ਅੱਗ 'ਚ ਫਸੇ ਜਾਨਵਰਾਂ ਲਈ ਖਾਣਾ ਪਹੁੰਚਾਉਣ ਦੇ ਤਰੀਕੇ ਨੇ ਜਿੱਤਿਆ ਲੋਕਾਂ ਦਾ ਦਿਲ, ਦੇਖੋ ਤਸਵੀਰਾਂ

ਏਜੰਸੀ

ਖ਼ਬਰਾਂ, ਕੌਮਾਂਤਰੀ

ਅੱਗ ਵਿਚ ਫਸੇ ਜਾਨਵਰਾਂ ਤੱਕ ਖਾਣਾ ਪਹੁੰਚਾਉਣ ਵਾਲੇ ਇਕ ਵੀਡੀਓ ਨੇ ਸਭ ਦਾ ਦਿਲ ਜਿੱਤ ਲਿਆ ਹੈ।

Photo

ਨਵੀਂ ਦਿੱਲੀ: ਆਸਟ੍ਰੇਲੀਆ ਦੇ ਜੰਗਲਾਂ ਵਿਚ ਲੱਗੀ ਅੱਗ ਨਾਲ ਲੱਖਾਂ ਜਾਨਵਰਾਂ ਦੀ ਮੌਤ ਹੋ ਚੁੱਕੀ ਹੈ। ਬਚਾਅ ਕਾਰਜ ਜਾਰੀ ਹੈ ਪਰ ਅੱਗ ‘ਤੇ ਜ਼ਿਆਦਾ ਕਾਬੂ ਨਹੀਂ ਪਾਇਆ ਜਾ ਸਕਿਆ ਹੈ। ਵੱਡੀ ਗਿਣਤੀ ਵਿਚ ਜਾਨਵਰਾਂ ਦੀ ਮੌਤ ਅਤੇ ਹੋਰ ਕਈ ਤਰ੍ਹਾਂ ਦੇ ਨੁਕਸਾਨ ਨੂੰ ਲੈ ਕੇ ਲੋਕ ਸੜਕਾਂ ‘ਤੇ ਸਰਕਾਰ ਖਿਲਾਫ਼ ਪ੍ਰਦਰਸ਼ਨ ਕਰ ਰਹੇ ਹਨ।

ਇਸੇ ਦੌਰਾਨ ਅੱਗ ਵਿਚ ਫਸੇ ਜਾਨਵਰਾਂ ਤੱਕ ਖਾਣਾ ਪਹੁੰਚਾਉਣ ਵਾਲੇ ਇਕ ਵੀਡੀਓ ਨੇ ਸਭ ਦਾ ਦਿਲ ਜਿੱਤ ਲਿਆ ਹੈ। ਮੌਸਮ ਵਿਚ ਤਬਦੀਲੀ ਨੂੰ ਲੈ ਕੇ ਸਰਕਾਰ ਵਿਚ ਗੰਭੀਰਤਾ ਦੀ ਕਮੀ ਦਾ ਆਰੋਪ ਲਗਾਉਂਦੇ ਹੋਏ ਜਦੋਂ ਨਿਊ ਸਾਊਥ ਵੇਲਜ਼ ਵਿਚ ਸੜਕਾਂ ‘ਤੇ ਉਤਰ ਆਏ ਤਾਂ ਉੱਥੋਂ ਦੀ ਸਰਕਾਰ ਨੇ ਇਕ ਸ਼ਲਾਘਾਯੋਗ ਕਦਮ ਚੁੱਕਿਆ।

ਨਿਊ ਸਾਊਥ ਵੇਲਜ਼ ਦੇ ਊਰਜਾ ਅਤੇ ਵਾਤਾਵਰਨ ਮੰਤਰੀ ਨੇ  “Rock Wallaby” ਨਾਂਅ ਦਾ ਇਕ ਆਪਰੇਸ਼ਨ ਲਾਂਚ ਕੀਤਾ ਹੈ। ਇਸ ਵਿਚ ਕਈ ਹੈਲੀਕਾਪਟਰਾਂ ਨਾਲ ਅੱਗ ਵਿਚ ਫਸੇ ਭੁੱਖੇ ਜਾਨਵਰਾਂ ਲਈ ਸਬਜ਼ੀ ਅਤੇ ਖਾਣਾ ਪਹੁੰਚਾਇਆ ਜਾ ਰਿਹਾ ਹੈ। ਇਸ ਆਪਰੇਸ਼ਨ ਦੀ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਜੰਗਲ ਦੀ ਅੱਗ ਨਾਲ ਬਰਬਾਦ ਹੋਏ ਇਲਾਕਿਆਂ ਵਿਚ ਹੈਲੀਕਾਪਟਰ ਨਾਲ ਸ਼ਕਰਕੰਦ ਅਤੇ ਗਾਜਰ ਨੂੰ ਸੁੱਟਿਆ ਜਾਂਦਾ ਹੈ। ਇਸੇ ਵੀਡੀਓ ਵਿਚ ਕੁਝ ਭੁੱਖੇ ਜਾਨਵਰਾਂ ਨੂੰ ਖਾਣਾ ਖਾਂਦੇ ਹੋਏ ਵੀ ਦੇਖਿਆ ਗਿਆ ਹੈ।

ਮੀਡੀਆ ਰਿਪੋਰਟਾਂ ਮੁਤਾਬਕ ਸਰਕਾਰ ਹਾਲੇ ਤੱਕ 2,200 ਕਿਲੋ ਸਬਜ਼ੀ ਕੇਪਰਟ੍ਰੀ ਅਤੇ ਵੋਲਗਨ ਵੈਲੀ, ਯੇਂਗੋ ਨੇਸ਼ਨਲ ਪਾਰਕ, ਕੰਗਾਰੂ ਵੈਲੀ ਵਿਚ ਅਤੇ ਜ਼ੇਨੋਲਾਨ, ਓਕਸਲੇ ਵਾਈਲਡ ਰੀਵਰ ਇਲਾਕਿਆਂ ਦੇ ਕੋਲ ਸੁੱਟੀ ਜਾ ਚੁੱਕੀ ਹੈ। ਨਿਊ ਸਾਊਥ ਵੇਲਜ਼ ਦੇ ਵਾਤਾਵਰਨ ਮੰਤਰੀ ਮੈਟ ਕੀਨ ਨੇ ਮੀਡੀਆ ਨੂੰ ਦੱਸਿਆ ਕਿ ਅੱਗ ਨਾਲ ਹੋਏ ਨੁਕਸਾਨ ਕਾਰਨ ਜਾਨਵਰਾਂ ਲਈ ਬਹੁਤ ਸੀਮਤ ਖਾਣਾ ਹੀ ਬਚਿਆ ਸੀ।

ਸਰਕਾਰ ਦੇ ਇਸ ਕਦਮ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਸ਼ਲਾਘਾ ਮਿਲ ਰਹੀ ਹੈ। ਇਸ ਦੇ ਨਾਲ ਹੀ ਕਈ ਲੋਕਾਂ ਨੇ ਹਵਾ ਵਿਚੋਂ ਸੁੱਟੀਆਂ ਜਾ ਰਹੀਆਂ ਸਬਜ਼ੀਆਂ ਨਾਲ ਜਾਨਵਰਾਂ ਨੂੰ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਸੰਭਾਵਨਾ ਨੂੰ ਲੈ ਕੇ ਵੀ ਚਿੰਤਾ ਜ਼ਾਹਿਰ ਕੀਤੀ ਹੈ।

ਜ਼ਿਕਰਯੋਗ ਹੈ ਕਿ ਨਿਊ ਸਾਊਥ ਵੇਲਜ਼ ਦੇ ਜੰਗਲਾਂ ਵਿਚ ਭਿਆਨਕ ਅੱਗ ਲੱਗੀ ਹੈ। ਇਸ ਅੱਗ ਵਿਚ ਕਰੀਬ 50 ਕਰੋੜ ਜਾਨਵਰਾਂ ਦੀ ਮੌਤ ਹੋ ਗਈ ਹੈ। ਇਸ ਵਿਚ ਹਜ਼ਾਰਾਂ ਕੋਆਲਾ ਜਾਨਵਰਾਂ ਦੀ ਵੀ ਮੌਤ ਹੋਈ ਹੈ। ਇਕ ਰਿਪੋਰਟ ਮੁਤਾਬਕ ਯੂਨੀਵਰਸਿਟੀ ਆਫ ਸਿਡਨੀ ਦੇ ਵਾਤਾਵਰਣ ਸ਼ਾਸਤਰੀ ਦਾ ਅਨੁਮਾਨ ਹੈ ਕਿ 480 ਮਿਲੀਅਨ (ਕਰੀਬ 48 ਕਰੋੜ) ਪਸ਼ੂਆਂ, ਪੱਛੀਆਂ, ਰੇਂਗਣ ਵਾਲੇ ਜੀਵਾਂ ਦੀ ਮੌਤ ਹੋਈ ਹੈ।