ਆਸਟ੍ਰੇਲੀਆ 'ਚ ਰਾਖ ਹੋਏ ਜੰਗਲ, ਜਿੰਨੀ ਵੱਡੀ ਤ੍ਰਾਸਦੀ ਓਨੀ ਵੱਡੀ ਸੇਵਾ ਦੀ ਮਿਸਾਲ

ਏਜੰਸੀ

ਖ਼ਬਰਾਂ, ਕੌਮਾਂਤਰੀ

33,000 ਲੋਕ ਆਏ ਅੱਗੇ

Photo

ਸਿਡਨੀ: ਆਸਟ੍ਰੇਲੀਆ ਦੇ ਜੰਗਲਾਂ ਵਿਚ 136 ਥਾਵਾਂ ‘ਤੇ ਲੱਗੀ ਭਿਆਨਕ ਅੱਗ ਨਾਲ 1.4 ਕਰੋੜ ਹੈਕਟੇਅਰ ਇਲਾਕਾ ਸੜ ਕੇ ਰਾਖ ਹੋ ਚੁੱਕਾ ਹੈ। 100 ਕਰੋੜ ਤੋਂ ਜ਼ਿਆਦਾ ਜੰਗਲੀ ਜਾਨਵਰਾਂ ਦੀ ਮੌਤ ਹੋ ਚੁੱਕੀ ਹੈ। ਦੋ ਹਜ਼ਾਰ ਤੋਂ ਜ਼ਿਆਦਾ ਘਰ ਜਲ ਗਏ ਹਨ। 26 ਲੋਕਾਂ ਦੀ ਮੌਤ ਹੋਈ ਹੈ।

ਜਿੰਨੀ ਵੱਡੀ ਇਹ ਤ੍ਰਾਸਦੀ ਹੈ, ਲੋਕਾਂ ਨੇ ਮਦਦ ਦੀਆਂ ਓਨੀਆਂ ਹੀ ਮਿਸਾਲਾਂ ਪੇਸ਼ ਕੀਤੀਆਂ ਹਨ। ਹਰ ਵਿਅਕਤੀ ਜੰਗਲੀ ਜਾਨਵਰਾਂ ਨੂੰ ਬਚਾਉਣ ਲਈ ਯੋਗਦਾਨ ਪਾ ਰਿਹਾ ਹੈ। ਹੁਣ ਤੱਕ ਦੁਨੀਆਂ ਭਰ ਦੇ ਲੋਕ ਇਕ ਹਜ਼ਾਰ ਕਰੋੜ ਰੁਪਏ ਦਾਨ ਕਰ ਚੁੱਕੇ ਹਨ। ਲੋਕ ਰਾਸ਼ਨ, ਪਾਣੀ, ਕੱਪੜੇ, ਜੁੱਤੀਆਂ, ਦਵਾਈਆਂ ਆਦਿ ਰੋਜ਼ਾਨਾ ਜ਼ਿੰਦਗੀ ਵਿਚ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਭੇਜ ਰਹੇ ਹਨ।

ਅਜਿਹੇ ਸਮਾਨਾਂ ਨਾਲ ਫਾਇਰ ਸਟੇਸ਼ਨ, ਕਮਿਊਨਿਟੀ ਹਾਲ, ਫੁੱਟਬਾਲ ਗਰਾਊਂਡ ਅਤੇ ਕਲੱਬ ਭਰ ਗਏ ਹਨ। ਦੁਨੀਆਂ ਭਰ ਤੋਂ 33 ਹਜ਼ਾਰ ਵਲੰਟੀਅਰ ਮਦਦ ਲਈ ਪਹੁੰਚੇ ਹਨ। ਨਾਰਥ ਵਿਕਟੋਰੀਆ ਦੀ ਮਹਿਲਾ ਫਾਇਰ ਫਾਈਟਰ ਦੀਆਂ 100 ਤੋਂ ਜ਼ਿਆਦਾ ਔਰਤਾਂ ਦਾ ਸਮੂਹ ਰਾਤ-ਦਿਨ ਅੱਗ ਨੂੰ ਬੁਝਾਉਣ ਲਈ ਕੰਮ ਕਰ ਰਿਹਾ ਹੈ।

ਦੁਨੀਆਂ ਵਿਚ ਕ੍ਰੋਕੋਡਾਈਲ ਮੈਨ ਦੇ ਨਾਂਅ ਨਾਲ ਮਸ਼ਹੂਰ ਸਟੀਵ ਇਰਵਿਨ ਦਾ ਪਰਿਵਾਰ ਵੀ ਇਸ ਮੁਹਿੰਮ ਵਿਚ ਹਿੱਸਾ ਪਾ ਰਿਹਾ ਹੈ। ਸਟੀਵ ਦੀ ਪਤਨੀ ਟੈਰੀ, 21 ਸਾਲ ਦੀ ਲੜਕੀ ਬਿੰਡੀ ਅਤੇ 16 ਸਾਲ ਦਾ ਲੜਕਾ ਰਾਬਰਟ ਜੰਗਲੀ ਜਾਨਵਰਾਂ ਦੀ ਸੇਵਾ ਵਿਚ ਲੱਗੇ ਹਨ।

ਆਸਟ੍ਰੇਲੀਆਈ ਕਾਮੇਡੀਅਨ ਸੇਲੇਸਟ ਬਾਰਬਰ ਨੇ 50 ਮਿਲੀਅਨ ਡਾਲਰ (355 ਕਰੋੜ ਰੁਪਏ) ਦਿੱਤੇ ਹਨ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਨਿਊ ਸਾਊਥ ਵੇਲਜ਼ ਦੇ ਜੰਗਲਾਂ ਵਿਚ ਭਿਆਨਕ ਅੱਗ ਲੱਗੀ ਸੀ। ਇਸ ਅੱਗ ਵਿਚ ਕਰੀਬ 50 ਕਰੋੜ ਜਾਨਵਰਾਂ ਦੀ ਮੌਤ ਹੋ ਗਈ ਹੈ। ਇਸ ਵਿਚ ਹਜ਼ਾਰਾਂ ਕੋਆਲਾ ਜਾਨਵਰਾਂ ਦੀ ਵੀ ਮੌਤ ਹੋਈ ਹੈ।

ਇਕ ਰਿਪੋਰਟ ਮੁਤਾਬਕ ਯੂਨੀਵਰਸਿਟੀ ਆਫ ਸਿਡਨੀ ਦੇ ਵਾਤਾਵਰਣ ਸ਼ਾਸਤਰੀ ਦਾ ਅਨੁਮਾਨ ਹੈ ਕਿ 480 ਮਿਲੀਅਨ (ਕਰੀਬ 48 ਕਰੋੜ) ਪਸ਼ੂਆਂ, ਪੱਛੀਆਂ, ਰੇਂਗਣ ਵਾਲੇ ਜੀਵਾਂ ਦੀ ਮੌਤ ਹੋਈ ਹੈ। ਵੱਡੀ ਗਿਣਤੀ ਵਿਚ ਜਾਨਵਰਾਂ ਦੀ ਮੌਤ ਅਤੇ ਹੋਰ ਕਈ ਤਰ੍ਹਾਂ ਦੇ ਨੁਕਸਾਨ ਨੂੰ ਲੈ ਕੇ ਲੋਕ ਸੜਕਾਂ ‘ਤੇ ਸਰਕਾਰ ਖਿਲਾਫ਼ ਪ੍ਰਦਰਸ਼ਨ ਕਰ ਰਹੇ ਹਨ।