ਯੂਟਿਊਬ 'ਤੇ ਛਾਇਆ ਬ੍ਰਿਟਿਸ਼ ਸਿੱਖ ਬੱਸ ਡਰਾਈਵਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਲੋਕਾਂ ਨੂੰ ਪਸੰਦ ਆ ਰਿਹਾ ਹੈ ਸੰਗੀਤਕ ਵੀਡੀਓ 

Image

 

ਲੰਡਨ - ਇੱਕ ਬ੍ਰਿਟਿਸ਼ ਸਿੱਖ ਬੱਸ ਡਰਾਈਵਰ ਨੇ ਆਪਣੇ ਕੰਮ ਨਾਲ ਸੰਬੰਧਿਤ ਦਿਲ ਨੂੰ ਛੂਹ ਲੈਣ ਵਾਲਾ ਭੰਗੜੇ ਵਾਲਾ ਗੀਤ ਬਣਾ ਕੇ ਯੂ-ਟਿਊਬ 'ਤੇ ਚਰਚੇ ਛੇੜ ਦਿੱਤੇ ਹਨ। 'ਬੱਸ ਡਰਾਈਵਰ' ਨਾਂਅ ਦਾ ਇਹ ਸੰਗੀਤ ਵੀਡੀਓ ਵਾਇਰਲ ਹੋ ਗਿਆ ਹੈ ਅਤੇ ਲੋਕਾਂ ਵੱਲੋਂ ਵਿਆਪਕ ਤੌਰ 'ਤੇ ਸਾਂਝਾ ਕੀਤਾ ਜਾ ਰਿਹਾ ਹੈ।

ਭਾਰਤ ਵਿੱਚ ਜਨਮੇ ਰਣਜੀਤ ਸਿੰਘ ਵੀਰ (59), ਵੈਸਟ ਬਰੋਮਵਿਚ ਵਿੱਚ ਨੈਸ਼ਨਲ ਐਕਸਪ੍ਰੈਸ ਵੈਸਟ ਮਿਡਲੈਂਡਜ਼ ਦੇ ਡਿਪੂ ਵਿੱਚ ਡਿਊਟੀ ਨਿਭਾਉਂਦੇ ਹਨ। ਡਰਾਈਵਿੰਗ ਅਤੇ ਗਾਇਕੀ ਪ੍ਰਤੀ ਆਪਣੇ ਪਿਆਰ ਦਾ ਪ੍ਰਗਟਾਵਾ ਕਰਦੇ ਹੋਏ, ਉਨ੍ਹਾਂ ਯੂਟਿਊਬ 'ਤੇ ਇੱਕ ਹਿੱਟ ਹੋਣ ਵਾਲਾ ਗੀਤ ਪਾਇਆ, ਜਿਸ ਦੇ ਫ਼ਿਲਮਾਂਕਣ 'ਚ ਉਨ੍ਹਾਂ ਆਪਣੇ ਬਹੁਤ ਸਾਰੇ ਬੱਸ ਡਰਾਈਵਰ ਸਾਥੀਆਂ ਨੂੰ ਵੀ ਪੇਸ਼ ਕੀਤਾ। 

ਇਹ ਵੀਡੀਓ ਉਨ੍ਹਾਂ ਦੇ ਜੱਦੀ ਪਿੰਡ, ਲੁਧਿਆਣਾ ਦੇ ਲੁਬਾਨਗੜ੍ਹ ਵਿਖੇ ਪਰਿਵਾਰ ਅਤੇ ਦੋਸਤਾਂ ਨਾਲ ਸਾਂਝਾ ਕੀਤਾ ਗਿਆ ਹੈ। ਇਸ ਗੀਤ 'ਚ ਉਹ ਜ਼ਿਕਰ ਕਰਦੇ ਹਨ ਕਿ ਉਹ ਆਪਣੇ ਕੰਮ ਨੂੰ ਕਿੰਨਾ ਪਿਆਰ ਕਰਦੇ ਹਨ, ਅਤੇ ਯੂ.ਕੇ. ਵਿੱਚ ਵੱਖੋ-ਵੱਖ ਧਰਮਾਂ ਦੇ 'ਵੀਰਾਂ ਤੇ ਭੈਣਾਂ' ਨਾਲ ਕੰਮ ਕਰਦੇ ਹਨ। 

ਵੀਡੀਓ ਵਿੱਚ ਦਿਖਾਈ ਦਿੰਦਾ ਹੈ ਕਿ ਵੀਰ ਕੰਮ ਲਈ ਤਿਆਰ ਹੁੰਦੇ ਹਨ ਅਤੇ ਕੈਂਟੀਨ ਵਿੱਚ ਸਾਥੀਆਂ ਨਾਲ ਗੱਲਬਾਤ ਕਰਦੇ ਹਨ। ਇਸ ਤੋਂ ਬਾਅਦ ਉਹ ਬੱਸ ਡਿਪੂ ਵਿੱਚ ਖੜ੍ਹੀਆਂ ਬੱਸਾਂ ਕੋਲ ਖੜ੍ਹ ਕੇ ਭੰਗੜਾ ਪਾਉਂਦੇ ਹਨ। 

ਗੀਤ 'ਚ ਵਰਨਣ ਕੀਤਾ ਗਿਆ ਹੈ ਕਿ ਉਹ ਕਿਵੇਂ ਇੱਕ ਦੂਜੇ ਦੀ ਮਦਦ ਕਰਦੇ ਹਨ ਅਤੇ ਸਿਹਤ ਅਤੇ ਸੁਰੱਖਿਆ ਉਨ੍ਹਾਂ ਸਾਰਿਆਂ ਲਈ ਇੱਕ ਤਰਜੀਹ ਹੈ।

ਗੀਤ 'ਚ ਵੀਰ ਗਾਉਂਦੇ ਹਨ ਕਿ ਹੋਰਨਾਂ ਸੱਭਿਆਚਾਰਾਂ ਨਾਲ ਸੰਬੰਧਿਤ ਲੋਕ ਸਾਨੂੰ ਭਾਅ ਜੀ ਤੇ ਸਤਿ ਸ੍ਰੀ ਅਕਾਲ ਕਹਿ ਕੇ ਸਾਡਾ ਸਤਿਕਾਰ ਕਰਦੇ ਹਨ, ਅਤੇ ਉਹ ਕਹਿੰਦੇ ਹਨ ਕਿ  ਯੂ.ਕੇ. ਵਿੱਚ ਭੈਣਾਂ ਵੀ ਬੱਸਾਂ ਚਲਾਉਂਦੀਆਂ ਹਨ। 

ਇੱਕ ਹਫ਼ਤੇ 'ਚ ਸ਼ੂਟ ਹੋਏ ਇਸ ਵੀਡੀਓ ਵਿੱਚ ਵੀਰ ਨੇ ਆਪਣੇ ਕੰਮ ਪ੍ਰਤੀ ਆਪਣੇ ਪਿਆਰ ਅਤੇ ਆਪਣੇ ਸਾਥੀਆਂ ਦੀ ਵੰਨ-ਸੁਵੰਨਤਾ ਪ੍ਰਤੀ ਉਤਸ਼ਾਹ ਦਾ ਪ੍ਰਗਟਾਵਾ ਕੀਤਾ ਹੈ। 

ਰਿਲੀਜ਼ ਹੋਣ ਤੋਂ ਬਾਅਦ, ਇਸ ਵੀਡੀਓ ਨੂੰ 67,000 ਤੋਂ ਵੱਧ ਵਾਰ ਦੇਖਿਆ ਜਾ ਚੁੱਕਿਆ ਹੈ ਅਤੇ ਸੋਸ਼ਲ ਮੀਡੀਆ 'ਤੇ ਇਸ ਦੀ ਪ੍ਰਸ਼ੰਸਾ ਵਿੱਚ ਬਹੁਤ ਸਾਰੀਆਂ ਟਿੱਪਣੀਆਂ ਆਈਆਂ ਹਨ। 

ਇਹ ਪੁੱਛੇ ਜਾਣ 'ਤੇ ਕਿ ਉਹ ਵੀਡੀਓ ਕਿਉਂ ਬਣਾਉਣਾ ਚਾਹੁੰਦੇ ਹਨ, ਵੀਰ ਨੇ ਕਿਹਾ, "ਡਰਾਈਵਿੰਗ ਅਤੇ ਗਾਉਣਾ ਦੋਵੇਂ ਮੇਰੇ ਸ਼ੌਕ ਹਨ, ਇਸ ਲਈ ਮੈਂ ਦੋਵਾਂ ਨੂੰ ਇਕੱਠਾ ਕਰਨਾ ਚਾਹੁੰਦਾ ਸੀ। ਮੈਂ ਸੋਚਿਆ ਕਿ ਆਪਣੇ ਪਿੰਡ ਵਸਦੇ ਪਰਿਵਾਰ ਨੂੰ ਦਿਖਾਉਣ ਲਈ ਵੀਡੀਓ ਤੋਂ ਵਧੀਆ ਹੋਰ ਕੋਈ ਤਰੀਕਾ ਨਹੀਂ ਸੀ ਕਿ ਮੈਂ ਰੋਜ਼ੀ-ਰੋਟੀ ਕਿਵੇਂ ਕਮਾਉਂਦਾ ਹਾਂ। ਨੈਸ਼ਨਲ ਐਕਸਪ੍ਰੈਸ ਵੈਸਟ ਮਿਡਲੈਂਡਜ਼ ਵਿੱਚ ਮੈਂ 13 ਸਾਲਾਂ ਤੋਂ ਕੰਮ ਕਰ ਰਿਹਾ ਹਾਂ, ਅਤੇ ਜੋ ਮੈਂ ਕਰਦਾ ਹਾਂ ਉਸ 'ਤੇ ਮੈਨੂੰ ਬਹੁਤ ਮਾਣ ਹੈ। ਇੱਥੇ ਇੱਕ ਅਟੁੱਟ ਟੀਮ ਭਾਵਨਾ ਹੈ ਅਤੇ ਮੈਂ ਕੁਝ ਅਜਿਹਾ ਕਰਨਾ ਚਾਹੁੰਦਾ ਸੀ ਜਿਸ ਨਾਲ ਸਾਡੇ ਵੈਸਟ ਬ੍ਰੋਮਵਿਚ ਡਿਪੂ ਵਿੱਚ ਸਾਡੇ ਕੋਲ ਮੌਜੂਦ ਬਹੁਤ ਸਾਰੇ ਵੱਖ-ਵੱਖ ਭਾਈਚਾਰਿਆਂ ਬਾਰੇ ਵੀ ਪਤਾ ਲੱਗੇ ਕਿ ਅਸੀਂ ਸਾਰੇ ਇੱਕ ਟੀਮ ਵਜੋਂ ਕਿਵੇਂ ਕੰਮ ਕਰਦੇ ਹਾਂ।

ਨੈਸ਼ਨਲ ਐਕਸਪ੍ਰੈਸ ਵੈਸਟ ਮਿਡਲੈਂਡਜ਼ ਦੇ ਮੈਨੇਜਿੰਗ ਡਾਇਰੈਕਟਰ, ਡੇਵਿਡ ਬ੍ਰੈਡਫੋਰਡ ਨੇ ਕਿਹਾ, "ਦਰਅਸਲ ਸਾਡਾ ਸਟਾਫ਼ ਸਾਡੀ ਸਭ ਤੋਂ ਵੱਡੀ ਸੰਪੱਤੀ ਹੈ। ਉਹ ਸਾਰੇ ਸਾਡੇ ਗਾਹਕਾਂ ਦੀ ਆਵਾਜਾਈ ਲਈ ਸਖ਼ਤ ਮਿਹਨਤ ਕਰਦੇ ਹਨ, ਅਤੇ ਆਪਣੀ ਜ਼ਿੰਮੇਵਾਰੀ ਪ੍ਰਤੀ ਉਨ੍ਹਾਂ ਸਭ ਦਾ ਉਤਸ਼ਾਹ ਦੇਖ ਕੇ ਬੜਾ ਚੰਗਾ ਲੱਗਦਾ ਹੈ। ਵੈਸਟ ਬਰੋਮਵਿਚ ਵਿੱਚ ਸਾਡੇ ਸਾਰਿਆਂ ਦੇ ਚਿਹਰਿਆਂ 'ਤੇ ਮੁਸਕਾਨ ਲਿਆਉਣ ਲਈ ਰਣਜੀਤ ਅਤੇ ਪੂਰੀ ਟੀਮ ਦਾ ਧੰਨਵਾਦ।''