ਅਮਰੀਕਾ ਵਿਚ ਕੋਰੋਨਾ ਨਾਲ 1.34 ਲੱਖ ਮੌਤਾਂ, ਡੋਨਾਲਡ ਟਰੰਪ ਨੇ ਪਹਿਲੀ ਵਾਰ ਪਾਇਆ ਮਾਸਕ

ਏਜੰਸੀ

ਖ਼ਬਰਾਂ, ਕੌਮਾਂਤਰੀ

ਅਮਰੀਕਾ ਵਿਚ ਕੋਰੋਨਾ ਵਾਇਰਸ ਨਾਲ 1.34 ਲੱਖ ਮੌਤਾਂ ਤੋਂ ਬਾਅਦ ਆਖਰਕਾਰ ਡੋਨਾਲਡ ਟਰੰਪ ਨੂੰ ਮਾਸਕ ਪਹਿਨਣਾ ਹੀ ਪਿਆ।

Donald Trump wears a mask for the first time in public

ਵਾਸ਼ਿੰਗਟਨ: ਅਮਰੀਕਾ ਵਿਚ ਕੋਰੋਨਾ ਵਾਇਰਸ ਨਾਲ 1.34 ਲੱਖ ਮੌਤਾਂ ਤੋਂ ਬਾਅਦ ਆਖਰਕਾਰ ਡੋਨਾਲਡ ਟਰੰਪ ਨੂੰ ਮਾਸਕ ਪਹਿਨਣਾ ਹੀ ਪਿਆ। ਕਈ ਮਹੀਨਿਆਂ ਤੱਕ ਫੇਸ ਮਾਸਕ ਲਗਾਉਣ ਤੋਂ ਇਨਕਾਰ ਕਰਦੇ ਰਹੇ ਡੋਨਾਲਡ ਟਰੰਪ ਸ਼ਨੀਵਾਰ ਨੂੰ ਪਹਿਲੀ ਵਾਰ ਨੱਕ ਅਤੇ ਮੂੰਹ ਨੂੰ ਢਕਦੇ ਦਿਖਾਈ ਦਿੱਤੇ। ਜ਼ਖਮੀ ਫੌਜੀਆਂ ਨੂੰ ਦੇਖਣ ਲਈ ਵਾਲਟਰ ਰੀਡ ਪਹੁੰਚੇ ਡੋਨਾਲਡ ਟਰੰਪ ਨੇ ਕਾਲੇ ਰੰਗ ਦਾ ਮਾਸਕ ਲਗਾਇਆ ਸੀ।

ਟਰੰਪ ਨੇ ਮਾਸਕ ਪਾਉਣ ਨੂੰ ਲੈ ਕੇ ਮੀਡੀਆ ਕਰਮੀਆਂ ਨੂੰ ਕਿਹਾ, ‘ਜਦੋ ਤੁਸੀਂ ਹਸਪਤਾਲ ਵਿਚ ਹੁੰਦੇ ਹੋ, ਖ਼ਾਸਤੌਰ ‘ਤੇ ਜਦੋਂ ਤੁਸੀਂ ਅਜਿਹੇ ਲੋਕਾਂ ਨਾਲ ਗੱਲ ਕਰ ਰਹੇ ਹੋ ਜੋ ਅਪਰੇਸ਼ਨ ਟੇਬਲ ਤੋਂ ਆਏ ਹਨ ਤਾਂ ਮਾਸਕ ਪਾਉਣਾ ਹੀ ਚੰਗਾ ਹੈ। ਮੈਂ ਕਦੀ ਮਾਸਕ ਦਾ ਵਿਰੋਧ ਨਹੀਂ ਕੀਤਾ ਪਰ ਮੇਰਾ ਮੰਨਣਾ ਹੈ ਕਿ ਸਹੀ ਸਮੇਂ ਅਤੇ ਸਥਾਨ ‘ਤੇ ਇਸ ਦੀ ਵਰਤੋਂ ਕਰਨੀ ਚਾਹੀਦੀ ਹੈ’।

ਇਸ ਤੋਂ ਪਹਿਲਾਂ ਪ੍ਰੈਸ ਕਾਨਫਰੰਸ, ਕੋਰੋਨਾ ਵਾਇਰਸ ਟਾਸਕ ਫੋਰਸ ਅਪਡੇਟ, ਰੈਲੀ ਅਤੇ ਜਨਤਾ ਨੂੰ ਸੰਬੋਧਨ ਕਰਦਿਆਂ ਟਰੰਪ ਕਦੀ ਵੀ ਮਾਸਕ ਵਿਚ ਨਜ਼ਰ ਨਹੀਂ ਆਏ। ਇਕ ਮੀਡੀਆ ਰਿਪੋਰਟ ਅਨੁਸਾਰ ਟਰੰਪ ਨੇ ਕਾਫੀ ਸਮੇਂ ਬਾਅਦ ਇਹ ਫੈਸਲਾ ਕੀਤਾ ਹੈ। ਕਈ ਮਾਹਰਾਂ ਨੇ ਰਾਸ਼ਟਰਪਤੀ ਨੂੰ ਸਲਾਹ ਦਿੱਤੀ ਕਿ ਉਹਨਾਂ ਦੇ ਮਾਸਕ ਪਹਿਨਣ ਨਾਲ ਉਹਨਾਂ ਦੇ ਸਮਰਥਕ ਵੀ ਅਜਿਹਾ ਕਰਨ ਲਈ ਉਤਸ਼ਾਹਿਤ ਹੋਣਗੇ।

ਜ਼ਿਕਰਯੋਗ ਹੈ ਕਿ ਅਮਰੀਕਾ ਦੁਨੀਆ  ਵਿਚ ਸਭ ਤੋਂ ਜ਼ਿਆਦਾ ਕੋਰੋਨਾ ਪ੍ਰਭਾਵਿਤ ਦੇਸ਼ ਹੈ। ਸ਼ੁੱਕਰਵਾਰ ਨੂੰ ਅਮਰੀਕਾ ਵਿਚ ਕਰੀਬ 69 ਹਜ਼ਾਰ ਮਾਮਲੇ ਸਾਹਮਣੇ ਆਏ। ਹੁਣ ਤੱਕ 30 ਲੱਖ ਤੋਂ ਜ਼ਿਆਦਾ ਲੋਕ ਸੰਕਰਮਿਤ ਹੋ ਚੁੱਕੇ ਹਨ ਅਤੇ 1.34 ਲੱਖ ਲੋਕ ਜਾਨ ਗਵਾ ਚੁੱਕੇ ਹਨ।

ਕੋਰੋਨਾ ਵਾਇਰਸ ਤੋਂ ਬਚਾਅ ਲਈ ਵਿਸ਼ਵ ਸਿਹਤ ਸੰਗਠਨ ਸਮੇਤ ਦੁਨੀਆ ਭਰ ਦੇ ਸਿਹਤ ਮਾਹਰ ਮਾਸਕ ਪਹਿਨਣ ਦੀ ਸਲਾਹ ਦੇ ਰਹੇ ਹਨ। ਮਾਸਕ ਤੋਂ ਇਲਾਵਾ ਸਮਾਜਕ ਦੂਰੀ, ਵਾਰ-ਵਾਰ ਹੱਥਾਂ ਨੂੰ ਸਾਬਣ ਨਾਲ ਧੋਣਾ ਜਾਂ ਸੈਨੀਟਾਈਜ਼ਰਸ ਨਾਲ ਸਫਾਈ ਕਰਨਾ ਵੀ ਮਹਾਂਮਾਰੀ ਦੀ ਚਪੇਟ ਵਿਚ ਆਉਣ ਤੋਂ ਬਚਾਉਂਦਾ ਹੈ।