ਸੀਈਓ ਨੇ ਕੀਤਾ ਖੁਲਾਸਾ, ਗੂਗਲ 'ਤੇ Idiot ਲਿਖਣ 'ਤੇ ਕਿਉਂ ਆਉਂਦੀ ਹੈ ਟਰੰਪ ਦੀ ਤਸਵੀਰ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਸੁੰਦਰ ਪਿਚਾਈ ਨੇ ਦੱਸਿਆ ਕਿ ਅਜਿਹਾ ਤਕਨੀਕੀ ਆਧਾਰ 'ਤੇ ਹੋ ਰਿਹਾ ਹੈ। ਜਾਣ ਬੁਝ ਕੇ ਡੋਨਾਲਡ ਟਰੰਪ ਦੇ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਜਾ ਰਹੀ।

Google CEO Sundar Pichai

ਵਾਸ਼ਿੰਗਟਨ, ( ਭਾਸ਼ਾ ) :  ਗੁਗਲ 'ਤੇ ਜੇਕਰ ਅੰਗਰੇਜੀ ਵਿਚ ਈਡੀਅਟ ਸ਼ਬਦ ਟਾਈਪ ਕਰ ਕੇ ਕਲਿਕ ਕੀਤਾ ਜਾਵੇ ਤਾਂ ਇਸ ਦੇ ਨਤੀਜੇ ਦੇ ਤੌਰ 'ਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਤਸਵੀਰ ਦਿਖਾਈ ਦੇਵੇਗੀ। ਅਮਰੀਕੀ ਸੰਸਦ ਮੈਂਬਰਾਂ ਵੱਲੋ ਇਸ 'ਤੇ ਇਤਰਾਜ਼ ਜਤਾਉਂਦੇ ਹੋਏ ਗੂਗਲ ਦੇ  ਸੀਈਓ ਸੁੰਦਰ ਪਿਚਾਈ ਤੋਂ ਪੁੱਛਿਆ ਕਿ ਆਖਰ ਈਡੀਅਟ ਲਿਖਣ 'ਤੇ ਡੋਨਾਲਡ ਟਰੰਪ ਦੀ ਤਸਵੀਰ ਕਿਉਂ ਆਉਂਦੀ ਹੈ। ਸੁੰਦਰ ਪਿਚਾਈ ਨੇ ਦੱਸਿਆ ਕਿ ਅਜਿਹਾ ਤਕਨੀਕੀ ਆਧਾਰ 'ਤੇ ਹੋ ਰਿਹਾ ਹੈ। ਜਾਣ ਬੁਝ ਕੇ ਡੋਨਾਲਡ ਟਰੰਪ ਦੇ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਜਾ ਰਹੀ।

ਇਸ ਵਿਚ ਕੋਈ ਮਨੁੱਖੀ ਦਖਲਅੰਦਾਜ਼ੀ ਨਹੀਂ ਕੀਤੀ ਗਈ ਹੈ। ਪਿਚਾਈ ਨੇ ਦੱਸਿਆ ਕਿ ਗੂਗਲ ਸਰਚ ਵਿਚ ਜਦ ਕੋਈ ਯੂਜਰ ਕੀਵਰਡ ਪਾਉਂਦਾ ਹੈ ਤਾਂ ਉਹ ਐਲਗੋਰਿਥਮ ਦੇ ਆਧਾਰ 'ਤੇ ਉਸ ਵੈਬਪੇਜ ਅਤੇ ਤਸਵੀਰ ਨੂੰ ਲਭਦਾ ਹੈ। ਉਹਨਾਂ ਦੱਸਿਆ ਕਿ ਗੂਗਲ ਸਰਚ ਇੰਜਣ ਨੂੰ ਇਸ ਤਰ੍ਹਾਂ ਬਣਾਇਆ ਗਿਆ ਹੈ ਕਿ ਜਦ ਕਿਸੇ ਸ਼ਬਦ ਦੀ ਵਾਰ-ਵਾਰ ਖੋਜ ਕੀਤੀ ਜਾਂਦੀ ਹੈ ਤਾਂ ਉਹ ਉਸ ਕੀਵਰਡ ਨੂੰ ਲੋਕਾਂ ਦੀ ਪੰਸਦ ਦੀ ਸ਼੍ਰੇਣੀ ਵਿਚ ਸ਼ਾਮਲ ਕਰ ਲੈਂਦਾ ਹੈ। ਪਰ ਅਮਰੀਕੀ ਕਾਂਗਰਸਮੈਨ ਜੋ ਲੋਫਗ੍ਰੇਨ ਪਿਚਾਈ ਦੇ ਇਸ ਜਵਾਬ ਨਾਲ ਸਤੁੰਸ਼ਟ ਨਹੀਂ ਹੋਏ।

ਉਹਨਾਂ ਕਿਹਾ ਕਿ ਇਸ ਦਾ ਮਤਲਬ ਇਹ ਹੋਇਆ ਕਿ ਪਰਦੇ ਦੇ ਪਿੱਛੇ ਬੈਠ ਕੇ ਕੋਈ ਕੁਝ ਵੀ ਡਿਜ਼ਾਈਨ ਕਰਦਾ ਰਹੇ? ਦੱਸ ਦਈਏ ਕਿ ਪਹਿਲਾਂ ਖਬਰ ਆਈ ਸੀ ਕਿ ਟਰੰਪ ਗੂਗਲ ਸਰਚ ਵਿਚ ਅਮਰੀਕੀ ਰਾਸ਼ਟਰਪਤੀ ਦੀ ਗਲਤ ਸ਼ਖਸੀਅਤ ਬਣਾਉਣ 'ਤੇ ਕੰਪਨੀ ਵਿਰੁਧ ਕਾਰਵਾਈ ਕਰ ਸਕਦੇ ਹਨ। ਟਰੰਪ ਨੇ ਇਸ ਦੇ ਲਈ ਗੂਗਲ ਨੂੰ ਜਿੰਮ੍ਹੇਵਾਰ ਠਹਿਰਾਇਆ ਸੀ।

ਜ਼ਿਕਰਯੋਗ ਹੈ ਕਿ ਗੂਗਲ 'ਤੇ ਇਮੇਜ ਸਰਚ ਵਿਚ ਈਡੀਅਟ ਟਾਈਪ ਕਰਨ 'ਤੇ ਜੋ ਤਸਵੀਰ ਦਿਖਾਈ ਦਿੰਦੀ ਹੈ ਉਹ ਬੇਬੀਸਿਪਟਲ ਬਲਾਗ ਸਾਈਟ ਦੀ ਹੈ। ਇਸ ਤੇ ਡੋਨਾਲਡ ਟਰੰਪ ਨੂੰ ਬਾਰ-ਬਾਰ ਈਡੀਅਟ ਕਿਹਾ ਗਿਆ ਹੈ। ਇਸ ਬਲਾਗ ਸਾਈਟ ਨੇ ਡੋਨਾਲਡ ਟਰੰਪ ਵਿਰੁਧ ਕਈ ਲੇਖ ਲਿਖੇ ਹਨ।