾਰ ਹੋਏ ਹਨ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਸਥਾਨਕ ਪੁਲਿਸ ਅਤੇ ਬੰਬ ਨਿਪਟਾਰਾ ਦਸਤੇ ਮੌਕੇ 'ਤੇ ਪਹੁੰਚ ਗਏ। ਦੱਸਿਆ ਜਾ ਰਿਹਾ ਹੈ ਕਿ ਵਿਸਫੋਟਕ ਨੂੰ ਮਸਜਿਦ ਦੇ ਅੰਦਰ ਲੁਕੋ ਕੇ ਰੱਖਿਆ ਗਿਆ ਸੀ। 

ਇਸ ਤੋਂ ਪਹਿਲਾਂ ਦੋ ਜੂਨ ਨੂੰ ਕਾਬੁਲ ਵਿਚ ਵਜ਼ੀਰ ਅਕਬਰ ਖ਼ਾਨ ਮਸਜਿਦ ਵਿਚ ਇਕ ਆਈਈਡੀ ਵਿਸਫੋਟ ਹੋਇਆ ਸੀ, ਜਿਸ ਵਿਚ ਮਸਜਿਦ ਦੇ ਇਮਾਮ ਦੀ ਮੌਤ ਹੋ ਗਈ ਸੀ। ਹਾਲਾਂਕਿ ਇਸ ਘਟਨਾ ਦੀ ਜ਼ਿੰਮੇਵਾਰੀ ਕਿਸੇ ਵੀ ਸੰਗਠਨ ਨੇ ਨਹੀਂ ਲਈ ਸੀ।